ਹੁਣ ਤੱਕ 6 ਕਿਸਾਨਾਂ ਵਿਰੁੱਧ ਧਾਰਾ 188 ਅਧੀਨ ਹੋ ਚੁੱਕੀ ਹੈ ਕਾਰਵਾਈ
ਅੰਮ੍ਰਿਤਸਰ, 3 ਨਵੰਬਰ (ਸੁਖਬੀਰ ਸਿੰਘ) – ਪੰਜਾਬ ਦੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਤੇ ਧਰਤੀ ਮਾਂ ਦੀ ਉਪਜਾਊ ਸ਼ਕਤੀ ਨੂੰ ਲੱਗ ਰਹੇ ਖੋਰੇ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਆਈਆਂ ਹਦਾਇਤਾਂ ਦੇ ਚੱਲਦੇ ਜਿਲ੍ਹੇ ਵਿਚ ਪਰਾਲੀ ਦੀ ਅੱਗ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਦੀ ਅਗਵਾਈ ਹੇਠ ਟੀਮਾਂ ਲਗਾਤਾਰ ਜਿਲ੍ਹੇ ਭਰ ਵਿੱਚ ਮੁਸ਼ਤੈਦੀ ਨਾਲ ਕੰਮ ਕਰ ਰਹੀਆਂ ਹਨ।ਟੀਮਾਂ ਵਲੋਂ ਕਿਸਾਨਾਂ ਨੂੰ ਲਗਾਏ ਗਏ ਜੁਰਮਾਨੇ ਦੀ ਉਗਰਾਹੀ ਵੀ ਸ਼ੁਰੂ ਕਰ ਦਿੱਤੀ ਗਈ ਹੈ।ਕੱਲ ਸ਼ਾਮ ਤੱਕ ਜੋ 957500/- ਰੁਪਏ ਜੁਰਮਾਨਾ ਲਗਾਇਆ ਗਿਆ ਸੀ, ਉਸ ਦੀ ਰਿਕਵਰੀ ਲਈ ਟੀਮਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ।
ਅੱਜ ਫਿਰ ਸਾਰੇ ਐਸ.ਡੀ.ਐਮਜ਼ ਨੇ ਆਪਣੇ ਆਪਣੇ ਹਲਕੇ ਵਿਚ ਟੀਮਾਂ ਨਾਲ ਮੀਟਿੰਗਾਂ ਕਰਕੇ ਮੌਜ਼ੂਦਾ ਸਥਿਤੀ ਦੀ ਰਣਨੀਤੀ ਉਲੀਕੀ।ਮਾਲ ਵਿਭਾਗ ਦੇ ਅਧਿਕਾਰੀਆਂ ਸਮੇਤ ਖੇਤੀ ਤੇ ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਆਪਣੇ ਆਪਣੇ ਇਲਾਕੇ ਵਿੱਚ ਪਰਾਲੀ ਦੀ ਅੱਗ ਨੂੰ ਮੌਕੇ ‘ਤੇ ਜਾ ਕੇ ਬੁਝਾਉਂਦੇ ਰਹੇ।ਕਈ ਥਾਵਾਂ ‘ਤੇ ਫਾਈਰ ਬ੍ਰਿਗੇਡ ਅਤੇ ਕਈ ਜ਼ਮੀਨਾਂ ਵਿੱਚ ਕਿਸਾਨਾਂ ਨੂੰ ਨਾਲ ਲੈ ਕੇ ਪਰਾਲੀ ਦੀ ਅੱਗ ਬੁਝਾਈ ਗਈ।ਇਸੇ ਦੌਰਾਨ ਥਾਣਾ ਕੱਥੂਨੰਗਲ ਦੀ ਪੁਲਿਸ ਚੌਕੀ ਜੈਂਤੀਪੁਰ ਵਿਖੇ ਕਲੱਸਟਰ ਅਫਸਰ ਅਮਰਦੀਪ ਸਿੰਘ ਦੀ ਸ਼ਿਕਾਇਤ ‘ਤੇ ਪੁਲਿਸ ਨੇ ਤਿੰਨ ਕਿਸਾਨਾਂ ਵਿਰੁੱਧ ਧਾਰਾ 188 ਅਧੀਨ ਕੇਸ ਦਰਜ਼ ਕੀਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਰਹਾਲਾ ਵਿਖੇ ਬਲਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ, ਨਿਹਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਤੇ ਹਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਨੇ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਈ ਸੀ।ਜਿਸ ਦੇ ਚੱਲਦੇ ਮੌਕੇ ‘ਤੇ ਪੁੱਜੇ ਖੇਤੀ ਵਿਸਥਾਰ ਅਫਸਰ ਤਿਲਕ ਰਾਜ ਤੇ ਸਾਰੀ ਟੀਮ ਨੇ ਪੁਲਿਸ ਥਾਣੇ ‘ਚ ਲਿਖਤੀ ਸ਼ਿਕਾਇਤ ਉਕਤ ਕਿਸਾਨਾਂ ‘ਤੇ ਦਿੱਤੀ, ਜਿਸ ਦੇ ਅਧਾਰ ‘ਤੇ ਪੁਲਿਸ ਨੇ ਧਾਰਾ 188 ਅਧੀਨ ਕੇਸ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸੇ ਦੌਰਾਨ ਨਾਇਬ ਤਹਿਸੀਲਦਾਰ ਅਟਾਰੀ ਵੱਲੋਂ ਰਣੀਕੇ ਪਿੰਡ ਵਿੱਚ 32 ਕਨਾਲ ਰਕਬੇ ਵਿੱਚ ਪਰਾਲੀ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਨਾਲ ਅੱਗ ਬੁਝਾਈ ਗਈ ਅਤੇ ਪੁਲਿਸ ਦੀ ਤਫਤੀਸ਼ ਮਗਰੋਂ ਅਣਪਛਾਤੇ ਵਿਅਕਤੀ ਵਿਰੁੱਧ ਧਾਰਾ 188 ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ਼ ਕਰ ਲਿਆ ਗਿਆ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਚਾਰ ਐਫ.ਆਈ.ਆਰ ਵਾਤਵਰਣ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਪੰਜ ਸ਼ਿਕਾਇਤਾਂ, ਜਿਸ ਵਿਚ 10 ਕਿਸਾਨਾਂ ਦੇ ਨਾਮ ਹਨ, ਉਨਾਂ ਵਿਰੱਧ ਵਾਤਾਵਰਣ ਵਿਭਾਗ ਨੇ ਮਾਣਯੋਗ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਅਪਰਾਧਿਕ ਸ਼ਿਕਾਇਤ ਵੀ ਦਰਜ਼ ਕਰਵਾਈ ਹੈ।