ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੂਰਬੀ ਭਾਰਤ ਅੰਦਰ ਸਿੱਖੀ ਪ੍ਰਚਾਰ ਲਈ ਸਰਗਰਮ ਧਾਰਮਿਕ ਸੰਸਥਾ ਸਿੱਖ ਫ਼ੋਰਮ ਅਤੇ ਸਿੱਖ ਵੈਲਫੇਅਰ
ਐਸੋਸੀਏਸ਼ਨ ਕੋਲਕਾਤਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਏ ਗਏ 53ਵੇਂ ਗੁਰਮਤਿ ਸਿੱਖਿਆ ਕੈਂਪ ਦਾ ਮੁੱਖ ਸਮਾਗਮ ਗੁਰੂ ਨਾਨਕ ਸੈਕੰਡਰੀ ਸਕੂਲ ਰਾਂਚੀ (ਝਾਰਖੰਡ) ਵਿਖੇ ਹੋਇਆ।6 ਰੋਜ਼ਾ ਗੁਰਮਤਿ ਕੈਂਪ ਦੇ ਇਸ ਸਮਾਪਤੀ ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਅੰਤ੍ਰਿੰਗ ਮੈਂਬਰ ਪਰਮਜੀਤ ਸਿੰਘ ਖਾਲਸਾ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।ਕੈਂਪ ਵਿਚ ਪੂਰਬੀ ਭਾਰਤ ਦੇ ਪੰਜ ਸੂਬਿਆਂ ਤੋਂ ਵੱਡੀ ਗਿਣਤੀ ’ਚ ਬੱਚਿਆਂ ਨੇ ਭਾਗ ਲੈ ਕੇ ਗੁਰਬਾਣੀ ਸੰਥਿਆ, ਧਾਰਮਿਕ ਸਿੱਖਿਆ, ਸ਼ਬਦ ਕੀਰਤਨ ਅਤੇ ਸਿੱਖ ਰਹਿਤ ਮਰਯਾਦਾ ਅਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ।ਕੈਂਪ ਦੌਰਾਨ ਬੱਚਿਆਂ ਨੂੰ ਦਸਤਾਰ ਤੇ ਦੁਮਾਲਾ ਸਜਾਉਣ ਦੀ ਵੀ ਸਿੱਖਿਆ ਦਿੱਤੀ ਗਈ।
ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖ ਵਿਰਸਾ ਪੂਰੀ ਦੁਨੀਆਂ ‘ਚ ਇਕ ਵੱਖਰੀ ਪਛਾਣ ਨਾਲ ਰੂਬਰੂ ਹੈ।ਪੰਜਾਬ ਤੋਂ ਬਾਹਰਲੇ ਸੂਬਿਆਂ ਅਤੇ ਵਿਦੇਸ਼ਾਂ ਅੰਦਰ ਸਿੱਖਾਂ ਨੇ ਆਪਣੇ ਇਤਿਹਾਸ ਅਤੇ ਸਿਧਾਂਤਾਂ ਤੋਂ ਪ੍ਰੇਰਣਾ ਲੈ ਕੇ ਵੱਡੇ ਮੁਕਾਮ ਹਾਸਲ ਕੀਤੇ ਹਨ।ਉਨ੍ਹਾਂ ਕਿਹਾ ਕਿ ਅਗਲੀ ਪੀੜੀ ਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਣ ਲਈ ਕੀਤਾ ਜਾਂਦਾ ਹਰ ਯਤਨ ਸ਼ਲਾਘਾਯੋਗ ਹੈ ਅਤੇ ਸਿੱਖ ਫ਼ੋਰਮ ਤੇ ਸਿੱਖ ਵੈਲਫੇਅਰ ਐਸੋਸੀਏਸ਼ਨ ਦਾ ਇਹ ਉਪਰਾਲਾ ਖਾਸ ਮਹੱਤਵ ਰੱਖਦਾ ਹੈ।
ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਪਰਮਜੀਤ ਸਿੰਘ ਖਾਲਸਾ, ਸਿੱਖ ਮਿਸ਼ਨ ਕਲਕੱਤਾ ਦੇ ਇੰਚਾਰਜ਼ ਜਗਮੋਹਨ ਸਿੰਘ ਅਤੇ ਸਿੱਖ ਫੋਰਮ ਵੱਲੋਂ ਗੁਰਸ਼ਰਨ ਸਿੰਘ ਨੇ ਵੀ ਸੰਬੋਧਨ ਕੀਤਾ।ਕੈਂਪ ’ਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਂਚੀ ਵਿਖੇ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਝਾਰਖੰਡ ਦੀਆਂ ਵੱਖ-ਵੱਖ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਇਕ ਵਿਸ਼ੇਸ ਇਕੱਤਰਤਾ ਕੀਤੀ।ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕਾਂ ਨੇ ਇਸ ਗੱਲ ਦੀ ਵਚਨਬੱਧਤਾ ਪ੍ਰਗਟਾਈ ਕਿ ਸਿੱਖ ਸੰਸਥਾਵਾਂ ਦੀ ਮਜ਼ਬੂਤੀ ਲਈ ਏਕੇ ਨਾਲ ਅੱਗੇ ਵਧਿਆ ਜਾਵੇਗਾ।
ਇਸ ਮੌਕੇ ਇੰਦਰਜੀਤ ਸਿੰਘ ਪਟਨਾ ਸਾਹਿਬ, ਬਲਬੀਰ ਸਿੰਘ ਰਾਂਚੀ, ਮਨੀਸ਼ ਮਿੱਡਾ, ਗੁਰਮੀਤ ਸਿੰਘ ਤੇ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media