Tuesday, March 17, 2026

ਪੰਜਾਬੀ ਸਾਹਿਤ ਸਭਾ (ਰਜਿ) ਸਮਰਾਲਾ ਦੀ ਮੀਟਿੰਗ ‘ਬਾਲ ਸਾਹਿਤ ਮੰਥਨ’ ਵਿੱਚ ਬਦਲੀ

ਬਾਲ ਲੇਖਕ ਅਤੇ ਗਾਇਕ ਕਮਲਜੀਤ ਨੀਲੋਂ ਦੀ ਨਵੀਂ ਸੀ. ਡੀ. ‘ਕਰੂੰਬਲਾਂ’ ਤੇ ਵਿਸ਼ੇਸ਼ ਗੋਸ਼ਟੀ

PPN2312201410

ਸਮਰਾਲਾ, 23 ਦਸੰਬਰ (ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਮੀਟਿੰਗ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਬੱਚਿਆਂ ਦੇ ਗਾਇਕ ਕਮਲਜੀਤ ਨੀਲੋਂ ਦੀ ਨਵੀ ਸੀ. ਡੀ. ‘ਕਰੂੰਬਲਾਂ’ ਉੱਤੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਚਾਲੀ ਤੋਂ ਵਧੇਰੇ ਲੇਖਕਾਂ ਤੇ ਪਾਠਕਾਂ ਨੇ ਭਾਗ ਲਿਆ। ਸੀ. ਡੀ. ਬਾਰੇ ਮੁੱਖ ਪਰਚਾ ਮਨਮੋਹਨ ਸਿੰਘ ਦਾਊਂ ਨੇ ਪੜ੍ਹਨਾ ਸੀ, ਪਰ ਕਿਸੇ ਕਾਰਨ ਮੀਟਿੰਗ ਵਿੱਚ ਪਹੁੰਚ ਹੀ ਨਹੀਂ ਸਕੇ। ਮਾਸਟਰ ਤਰਲੋਚਨ (ਸਟੇਟ ਐਵਾਰਡੀ) ਵੱਲੋਂ ਲਿਖਿਆ ਸੰਖੇਪ ਜਾਣਕਾਰੀ ਵਾਲਾ ਪਰਚਾ ਸਕੱਤਰ ਦੀਪ ਦਿਲਵਰ ਵੱਲੋਂ ਪੜ੍ਹਿਆ ਗਿਆ। ਸੀ. ਡੀ. ਬਾਰੇ ਸੁਰਜੀਤ ਪਾਤਰ ਵੱਲੋਂ ਕੀਤੀ ਗਈ ਟਿੱਪਣੀ ਖਜਾਨਚੀ ਸੰਦੀਪ ਤਿਵਾੜੀ ਨੇ ਅਤੇ ਸਵਰਨਜੀਤ ਸਵੀ ਵੱਲੋਂ ਕੀਤੀ ਗਈ ਟਿੱਪਣੀ ਬਲਵੀਰ ਸਿੰਘ ਬੱਬੀ ਵੱਲੋਂ ਪੜ੍ਹੀ ਗਈ। ਸੀ. ਡੀ. ਬਾਰੇ ਪ੍ਰਤੀਕਰਮ ਸਰਪ੍ਰਸਤ ਪੋ: ਬਲਦੀਪ ਸਿੰਘ, ਨਵੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ, ਜੋਗਿੰਦਰ ਸਿੰਘ ਜੋਸ਼, ਬਿਹਾਰੀ ਲਾਲ ਸੱਦੀ, ਪ੍ਰੇਮ ਸਾਗਰ ਸ਼ਰਮਾ, ਮਾ. ਮੇਘਦਾਸ ਜਵੰਦਾ (ਸਟੇਟ ਐਵਾਰਡੀ), ਲੈਕ. ਰਾਮੇਸ਼ ਪਾਲ ਭੋਲੇਕੇ (ਸਟੇਟ ਐਵਾਰਡੀ), ਸਿਮਰਜੀਤ ਸਿੰਘ ਕੰਗ ਨੇ ਪ੍ਰਗਟ ਕੀਤੇ। ਪ੍ਰਸਿੱਧ ਕਹਾਣੀਕਾਰ ਸੁਖਜੀਤ ਨੇ ਸਾਰੀ ਬਹਿਸ ਨੂੰ ਸਮੇਟਦਿਆਂ ਕਿਹਾ ਕਿ ਕਮਲਜੀਤ ਨੀਲੋਂ ਇਕੋ ਇਕ ਬਾਲਾਂ ਦਾ ਗਾਇਕ ਤੇ ਲੇਖਕ ਹੈ ਜਿਸਨੇ ਬਹੁਤ ਡੂੰਘਾਈ ਤੱਕ ਬਾਲ ਮਨਾਂ ਦੀ ਤਰਜ਼ਮਾਨੀ ਕੀਤੀ ਹੈ ਤੇ ਸਮਰਪਣ ਦੀ ਭਾਵਨਾ ਨਾਲ ਕੰਮ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਵੇਂ ਬੱਚੇ ਰੱਬ ਦਾ ਰੂਪ ਹੁੰਦੇ ਹਨ ਅਤੇ ਬੱਚਿਆਂ ਬਾਰੇ ਲਿਖਣ ਲਈ ਖੁਦ ਬੱਚਾ ਬਣਨਾ ਪੈਂਦਾ ਹੈ ਭਾਵ ਰੱਬ ਬਣਨਾ ਪੈਂਦਾ ਹੈ, ਇਸ ਲਈ ਰੱਬ ਬਣਨਾ ਹਰੇਕ ਦੇ ਵਸ ਦੀ ਗੱਲ ਨਹੀਂ ਹੈ। ਪੰਜਾਬੀ ਬਾਲ ਸਾਹਿਤ ਵਿਚ ਕਮਲਜੀਤ ਨੀਲੋਂ ਵਰਗੀ ਹੋਰ ਕੋਈ ਮਿਸਾਲ ਨਹੀਂ ਹੈ। ਜੋ ਕੰਮ ਬੱਚਿਆਂ ਲਈ ਕਮਲਜੀਤ ਨੇ ਕੀਤਾ ਹੈ, ਉਹ ਹੋਰ ਕੋਈ ਨਹੀਂ ਕਰ ਸਕਦਾ।

ਪਰਮਜੀਤ ਪੰਮਾ ਪੇਂਟਰ ਤੇ ਨਵਦੀਪ ਸਿੰਘ ਬਦੇਸ਼ਾਂ ਨੇ ਇਸ ਮੌਕੇ ‘ਤੇ ਬਾਲ ਗੀਤ ਅਤੇ ਨਵੇਂ ਸਾਲ ਦੀ ਵਧਾਈ ਦਾ ਗੀਤ ਵੀ ਪੇਸ਼ ਕੀਤੇ। ਕਮਲਜੀਤ ਨੀਲੋਂ ਨੇ ਇਸ ਮੌਕੇ ”ਚਿੜੀਆਂ ਬਾਬਲਾ ਵੇ ਚਿੜੀਆਂ” ਗੀਤ ਪੇਸ਼ ਕਰਕੇ ਵੱਡਿਆਂ ਦਾ ਗਾਇਕ ਹੋਣ ਦਾ ਪ੍ਰਗਟਾਵਾ ਕੀਤਾ। ਉਸਨੇ ਆਪਣੀ ਇਸ ਸੀ. ਡੀ. ‘ਕਰੂੰਬਲਾਂ’ ਬਾਰੇ ਆਪਣੇ ਜ਼ਜਬਾਤ ਹਾਜਰੀਨ ਲੇਖਕਾਂ ਅਤੇ ਪਾਠਕਾਂ ਨਾਲ ਸਾਂਝੇ ਕਰਦੇ ਕਿਹਾ ਕਿ ਉਸਨੇ ਆਪਣੇ ਗੀਤ ਆਪਣੀਆਂ ਭਤੀਜੀਆਂ ਨੂੰ ਮੇਨ ਪਾਤਰ ਬਣਾ ਕੇ ਲਿਖੇ ਹਨ, ਜੋ ਪਰਿਵਾਰਕ ਸਾਂਝ ਦਾ ਪ੍ਰਤੀਕ ਹਨ, ਜਦੋਂ ਪਰਿਵਾਰਕ ਵੰਡੀਆਂ ਹੋਈਆਂ ਤਾਂ ਕਿਸ ਤਰ੍ਹਾਂ ਉਸਨੂੰ ਮਾਨਸਿਕ ਪਰੇਸ਼ਾਨੀ ਵਿੱਚੋਂ ਗੁਜਰਨਾ ਪਿਆ। ਉਹ ਆਪਣਾ ਅਦਰਸ਼ ਆਪਣੇ ਪਿਤਾ ਸਵ: ਕੁਲਵੰਤ ਸਿੰਘ ਨੀਲੋਂ ਅਤੇ ਮਾਤਾ ਨਛੱਤਰ ਕੌਰ ਨੂੰ ਮੰਨਦਾ ਹੈ, ਜਿਨ੍ਹਾਂ ਨੇ ਉਸਨੂੰ ਇਸ ਪਾਸੇ ਦੀ ਚੇਟਕ ਲਾਈ। ਇਸ ਲਈ ਉਹ ਆਪਣੇ ਪਰਿਵਾਰ ਅਤੇ ਆਪਣੀ ਜੀਵਨ ਸਾਥਣ ਪਰਮਜੀਤ ਦਾ ਸਦਾ ਰਿਣੀ ਰਹੇਗਾ, ਜਿਨ੍ਹਾਂ ਨੇ ਹਮੇਸ਼ਾਂ ਉਸਦੇ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਦਿੱਤਾ ਹੈ। ਪੰਜਾਬੀ ਸਾਹਿਤ ਸਭਾ ਵੱਲੋਂ ਇਸ ਮੌਕੇ ਲੋਈ ਅਤੇ ਇੱਕ ਯਾਦ ਚਿੰਨ ਦੇ ਕੇ ਕਮਲਜੀਤ ਨੀਲੋਂ ਨੂੰ ਸਨਮਾਨਿਤ ਕੀਤਾ ਗਿਆ।
ਰਚਨਾਵਾਂ ਦੇ ਦੌਰ ਦਾ ਆਰੰਭ ਬਲਵੀਰ ਸਿੰਘ ਬੱਬੀ ਦੀ ਕਵਿਤਾ ਨਵੇਂ ਸਾਲ ਦੀ ਵਧਾਈ ਨਾਲ ਕੀਤਾ ਗਿਆ, ਮੇਘਦਾਸ ਜਵੰਦਾ ਨੇ ਦੋ ਬਾਲ ਕਵਿਤਾਵਾਂ ‘ਆ ਗਿਆ ਸਿਆਲ’, ‘ਮੇਰੀ ਸਾਈਕਲ’, ਸੁਖਵਿੰਦਰ ਪੰਮਾ ਨੇ ਛੋਟੇ ਸਾਹਿਬਜਾਦਿਆਂ ਦੀ ਕਵਿਤਾ, ਲੀਲ ਦਿਆਲਪੁਰੀ ਨੇ ਗੀਤ, ਮਨਦੀਪ ਮਾਣਕੀ ਨੇ ਵਾਤਾਵਰਨ ਦੀ ਜਾਗਰੂਕਤਾ ਸਬੰਧੀ ਕਵਿਤਾ, ਕਰਮਚੰਦ ਨੇ ਕਵਿਤਾ, ਕਰਮਜੀਤ ਬਾਸੀ ਨੇ ਕਵਿਤਾ, ਦੀਪ ਦਿਲਵਰ ਨੇ ਗੀਤ, ਜੋਗਿੰਦਰ ਸਿੰਘ ਜੋਸ਼ ਨੇ ਕਵਿਤਾ, ਪ੍ਰਿਸੱਧ ਲੇਖਕ ਬਾਬੂ ਸਿੰਘ ਚੌਹਾਨ ਨੇ ਕਵਿਤਾ , ਸੰਤੋਖ ਸਿੰਘ ਕੋਟਾਲਾ ਨੇ ਕਹਾਣੀ ਪੇਸ਼ ਕੀਤੀ। ਇਨ੍ਹਾਂ ਉੱਤੇ ਉਸਾਰੂ ਤੇ ਨਿੱਠ ਕੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿਚ ਦਰਸ਼ਨ ਸਿੰਘ ਕੰਗ, ਨੇਤਰ ਸਿੰਘ ਮੁੱਤੋ, ਇੰਦਰਜੀਤ ਸਿੰਘ ਕੰਗ, ਰਾਮਪਾਲ ਨੀਲੋਂ, ਵਰਿੰਦਰ ਕੁਮਾਰ, ਕਰਨੈਲ ਸਿੰਘ, ਕਰਮਵੀਰ ਸਿੰਘ, ਸੁਖਦੇਵ ਸਿੰਘ, ਮਹਿੰਦਰ ਸਿੰਘ, ਕੁੰਵਰ ਕੁਲਜੋਤ ਸਿੰਘ, ਮਹਿਕਪ੍ਰੀਤ ਕੌਰ, ਪਰਮਜੀਤ ਕੌਰ, ਹਰਬੰਸ ਸਿੰਘ ਰਾਏ, ਹਰਜੀਤ ਸਿੰਘ ਰਾਏ, ਮਨਦੀਪ ਸਿੰਘ, ਜਗਰੂਪਜੀਤ ਸਿੰਘ ਸ਼ਾਮਿਲ ਹੋਏ। ਮੀਟਿੰਗ ਦੀ ਕਾਰਵਾਈ ਜਨਰਲ ਸਕੱਤਰ ਜਗਦੀਸ਼ ਨੀਲੋਂ ਵਲੋਂ ਚਲਾਈ ਗਈ।
ਕਾਰਵਾਈ ਚੱਲਣ ਦੌਰਾਨ ਕੁਝ ਮਤੇ ਅਤੇ ਸ਼ੋਕ ਮਤੇ ਵੀ ਪਾਸ ਕੀਤੇ ਗਏ ਜਿਨ੍ਹਾਂ ਵਿੱਚ ਸ਼ਾਇਰ ਜਸਵਿੰਦਰ ਨੂੰ ਸਾਹਿਤ ਅਕੈਡਮੀ ਪੁਰਸਕਾਰ ਤੇ ਕਹਾਣੀਕਾਰ ਸੁਖਜੀਤ ਦੀ ਕਹਾਣੀ ਸਾਹਿਤ ਅਕਾਦਮੀ ਵੱਲੋਂ ਚੁਣੀ ਜਾਣ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿਚ ਦਹਿਸ਼ਤਗਰਦਾਂ ਹੱਥੋਂ ਮਾਰੇ ਗਏ ਮਾਸੂਮਾਂ ਨੂੰ ਦਿਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ ‘ਤੇ ਇਹ ਸੰਕੇਤ ਦਿੱਤਾ ਗਿਆ ਕਿ ਅਸੀਂ ਦਹਿਸ਼ਤਗਰਦੀ ਦੇ ਸਖ਼ਤ ਵਿਰੋਧ ਵਿਚ ਹਾਂ। ਸ਼ਾਇਰ ਦੀਦਾਰ ਸਿੰਘ ਦੀਦਾਰ ਦੇ ਨਿਧਨ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਬੀਮਾਰ ਚੱਲ ਰਹੇ ਸ਼ਾਇਰ ਐਡਵੋਕੇਟ ਨਰਿੰਦਰ ਸ਼ਰਮਾ, ਕਹਾਣੀਕਾਰ ਗੁਰਪਾਲ ਲਿੱਟ ਦੀ ਤੰਦਰੁਸਤੀ ਲਈ ਕਾਮਨਾ ਕੀਤੀ ਗਈ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply