ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਸਿੰਘ) – ਦਿਵਿਆਂਗ ਲੋਕਾਂ ਦੀ ਭਲਾਈ ਲਈ ਚੱਲ ਰਹੀਆਂ ਸਕੀਮਾਂ ਤੇ ਉਨਾਂ ਦੀਆਂ ਲੋੜਾਂ ਦੀ ਸਮੀਖਿਆ ਲਈ ਕੇਂਦਰ ਸਰਕਾਰ ਦੇ ਸਮਾਜਿਕ ਨਿਆਂ ਤੇ ਸਸ਼ਕੀਤਕਰਨ ਵਿਭਾਗ ਦੇ ਸੈਕਟਰੀ ਰਾਜੇਸ਼ ਅਗਰਵਾਲ ਵਲੋਂ ਅੰਮ੍ਰਿਤਸਰ ਵਿੱਚ ਕੀਤੀ ਗਈ ਮੀਟਿੰਗ ਦੌਰਾਨ ਉਨਾਂ ਅੰਮ੍ਰਿਤਸਰ ਅਤੇ ਇਸ ਦੇ ਆਲੇ ਦੁਆਲੇ ਦੇ ਲੋੜਵੰਦ ਲੋਕਾਂ ਦੀ ਮਦਦ ਲਈ ਅਲਿਮਕੋ (ਆਰਟੀਫੀਸ਼ਲ ਲਿਮਜ਼ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ) ਦਾ ਇਕ ਸੈਂਟਰ ਅੰਮ੍ਰਿਤਸਰ ਵਿੱਚ ਖੋਲਣ ਦਾ ਐਲਾਨ ਕੀਤਾ।ਉਨਾਂ ਕਿਹਾ ਕਿ ਦਿਵਿਆਂਗ ਲੋਕਾਂ ਨੂੰ ਕਈ ਤਰਾਂ ਦੇ ਬਨਾਵਟੀ ਅੰਗ ਅਤੇ ਮਸ਼ੀਨਿਰੀ ਦੀ ਲੋੜ ਪੈਂਦੀ ਹੈ, ਇਸ ਲਈ ਅਲਿਮਕੋ ਵਲੋਂ ਹਰ ਜਿਲ੍ਹੇ ਵਿੱਚ ਕੈਂਪ ਲਗਾ ਕੇ ਉਕਤ ਅੰਗਾਂ ਦੇ ਸਾਈਜ਼ ਆਦਿ ਹਰ ਸਾਲ ਲਏ ਜਾਂਦੇ ਹਨ, ਪਰ ਇਸ ਤਰਾਂ ਲਗਾਏ ਗਏ ਕੈਂਪ 100 ਫੀਸਦੀ ਲੋਕਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਪਾਉਂਦੇ।ਇਸ ਲਈ ਜਰੂਰੀ ਹੈ ਕਿ ਅੰਮ੍ਰਿਤਸਰ ਤੇ ਇਸ ਦੇ ਆਲੇ ਦੁਆਲੇ ਪੈਂਦੇ ਇਲਾਕੇ ਵਿੱਚ ਰਹਿੰਦੇ ਲੋਕਾਂ ਦੀ ਪੂਰਤੀ ਲਈ ਅੰਮ੍ਰਿਤਸਰ ਵਿੱਚ ਅਲਿਮਕੋ ਦਾ ਸਥਾਈ ਸੈਂਟਰ ਖੋਲਿਆ ਜਾਵੇ।ਉਨਾਂ ਕਿਹਾ ਕਿ ਇਸ ਨਾਲ ਡਾਕਟਰ ਵਲੋਂ ਦੱਸੀ ਗਈ ਲੋੜ ਦੇ ਅਨੁਸਾਰ ਮੌਕੇ ‘ਤੇ ਜਾਂ ਇਕ-ਦੋ ਦਿਨਾਂ ਦੇ ਅੰਦਰ ਲੋੜਵੰਦ ਨੂੰ ਬਨਾਵਟੀ ਅੰਗ ਜਾਂ ਹੋਰ ਸਹਾਇਤਾ ਸਮੱਗਰੀ ਮਿਲ ਸਕੇਗੀ।ਉਨਾਂ ਕਿਹਾ ਕਿ ਵਿਭਾਗ ਲੋੜਵੰਦਾਂ ਦੀ ਮਦਦ ਲਈ ਛੇਤੀ ਹੀ ਅਪੰਗ ਲੋਕਾਂ ਦੀ ਸ਼ਨਾਖਤ ਨੂੰ ਸੌਖਾ ਕਰਨ ਵਾਸਤੇ ਨਵਾਂ ਨੋਟੀਫਿਕੇਸ਼ ਜਾਰੀ ਕੀਤਾ ਜਾ ਰਿਹਾ ਹੈ, ਜਿਸ ਵਿਚ ਸਰਕਾਰੀ ਡਾਕਟਰਾਂ ਦੇ ਨਾਲ ਨਾਲ ਨਿੱਜੀ ਡਾਕਟਰਾਂ ਦੁਆਰਾ ਕੀਤੀ ਗਈ ਸ਼ਨਾਖਤ ਨੂੰ ਵੀ ਮਾਨਤਾ ਦਿ ੱਤੀ ਜਾਵੇਗੀ।
ਇਸ ਮੌਕੇ ਜਿਲ੍ਹੇ ਦੀਆਂ ਲੋੜਾਂ ਅਤੇ ਪੂਰਤੀ ਬਾਬਤ ਘਨਸ਼ਾਮ ਥੋਰੀ ਨੇ ਦੱਸਿਆ ਕਿ ਅਲਮਿਕੋ ਦਾ ਸਾਨੂੰ ਲਗਾਤਾਰ ਸਹਿਯੋਗ ਮਿਲ ਰਿਹਾ ਹੈ ਅਤੇ ਹੁਣ ਤੱਕ 4 ਹਜ਼ਾਰ ਦੇ ਕਰੀਬ ਲੋੜਵੰਦ ਲੋਕਾਂ ਨੂੰ 5 ਕਰੋੜ ਰੁਪਏ ਦੇ ਬਨਾਵਟੀ ਅੰਗ ਅਤੇ ਸਹਾਇਕ ਸਮਗਰੀ ਵੰਡੇ ਗਏ ਹਨ।ਉਨਾਂ ਦਿਵਿਆਂਗ ਬੱਚਿਆਂ ਦੀ ਸਿੱਖਿਆ ਤੇ ਸਰੀਰਕ ਵਿਕਾਸ ਬਾਰੇ ਜਿਲ੍ਹੇ ਵਿੱਚ ਚਲਾਏ ਜਾ ਰਹੇ ‘ਪਹਿਲ’ ਸਕੂਲ ਦਾ ਬਿਉਰਾ ਵੀ ਅਗਰਵਾਲ ਨਾਲ ਸਾਂਝਾ ਕੀਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਜਿਲ੍ਹਾ ਸਮਾਜਿਕ ਸਿੱਖਿਆ ਅਫਸਰ ਅਸੀਸ ਇੰਦਰ ਸਿੰਘ, ਡੀ.ਈ.ਓ ਰਾਜੇਸ਼ ਸ਼ਰਮਾ, ਡਿਪਟੀ ਡੀ.ਈ.ਓ ਬਲਰਾਜ ਸਿੰਘ, ਅਲਿਮਕੋ ਦੇ ਅਧਿਕਾਰੀ ਇਸ਼ਵਿੰਦਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।