ਪੰਜਾਬੀ ਸਿਨਮਾ ਲਈ ਇਹ ਸਾਲ ਬੇਹੱਦ ਖਾਸ ਰਿਹਾ ਹੈ।ਹੁਣ ਅਗਲੇ ਸਾਲ ਦੀ ਸ਼ੁਰੂਆਤ ਵੀ ਇਸ ਸ਼ਾਨਦਾਰ ਤੇ ਮੌਟੀਵੇਸ਼ਨਲ ਫਿਲਮ ‘ਜੱਟਾ ਡੋਲੀ ਨਾ’ ਨਾਲ ਹੋ ਰਹੀ ਹੈ।ਨਵੇਂ ਸਾਲ ਦੀ ਇਹ ਪਹਿਲੀ ਫਿਲਮ 5 ਜਨਵਰੀ ਨੂੰ ਰਲੀਜ਼ ਹੋ ਰਹੀ ਹੈ।ਫਿਲਮ ਦਾ ਟ੍ਰੇਲਰ ਸੋਸ਼ਲ ਮੀਡੀਆ ‘ਤੇ ਦਰਸ਼ਕਾਂ ਦੀ ਪਸੰਦ ਬਣਿਆ ਹੋਇਆ ਹੈ।ਨਾਮਵਾਰ ਗਾਇਕ ਦਲੇਰ ਮਹਿੰਦੀ ਦਾ ਗਾਇਆ ਫਿਲਮ ਦਾ ਟਾਈਟਲ ਗੀਤ ‘ਜੱਟਾ ਡੋਲੀਂ ਨਾ” ਨੌਜਵਾਨ ਪੀੜ੍ਹੀ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕਰ ਰਿਹਾ ਹੈ।
ਬੀ.ਐਮ.ਪੀ ਫਿਲਮਜ਼ ਦੇ ਬੈਨਰ ਹੇਠ ਬਣੀ ਨਿਰਮਾਤਾ ਨਰਿੰਦਰ ਸਿੰਘ ਦੀ ਇਸ ਫਿਲਮ ਨੂੰ ਭੁਪਿੰਦਰ ਸਿੰਘ ਬਮਰਾ ਨੇ ਡਾਇਰੈਕਟ ਕੀਤਾ ਹੈ।ਪੰਜਾਬੀ ਫਿਲਮ “ਜਿੰਦਰਾ” ਅਤੇ “ਸੌਂਹ ਮਿੱਟੀ ਦੀ” ਜ਼ਰੀਏ ਕਾਬਲ ਅਦਾਕਾਰ ਹੋਣ ਦਾ ਅਹਿਸਾਸ ਕਰਵਾ ਚੁੱਕਾ ਅਦਾਕਾਰ ਕਿਰਨਦੀਪ ਰਾਇਤ ਇਸ ਫਿਲਮ ਜਰੀਏ ਪਹਿਲੀ ਵਾਰ ਇੱਕ ਵੱਖਰੇ ਅੰਦਾਜ਼ ਵਿੱਚ ਵੱਡੇ ਪਰਦੇ ‘ਤੇ ਨਜ਼ਰ ਆਵੇਗਾ।ਇਸ ਫਿਲਮ ਦੀ ਹੀਰੋਇਨ ਪ੍ਰਭ ਗਰੇਵਾਲ ਹੈ।ਫਿਲਮ ਵਿੱਚ ਜਰਨੈਲ ਸਿੰਘ, ਨਰਿੰਦਰ ਨੀਨਾ, ਸਵਿੰਦਰ ਮਾਹਲ, ਪਰਮਿੰਦਰ ਗਿੱਲ, ਸੰਤੋਸ਼ ਮਲਹੋਤਰਾ, ਗੁਰਪ੍ਰੀਤ ਬੀ.ਐਮ.ਪੀ, ਸੰਨੀ ਗਿੱਲ, ਗੁਰਿੰਦਰ ਸਰਾਂ, ਸਿਮਰਜੀਤ ਸਿੰਘ ਅਤੇ ਸੁੱਗਲੀ-ਜੁਗਲੀ ਨੇ ਸ਼ਾਨਦਾਰ ਭੂਮਿਕਾ ਅਦਾ ਕੀਤੀ ਹੈ।ਨੈਸ਼ਨਲ ਖੇਡਾਂ ਵਿੱਚ ਸ਼ੁਮਾਰ ਕਰ ਚੁੱਕੀ ਖੇਡ ਮਾਰਸ਼ਲ ਆਰਟ ‘ਤੇ ਅਧਾਰਿਤ ਇਹ ਫਿਲਮ ਲੀਹ ਤੋਂ ਲੱਥੇ ਇਕ ਨੌਜਵਾਨ ਦੀ ਮੁੜ ਤੋਂ ਲੀਹ ‘ਤੇ ਆਉਣ ਦੀ ਕਹਾਣੀ ਹੈ, ਜੋ ਦਰਸ਼ਕਾਂ ਨੂੰ ਪ੍ਰਭਾਵਿਤ ਵੀ ਕਰਦੀ ਹੈ ਅਤੇ ਉਤਸ਼ਾਹਿਤ ਵੀ।ਇਹ ਮਨੋਰੰਜ਼ਨ ਭਰਪੂਰ ਡਰਾਮਾ ਫਿਲਮ ਹੈ, ਜੋ ਹਰ ਵਰਗ ਦੇ ਦਰਸ਼ਕਾਂ ਨੂੰ ਧਿਆਨ ਵਿੱਚ ਰੱਖ ਕੇ ਦਿਖਾਈ ਗਈ ਹੈ।ਫਿਲਮ ਦੇ ਟ੍ਰੇਲਰ ਮੁਤਾਬਿਕ ਇਸ ਫਿਲਮ ਵਿੱਚ ਇੱਕ ਖੂਬਸੂਰਤ ਪ੍ਰੇਮ ਕਹਾਣੀ ਵੀ ਹੈ।ਫਿਲਮ ਦੇ ਨਿਰਦੇਸ਼ਕ ਭੁਪਿੰਦਰ ਸਿੰਘ ਮੁਤਾਬਿਕ ਇਹ ਪੰਜਾਬੀ ਦੀ ਪਹਿਲੀ ਫਿਲਮ ਹੋਵੇਗੀ ਜੋ ਮਾਰਸ਼ਲ ਆਰਟ ਨੂੰ ਉਤਸ਼ਾਹਿਤ ਕਰਦੀ ਹੈ।ਹੁਣ ਇਹ ਖੇਡ ਸਿਰਫ ਨਿਹੰਗ-ਸਿੰਘਾਂ ਦੀ ਹੀ ਨਹੀੰ ਬਲਕਿ ਨੈਸ਼ਨਲ ਖੇਡਾਂ ਵਿੱਚ ਸ਼ਾਮਲ ਹੋਣ ਨਾਲ ਕੋਈ ਵੀ ਨੌਜਵਾਨ ਮਾਰਸ਼ਲ ਆਰਟ ਸਿੱਖ ਕੇ ਕੌਮੀ ਖੇਡਾਂ ਵਿੱਚ ਭਾਗ ਲੈ ਸਕਦਾ ਹੈ।ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਆਮ ਨੌਜਵਾਨ ਆਪਣੀ ਜ਼ਿੰਦਗੀ ਦੀ ਮੰਜ਼ਿਲ ਹਾਸਲ ਕਰਨ ਲਈ ਮਾਰਸ਼ਲ ਆਰਟ ਸਿੱਖਦਾ ਹੈ।ਡਾਇਰੈਕਟਰ ਮੁਤਾਬਿਕ ਇਸ ਫਿਲਮ ਦਾ ਹੀਰੋ ਇੱਕ ਸਿੱਖ ਨੌਜਵਾਨ ਕਿਰਨਦੀਪ ਰਾਇਤ ਹੈ।ਇਸ ਫਿਲਮ ਤੋਂ ਬਾਅਦ ਉਸ ਦਾ ਸ਼ੁਮਾਰ ਪੰਜਾਬੀ ਦੇ ਸਫਲ ਤੇ ਕਾਬਲ ਕਲਾਕਾਰਾਂ ਵਿੱਚ ਹੋਵੇਗਾ।
ਫਿਲਮ ਦੇ ਨਾਇਕ ਕਿਰਨਦੀਪ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਫਿਲਮ ਲਈ ਉਸ ਨੇ ਕਾਫੀ ਮਿਹਨਤ ਕੀਤੀ ਹੈ।ਉਹ ਸਿੱਖ ਪਰਿਵਾਰ ਨਾਲ ਸਬੰਧਿਤ ਹੈ।ਇਸ ਲਈ ਗੱਤਕਾ ਯਾਨੀ ਮਾਰਸ਼ਲ ਆਰਟ ਦੀ ਉਸ ਨੂੰ ਜਾਣਕਾਰੀ ਸੀ, ਪਰ ਉਸਨੇ ਇਸ ਫਿਲਮ ਲਈ ਬਕਾਇਦਾ ਇਸ ਦੀ ਟਰੇਨਿੰਗ ਲਈ ਹੈ।ਕਿਰਨਦੀਪ ਮੁਤਾਬਿਕ ਇਹ ਉਸਦੀ ਖੁਸ਼ਕਿਸਮਤੀ ਹੈ ਕਿ ਉਸਨੂੰ ਇਸ ਕਿਸਮ ਦੀ ਸ਼ਾਨਦਾਰ ਫਿਲਮ ਦਾ ਹਿੱਸਾ ਬਣਨ ਦਾ ਮਾਣ ਹਾਸਲ ਹੋਇਆ ਹੈ।ਬਿਨਾਂ ਸ਼ੱਕ ਇਹ ਫਿਲਮ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰੇਗੀ।ਕਈ ਮਿਊਜ਼ਿਕ ਵੀਡੀਓਜ਼ ਅਤੇ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੀ ਨਾਇਕਾ ਪ੍ਰਭ ਗਰੇਵਾਲ ਮੁਤਾਬਿਕ ਇਸ ਫਿਲਮ ਵਿੱਚ ਦਰਸ਼ਕ ਉਸ ਨੂੰ ਇੱਕ ਵੱਖਰੇ ਅੰਦਾਜ਼ ਵਿੱਚ ਦੇਖਣਗੇ।ਇਹ ਫਿਲਮ ਉਸ ਦੇ ਫਿਲਮੀ ਕੈਰੀਅਰ ਲਈ ਬੇਹੱਦ ਅਹਿਮ ਫਿਲਮ ਹੈ।ਇਸ ਫਿਲਮ ਤੋਂ ੳਸ ਨੂੰ ਵੱਡੀਆਂ ਉਮੀਦਾਂ ਹਨ।ਫਿਲਮ ਦੀ ਟੀਮ ਮੁਤਾਬਿਕ ਇਸ ਫਿਲਮ ਦਾ ਮਿਊਜ਼ਿਕ ਵੀ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ।ਫਿਲਮ ਦੇ ਗੀਤ ਮਾਹੀ, ਵਿਸ਼ਾਲ ਸੱਚਦੇਵਾ ਅਤੇ ਬਲਜੀਤ ਬੱਬਰ ਅਤੇ ਕੰਨਵ ਨੇ ਲਿਖੇ ਹਨ, ਜਿੰਨ੍ਹਾਂ ਨੂੰ ਆਵਾਜ਼ ਦਲੇਰ ਮਹਿੰਦੀ, ਸਪਿਰਾ ਗੋਇਲ, ਰੌਸ਼ਨ ਪ੍ਰਿੰਸ, ਨਛੱਤਰ ਗਿੱਲ, ਜੇ.ਐਸ.ਐਲ ਅਤੇ ਫਿਰੋਜ਼ ਖਾਨ ਨੇ ਦਿੱਤੀ ਹੈ।ਫਿਲਮ ਦਾ ਸੰਗੀਤ ਗੁਰਪ੍ਰੀਤ ਬੀ.ਐਮ.ਪੀ ਨੇ ਤਿਆਰ ਕੀਤਾ।ਪੰਜਾਬੀ ਸਿਨਮਾ ਨੂੰ ਚਾਰ ਚੰਨ ਲਾਉਣ ਜਾ ਰਹੀ ਇਸ ਫਿਲਮ ਨੂੰ ਸੋਸ਼ਲ ਮੀਡੀਆ ‘ਤੇ ਮਿਲ ਰਿਹਾ ਹੁੰਗਾਰਾ ਦੱਸਦਾ ਹੈ ਕਿ ਇਹ ਫਿਲਮ ਦਰਸ਼ਸ਼ਾਂ ਦੀ ਕਸਵੱਟੀ ‘ਤੇ ਖਰਾ ਉਤਰੇਗੀ। 2412202301

ਜ਼ਿੰਦ ਜਵੰਦਾ
ਮੋ – 9779591482
Punjab Post Daily Online Newspaper & Print Media