ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਯੂਨੀਵਰਸਿਟੀ ਦੇ ਪਲੇਸਮੈਂਟ ਅਤੇ ਕਰੀਅਰ ਇਨਹਾਂਸਮੈਂਟ ਵਿਭਾਗ ਰਾਹੀਂ ਯੂਨੀਵਰਸਿਟੀ ਵਿਖੇ ਵੱਡੀ ਬਹੁ-ਰਾਸ਼ਟਰੀ ਆਈਟੀ ਕੰਪਨੀ ਐਕਸੈਂਚਰ ਵਲੋਂ ਕੈਂਪਸ ਪਲੇਸਮੈਂਟ ਡਰਾਈਵ ਦੌਰਾਨ ਯੂਨੀਵਰਸਿਟੀ ਦੇ ਬੀ.ਟੈਕ. ਅਤੇ ਐਮ.ਸੀ.ਏ. ਦੇ 2024 ਬੈਚ ਦੇ 33 ਵਿਦਿਆਰਥੀਆਂ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ।
ਇਸ ਪਲੇਸਮੈਂਟ ਡਰਾਈਵ ਦੌਰਾਨ ਐਕਸੇਂਚਰ ਨੇ ਬੀ.ਟੈਕ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਦੇ ਔਨਲਾਈਨ ਟੈਸਟ, ਤਕਨੀਕੀ ਅਤੇ ਐਚ.ਆਰ ਇੰਟਰਵਿਊ ਕਰਵਾਏ ਜਿਸ ਵਿਚ ਬੀ.ਟੈਕ. ਕੰਪਿਊਟਰ ਸਾਇੰਸ, ਬੀ.ਟੈਕ. ਕੰਪਿਊਟਰ ਇੰਜੀ., ਬੀ.ਟੈਕ.-ਇਲੈਕਟ੍ਰੋਨਿਕਸ, ਬੀ.ਟੈਕ. ਇਲੈਕਟ੍ਰਾਨਿਕਸ ਅਤੇ ਕੰਪਿਊਟਰ ਇੰਜੀ., ਅਤੇ ਐਮ.ਸੀ.ਏ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਐਕਸੈਂਚਰ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਐਡਵਾਂਸਡ ਏ.ਐਸ.ਈ. ਪ੍ਰੋਫਾਈਲ ਲਈ 6.50- 4.50 ਲ਼ੱਖ ਪ੍ਰਤੀ ਸਾਲ ਦੇ ਤਨਖਾਹ ਪੈਕੇਜ ਦੀ ਪੇਸ਼ਕਸ਼ ਕੀਤੀ।ਇਹ ਵਿਦਿਆਰਥੀ ਮੁੱਖ ਕੈਂਪਸ ਅੰਮ੍ਰਿਤਸਰ ਦੇ ਨਾਲ-ਨਾਲ ਖੇਤਰੀ ਕੈਂਪਸਾਂ ਨਾਲ ਵੀ ਸਬੰਧਤ ਹਨ।
ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਇਸ ਪ੍ਰਾਪਤੀ `ਤੇ ਵਧਾਈ ਦਿੰਦਿਆਂ ਪਲੇਸਮੈਂਟ ਅਤੇ ਕਰੀਅਰ ਇਨਹਾਂਸਮੈਂਟ ਡਾਇਰੈਕਟੋਰੇਟ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਕਾਰਪੋਰੇਟ ਜਗਤ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਮੰਗ ਆਪਣੇ ਆਪ ਵਿੱਚ ਯੂਨੀਵਰਸਿਟੀ ਵਿਖੇ ਉਪਲੱਬਧ ਮਿਆਰੀ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦੀ ਹਾਮੀ ਭਰਦੀ ਹੈ।
ਡੀਨ ਅਕਾਦਮਿਕ ਮਾਮਲੇ ਪ੍ਰੋ. ਸਰਬਜੋਤ ਸਿੰਘ ਬਹਿਲ, ਰਜਿਸਟਰਾਰ ਡਾ. ਕਰਨਜੀਤ ਸਿੰਘ ਕਾਹਲੋਂ ਅਤੇ ਡੀਨ ਵਿਦਿਆਰਥੀ ਭਲਾਈ ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਵਿਦਿਆਰਥੀਆਂ ਦੀ ਵਧਾਈ ਦਿੰਦਿਆਂ ਭਵਿੱਖ ਵਿਚ ਉਨਤੀ ਕਰਨ ਦੀ ਕਾਮਨਾ ਕੀਤੀ ਹੈ।,
ਡਾ. ਅਮਿਤ ਚੋਪੜਾ, ਡਾਇਰੈਕਟਰ, ਪਲੇਸਮੈਂਟ ਅਤੇ ਕਰੀਅਰ ਐਨਹਾਂਸਮੈਂਟ ਡਾਇਰੈਕਟੋਰੇਟ ਨੇ ਕਿਹਾ ਕਿ ਰਾਸ਼ਟਰੀ ਅਤੇ ਬਹੁਰਾਸ਼ਟਰੀ ਕੰਪਨੀਆਂ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਨੌਕਰੀ `ਤੇ ਰੱਖਣ ਲਈ ਮਨਪਸੰਦ ਸਥਾਨਾਂ ਵਿੱਚੋਂ ਇੱਕ ਹੈ ਅਤੇ ਅਜਿਹਾ ਯੂਨੀਵਰਸਿਟੀ ਵੱਲੋਂ ਕੀਤੀਆਂ ਗਈਆਂ ਵੱਖ-ਵੱਖ ਉਚ ਪਾਏ ਦੀਆਂ ਅਕਾਦਮਿਕ ਪਹਿਲਕਦਮੀਆਂ ਕਾਰਨ ਹੀ ਹੋਇਆ ਹੈ।
ਇਸ ਮੌਕੇ ਅਧਿਆਪਕ ਪਲੇਸਮੈਂਟ ਇੰਚਾਰਜ ਡਾ. ਕੁਲਦੀਪ ਸਿੰਘ ਬਰਾੜ, ਡਾ. ਗੁਰਪ੍ਰੀਤ ਸਿੰਘ, ਡਾ. ਸਰਵੇਸ਼ਰ ਭਾਰਤੀ ਵੀ ਹਾਜ਼ਰ ਸਨ।