Wednesday, April 29, 2026

‘ਇੱਕ ਸ਼ੇਅਰ ‘ਚ ਸਾਰੀ ਹੀ ਕਾਇਨਾਤ’ ਰਚਨਾ ਲੇਖਕ ਮੰਚ ਦੀ ਮੀਟਿੰਗ ਦਾ ਸਿਖ਼ਰ ਹੋ ਨਿਬੜੀ

ਸਮਰਾਲਾ, 19 ਦਸੰਬਰ (ਇੰਦਰਜੀਤ ਸਿੰਘ ਕੰਗ) – ਲੇਖਕ ਮੰਚ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਪ੍ਰਧਾਨ ਕਹਾਣੀਕਾਰ ਦਲਜੀਤ ਸ਼ਾਹੀ ਦੀ ਪ੍ਰਧਾਨਗੀ ਹੇਠ, ਸਰਕਾਰੀ ਸੀਨੀ: ਸੈਕੰ: ਸਕੂਲ ਸਮਰਾਲਾ ਵਿਖੇ ਹੋਈ।
ਰਚਨਾਵਾਂ ਦੇ ਦੌਰ ਵਿੱਚ ਅਵਤਾਰ ਉਟਾਲ ਨੇ ਕਵਿਤਾ ‘ਸੰਭਲ ਸੰਭਲ ਕੇ ਚੱਲ’ ਸੁਣਾਈ, ਵਿਸ਼ੇਸ਼ ਖੂਬੀ ਇਹ ਸੀ ਕਿ ਗੀਤਾਤਮਕਤਾ ਦੀ ਬਹੁਤਾਤ ਹੋਣ ਕਾਰਨ ਗੀਤ ਦਾ ਭੁਲੇਖਾ ਪਾਉਂਦੀ ਸੀ।ਕਰਮਚੰਦ ਮੈਨੇਜਰ ਨੇ ‘ਲੋਕਤੰਤਰ’ ਕਵਿਤਾ ਸੁਣਾ ਕੇ ਅਜੋਕੇ ਲੋਕਤੰਤਰ ਬਾਰੇ ਸੁਨੇਹਾ ਦਿੱਤਾ।ਇਸ ਉਪਰੰਤ ਡਾ. ਸੁਖਵਿੰਦਰ ਸਿੰਘ ਨੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਗੀਤ ‘ਤੱਤੀ ਤਵੀ’ ਸੁਣਾ ਕੇ ਮੀਟਿੰਗ ਨੂੰ ਧਾਰਮਿਕ ਰੰਗ ਦਿੱਤਾ।ਸ਼੍ਰੋਮਣੀ ਬਾਲ ਸਾਹਿਤਕਾਰ ਕਮਲਜੀਤ ਨੀਲੋਂ ਨੇ ਕਹਾਣੀ ‘ਬਾਕੀ ਤੇਰੀ ਮਰਜੀ ਆ’ ਸੁਣਾਈ, ਜੋ ਉਹ ਪਿਛਲੀ ਮੀਟਿੰਗ ਵਿੱੱਚ ਮਿਲੇ ਸੁਝਾਵਾਂ ਅਨੁਸਾਰ ਸੋਧ ਕੇ ਲਿਆਏ ਸਨ।ਜੁਆਲਾ ਸਿੰਘ ਥਿੰਦ ਨੇ ਮਿੰਨੀ ਕਹਾਣੀਆਂ ‘ਅਸਤੀਫਾ’, ‘ਸ਼ਰਧਾਂਜਲੀ’ ਅਤੇ ‘ਬਾਪੂ ਦਾ ਭੋਗ ਬਨਾਮ ਕੈਂਪ’ ਸੁਣਾਈਆਂ, ਜਿਨ੍ਹਾਂ ਵਿੱਚ ਸਾਹਿਤਕ ਅਤੇ ਰਾਜਨੀਤਕ ਵਿਅੰਗ ਸਨ।ਸੁਰਜੀਤ ਵਿਸ਼ਦ ਨੇ ਹਿੰਦੀ ਕਵਿਤਾ ‘ਛਾਇਆ’ ਸੁਣਾਈ, ਜਿਸ ਨੇ ਲੰਬੀ ਕਵਿਤਾ ਹੋਣ ਦੇ ਬਾਵਜ਼ੂਦ ਸਰੋਤਿਆਂ ਨੂੰ ਜੋੜੀ ਰੱਖਿਆ ਅਤੇ ਭਰਪੂਰ ਦਾਦ ਖੱਟੀ।ਕੇਵਲ ਕੁੱਲੇਵਾਲੀਏ ਨੇ ‘ਕਬੱਡੀ’ ਗੀਤ ਸੁਣਾਇਆ ਜਿਸ ਵਿੱਚ ਸੰਗੀਤਕ ਸੋਧਾਂ ਕਰਨ ਕਰਕੇ ਗੀਤ ਆਪਣੀ ਅਮਿੱਟ ਛਾਪ ਛੱਡ ਗਿਆ।ਪਰਮਿੰਦਰ ਸੇਖੋਂ ਨੇ ਦਸੰਬਰ ਮਹੀਨੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵਜੋਂ ‘ਮਾਤਾ ਤੇ ਪੁੱਤਰਾਂ ਦਾ, ਸਰਸਾ ਨਦੀ ਵਿਛੋੜਾ ਪਾਵੇ’ ਗੀਤ ਧੀਮੀ ਸੁਰ ਵਿੱਚ ਸੁਣਾ ਕੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ।ਹਰਬੰਸ ਮਾਲਵਾ ਨੇ ਗੀਤ ‘ਇੱਕ ਸ਼ੇਅਰ ਵਿੱਚ ਸਾਰੀ ਹੀ ਕਾਇਨਾਤ ਵੀ ਆ ਸਕਦੀ’ ਸੁਣਾ ਕੇ ਗੀਤ ਰਾਹੀਂ ਗਜ਼ਲ ਦੀ ਪ੍ਰਸੰਸਾ ਕੀਤੀ। ਸਾਰੀਆਂ ਰਚਨਾਵਾਂ ਉਪਰ ਉਸਾਰੂ ਬਹਿਸ ਹੋਈ, ਜਿਸ ਵਿੱਚ ਮੰਚ ਦੇ ਸਰਪ੍ਰਸਤ ਪਿ੍ਰੰਸੀਪਲ (ਡਾ.) ਪਰਮਿੰਦਰ ਸਿੰਘ ਬੈਨੀਪਾਲ, ਦਲਜੀਤ ਸ਼ਾਹੀ, ਨਾਟਕਕਾਰ ਰਾਜਵਿੰਦਰ ਸਮਰਾਲਾ, ਕਰਮਜੀਤ ਬਾਸੀ ਅਤੇ ਸਾਰਿਆਂ ਨੇ ਇੱਕ ਦੂਜੇ ਦੀਆਂ ਰਚਨਾਵਾਂ ‘ਤੇ ਸੁਝਾਅ ਦਿੱਤੇ।ਇਕੱਤਰਤਾ ਵਿੱਚ ਵਿਸ਼ੇਸ਼ ਪੱਖ ਇਹ ਰਿਹਾ ਕਿ ਜੁਆਲਾ ਸਿੰਘ ਥਿੰਦ ਦਾ ਪੋਤਰਾ ਰਣਵੀਰ ਸਿੰਘ ਸਾਰਾ ਸਮਾਂ ਮੀਟਿੰਗ ਵਿੱਚ ਹਾਜ਼ਰ ਰਿਹਾ।ਮੰਚ ਸੰਚਾਲਨ ਜਨਰਲ ਸਕੱਤਰ ਹਰਬੰਸ ਮਾਲਵਾ ਕੀਤਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …