Monday, June 16, 2025
Breaking News

ਬੰਦੀ ਛੋੜ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਕੌਮ ਦੇ ਨਾਂ ਸੰਦੇਸ਼

ਕਿਹਾ, ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਸੰਸਥਾਵਾਂ ਠੋਸ ਕਦਮ ਚੁੱਕਣ

ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ।ਬੰਦੀ ਛੋੜ ਦਿਹਾੜੇ ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਏ ਗੁਰਮਤਿ ਸਮਾਗਮਾਂ ਦੌਰਾਨ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ ਜਥਿਆਂ, ਪ੍ਰਚਾਰਕਾਂ ਅਤੇ ਕਵੀਆਂ ਨੇ ਗੁਰਬਾਣੀ ਕੀਰਤਨ ਅਤੇ ਇਤਿਹਾਸ ਦੁਆਰਾ ਸੰਗਤ ਨਾਲ ਸਾਂਝ ਪਾਈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਤੋਂ ਸਿੱਖ ਪੰਥ ਦੇ ਨਾਂ ਸੰਦੇਸ਼ ਦਿੰਦਿਆਂ ਪਿਛਲੇ 17 ਸਾਲਾਂ ਤੋਂ ਜੇਲ੍ਹ ਦੀ 8 ਫੁੱਟ ਚੱਕੀ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਕਰਨ ਸਬੰਧੀ ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਕਰਕੇ ਮੁਕਰ ਜਾਣ, ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨ, 39 ਸਾਲਾਂ ਬਾਅਦ ਵੀ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਅਤੇ ਪੰਜਾਬ ਤੇ ਕੇਂਦਰ ਸਰਕਾਰ ਦੇ ਸਿਆਸੀ ਵਿਤਕਰਿਆਂ ਦੀ ਗੱਲ ਕਰਦਿਆਂ ਸਿੱਖ ਕੌਮ ਨੂੰ ਆਪਣੇ ਹੱਕਾਂ ਲਈ ਇਕਜੁੱਟਤਾ ਨਾਲ ਅਵਾਜ਼ ਬੁਲੰਦ ਕਰਨ ਦਾ ਸੁਨੇਹਾ ਦਿੱਤਾ।
ਗਿਆਨੀ ਰਘਬੀਰ ਸਿੰਘ ਨੇ ਬੰਦੀ ਛੋੜ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਮੇਂ-ਸਮੇਂ ਮੁਗਲ ਹਾਕਮਾਂ ਵੱਲੋਂ ਲਗਾਈਆਂ ਤੁਅੱਸਬੀ ਪਾਬੰਦੀਆਂ ਦੇ ਬਾਵਜ਼ੂਦ ਵੀ ਬੰਦੀ ਛੋੜ ਦਿਵਸ ਮੌਕੇ ਸਿੱਖ ਆਪਣੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਿਲ ਬੈਠ ਕੇ ਕੌਮ ਲਈ ਭਵਿੱਖੀ ਪ੍ਰੋਗਰਾਮ ਉਲੀਕਦੇ ਸਨ।ਜਿਸ ਤੋਂ ਅੱਜ ਵੀ ਸੇਧ ਲੈਣ ਦੀ ਲੋੜ ਹੈ।ਉਨ੍ਹਾਂ ਕੇਂਦਰ ਸਰਕਾਰ ਨੂੰ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਕੇ ਸਿੱਖਾਂ ਨੂੰ ਇਨਸਾਫ਼ ਦੇਣ ਲਈ ਕਿਹਾ।
ਗਿਆਨੀ ਰਘਬੀਰ ਸਿੰਘ ਨੇ ਆਦੇਸ਼ ਦਿੱਤਾ ਕਿ ਉਹ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰਕੈਦ ਵਿਚ ਤਬਦੀਲ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਸਮੂਹ ਪੰਥਕ ਦਲਾਂ ਅਤੇ ਜਥੇਬੰਦੀਆਂ ਦੀ ਇੱਕ ਵਿਸ਼ੇਸ਼ ਇਕੱਤਰਤਾ ਵੀ ਸੱਦੇ।ਉਨ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਦੇਸ਼ ਜਾਰੀ ਕੀਤਾ ਕਿ ਉਹ ਆਪਣੇ ਅਸਲ ਰਸੂਖ ਅਤੇ ਨੇੜਲੇ ਸਬੰਧਾਂ ਦੀ ਵਰਤੋਂ ਕਰਕੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਕੋਲੋਂ ਭਾਈ ਰਾਜੋਆਣਾ ਸਬੰਧੀ ਅਪੀਲ ’ਤੇ ਫੈਸਲਾ ਕਰਵਾਉਣ ਲਈ 15 ਦਿਨਾਂ ਤੇ ਅੰਦਰ-ਅੰਦਰ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੇ।ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਵੀ ਸੰਬੋਧਤ ਹੁੰਦਿਆਂ ਕਿਹਾ ਕਿ ਉਹ ਕੋਈ ਵੀ ਅਜਿਹਾ ਕਦਮ ਨਾ ਚੁੱਕਣ, ਜੋ ਉਨ੍ਹਾਂ ਦੀ ਜ਼ਿੰਦਗੀ ਤੇ ਕੌਮ ਲਈ ਚਿੰਤਾ ਵਾਲਾ ਹੋਵੇ।
ਜਥੇਦਾਰ ਨੇ ਆਪਣੇ ਸੰਦੇਸ਼ ‘ਚ ਵਿਦੇਸ਼ਾਂ ਅੰਦਰ ਵੱਖਰੀ ਪਛਾਣ ਸਬੰਧੀ ਭਰਮ-ਭੁਲੇਖਿਆਂ ਅਤੇ ਨਸਲਵਾਦ ਦੀ ਭਾਵਨਾ ਨਾਲ ਸਿੱਖਾਂ ਉਪਰ ਹੋ ਰਹੇ ਹਮਲਿਆਂ ’ਤੇ ਚਿੰਤਾ ਕਰਨ ਦੇ ਨਾਲ-ਨਾਲ ਭਾਰਤ ਅੰਦਰ ਵੀ ਸਿੱਖਾਂ ਪ੍ਰਤੀ ਵਧ ਰਹੀ ਅਸਿਹਣਸ਼ੀਲਤਾ ’ਤੇ ਵੀ ਗੰਭੀਰ ਰੁਖ਼ ਦਿਖਾਇਆ।ਉਨ੍ਹਾਂ ਕਿਹਾ ਕਿ ਸਿਰਫ਼ 2% ਅਬਾਦੀ ਹੋਣ ਦੇ ਬਾਵਜੂਦ ਅਜ਼ਾਦੀ ਲਈ 80% ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨਾਲ ਦੇਸ਼ ਅੰਦਰ ਸਿਆਸੀ ਵਿਤਕਰਿਆਂ ਦੀ ਲੜੀ ਲਗਾਤਾਰ ਲੰਮੇਰੀ ਹੋ ਰਹੀ ਹੈ।ਪੰਜਾਬ ਦੀ ਸਿਆਸੀ ਖੁਦਮੁਖ਼ਤਿਆਰੀ, ਦਰਿਆਈ ਪਾਣੀ, ਡੈਮ, ਪੰਜਾਬੀ ਬੋਲਦੇ ਇਲਾਕੇ ਅਤੇ ਰਾਜਧਾਨੀ ਤੋਂ ਬਾਅਦ ਹੁਣ ਪੰਜਾਬ ਵਿਚ ਰੁਜ਼ਗਾਰ ਦਾ ਰਾਖਵਾਂ ਹੱਕ ਵੀ ਹੌਲੀ-ਹੌਲੀ ਪੰਜਾਬੀਆਂ ਦੇ ਹੱਥੋਂ ਖੁਸਦਾ ਜਾ ਰਿਹਾ ਹੈ।
ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਨੌਜੁਆਨਾਂ ਨੂੰ ਮੁਫ਼ਤ ਸਿਵਲ ਸੇਵਾਵਾਂ ਦੀ ਪ੍ਰੀਖਿਆ ਦੀ ਤਿਆਰੀ ਲਈ ‘ਨਿਸ਼ਚੈ ਪ੍ਰਸ਼ਾਸਕੀ ਸੇਵਾਵਾਂ ਸਿਖਲਾਈ ਕੇਂਦਰ’ ਸਥਾਪਤ ਕਰਨ ’ਤੇ ਖੁਸ਼ੀ ਪ੍ਰਗਟ ਕਰਦਿਆਂ ਆਖਿਆ ਕਿ ਸਿੱਖ ਸਮਾਜ ਨੂੰ ਦੇਖਾ-ਦੇਖੀ ਆਪਣੇ ਬੱਚੇ ਪੜ੍ਹਾਈ ਜਾਂ ਰੁਜ਼ਗਾਰ ਲਈ ਵਿਦੇਸ਼ ਭੇਜਣ ਦੀ ਬਜ਼ਾਏ ਇਥੇ ਰਹਿੰਦਿਆਂ ਆਪਣੀ ਕਾਬਲੀਅਤ ਅਤੇ ਊਰਜਾ ਨੂੰ ਉਸਾਰੂ ਦਿਸ਼ਾ ਵੱਲ ਸੇਧਿਤ ਕਰਕੇ ਉੱਚ ਪ੍ਰਸ਼ਾਸਨਿਕ, ਡਾਕਟਰੀ ਸਿੱਖਿਆ, ਤਕਨੀਕੀ ਅਤੇ ਵਣਜ ਵਪਾਰ ਦੇ ਖੇਤਰ ਵਿਚ ਅੱਗੇ ਆਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਕੇਵਲ ਸਰਕਾਰਾਂ ਤੋਂ ਉਮੀਦ ਰੱਖਣ ਦੀ ਬਜ਼ਾਏ ਗੁਰੂ ਘਰਾਂ ਦੀ ਪਹਿਰੇਦਾਰੀ ਨੂੰ ਖ਼ੁਦ ਮਜ਼ਬੂਤ ਕਰਨ ਦੀ ਪ੍ਰੇਰਣਾ ਵੀ ਕੀਤੀ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਇਸ ਮੌਕੇ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੰਦਿਆਂ ਇਸ ਦਿਹਾੜੇ ਦੇ ਇਤਿਹਾਸ ਤੋਂ ਜਾਣੂ ਕਰਵਾਇਆ।ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਪਰਦਾਵਾਂ ਦੇ ਮੁੱਖੀਆਂ ਤੇ ਨੁਮਾਇੰਦਿਆਂ ਨੂੰ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਸਨਮਾਨਿਤ ਕੀਤਾ।
ਬੰਦੀ ਛੋੜ ਦਿਵਸ ਸਮਾਗਮਾਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਪੰਥਕ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਦਲ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਤਰਨਾ ਦਲ ਦੇ ਮੁਖੀ ਬਾਬਾ ਜੋਗਾ ਸਿੰਘ, ਭਾਈ ਅਮਰਜੀਤ ਸਿੰਘ ਮਸਕੀਨ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ, ਗਿਆਨੀ ਮਲਕੀਤ ਸਿੰਘ, ਢਾਡੀ ਗਿਆਨੀ ਤਰਸੇਮ ਸਿੰਘ ਮੋਰਾਵਾਲੀ, ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਖਾਲਸਾ, ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਅੰਤ੍ਰਿੰਗ ਮੈਂਬਰ ਅਮਰਜੀਤ ਸਿੰਘ ਭਲਾਈਪੁਰ, ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਭਗਵੰਤ ਸਿੰਘ ਸਿਆਲਕਾ, ਸੁਰਜੀਤ ਸਿੰਘ ਭਿੱਟੇਵੱਡ, ਕੁਲਵੰਤ ਸਿੰਘ ਮੰਨਣ, ਗੁਰਮੀਤ ਸਿੰਘ ਬੂਹ, ਭਾਈ ਅਜਾਇਬ ਸਿੰਘ ਅਭਿਆਸੀ, ਸਕੱਤਰ ਪ੍ਰਤਾਪ ਸਿੰਘ, ਓ.ਐਸ.ਡੀ ਸਤਬੀਰ ਸਿੰਘ, ਵਧੀਕ ਸਕੱਤਰ ਸੁਖਮਿੰਦਰ ਸਿੰਘ, ਬਲਵਿੰਦਰ ਸਿੰਘ ਕਾਹਲਵਾਂ, ਕੁਲਵਿੰਦਰ ਸਿੰਘ ਰਮਦਾਸ, ਬਿਜੈ ਸਿੰਘ, ਮੈਨੇਜਰ ਭਗਵੰਤ ਸਿੰਘ ਧੰਗੇੜਾ, ਜਸਵਿੰਦਰ ਸਿੰਘ ਜੱਸੀ, ਹਰਭਜਨ ਸਿੰਘ ਵਕਤਾ, ਸੁਖਬੀਰ ਸਿੰਘ, ਸੁਪਰਡੈਂਟ ਨਿਸ਼ਾਨ ਸਿੰਘ ਤੇ ਰਾਜਿੰਦਰ ਸਿੰਘ ਰੂਬੀ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …