Saturday, May 2, 2026

ਮੇਰੇ ਲਈ ਕਾਵਿ-ਸਿਰਜਣਾ ਨਾਅਰੇਬਾਜ਼ੀ ਤੇ ਕ੍ਰਾਂਤੀ ਦੀ ਥਾਂ ਸੁਹਿਰਦ ਕਲਾਤਮਕ ਪੇਸ਼ਕਾਰੀ ਹੈ- ਅਜਾਇਬ ਸਿੰਘ ਹੁੰਦਲ

ਅੰਮ੍ਰਿਤਸਰ, 9 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਨਾਦ ਪ੍ਰਗਾਸੁ ਸੰਸਥਾ ਵੱਲੋਂ ਪੰਜਾਬੀ ਸਾਹਿਤ ਨਾਲ ਜੁੜੀਆਂ ਪ੍ਰਸਿੱਧ ਸ਼ਖਸ਼ੀਅਤਾਂ ਨਾਲ ਸਾਹਿਤਕ ਮਿਲਣੀ ਸੰਬੰਧਤ ਮਹੀਨਾਵਾਰ ਪ੍ਰੋਗਰਾਮ ਸਿਰਜਣ ਪ੍ਰਕਿਰਿਆ ਦੇ 13ਵੇਂ ਭਾਗ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਸ਼ਹਿਰ ਦੇ ਪ੍ਰਸਿੱਧ ਗ਼ਜ਼ਲਗੋ ਅਤੇ ਸ਼ਰੋਮਣੀ ਪੰਜਾਬੀ ਕਵੀ ਇਨਾਮ ਜੇਤੂ ਅਜਾਇਬ ਸਿੰਘ ਹੁੰਦਲ ਨੂੰ ਸਰੋਤਿਆਂ ਦੇ ਰੂ-ਬ-ਰੂ ਕਰਵਾਇਆ ਗਿਆ।ਜਿਸ ਵਿੱਚ ਉਨ੍ਹਾਂ ਇੱਕ ਸ਼ਾਇਰ ਦੇ ਤੌਰ ‘ਤੇ ਸਿਰਜਣਾ ਅਤੇ ਉਸ ਦੀ ਪੇਸ਼ਕਾਰੀ ਬਾਬਤ ਆਪਣੇ ਜੀਵਨ-ਅਨੁਭਵ ਨੂੰ ਸਾਂਝਾ ਕੀਤਾ।ਪੇਸ਼ੇ ਵਜੋਂ ਵਕੀਲ ਅਜਾਇਬ ਹੁੰਦਲ ਦੀਆਂ ਹੁਣ ਤੱਕ 22 ਕਾਵਿ-ਪੁਸਤਕਾਂ ਛੱਪ ਚੁੱਕੀਆਂ ਹਨ, ਜਿਹਨਾਂ ਵਿੱਚੋਂ 6 ਪੁਸਤਕਾਂ ਲੰਮੀਆਂ ਕਵਿਤਾਵਾਂ ਨਾਲ ਸੰਬੰਧਤ ਹੈ।
ਆਪਣੇ ਭਾਸ਼ਣ ਦੀ ਸ਼ੁਰੂਆਤ ਵਿੱਚ ਉਹਨਾਂ ਕਿਹਾ ਕਿ ਮੈਨੂੰ ਕਵਿਤਾ ਉਤਰਦੀ ਨਹੀਂ, ਸਗੋਂ ਮੈਂ ਕਵਿਤਾ ਨੂੰ ਘੜ੍ਹਦਾ ਹਾਂ।ਕਾਵਿ-ਸਿਰਜਣਾ ਦੌਰਾਨ ਉਹ ਕਿਸੇ ਬਾਹਰੀ ਘਟਨਾ ਤੋਂ ਪ੍ਰਭਾਵਿਤ ਜ਼ਰੂਰ ਹੁੰਦੇ ਹਨ, ਪਰ ਕਵਿਤਾ ਦੀ ਸਿਰਜਣਾ ਸਮੇਂ ਉਹ ਨਿੱਜ-ਅਨੁਭਵ ’ਤੇ ਨਿਰਭਰ ਹਨ।ਉਨ੍ਹਾਂ ਲਈ ਕਾਵਿ-ਸਿਰਜਣਾ ਨਾਅਰੇਬਾਜ਼ੀ ਅਤੇ ਕ੍ਰਾਂਤੀ ਦੀ ਥਾਂ ਸੁਹਿਰਦ ਕਲਾਤਮਕ ਪੇਸ਼ਕਾਰੀ ਹੈ।ਪੰਜਾਬੀ ਸਾਹਿਤ ਦੇ 1960 ਦੇ ਦੌਰ ਦੀਆਂ ਪ੍ਰਸਿੱਧ ਸਾਹਿਤਕ ਸ਼ਖਸ਼ੀਅਤਾਂ ਨਾਲ ਆਪਣੀਆਂ ਮੁਲਾਕਾਤਾਂ ਬਾਬਤ ਦੱਸਦਿਆਂ, ਉਨ੍ਹਾਂ ਕਿਹਾ ਕਿ ਉਹਨਾਂ ਦੀ ਕਾਵਿ-ਸਿਰਜਨਾ ਦੇ ਵਿਕਾਸ ਵਿੱਚ ਵਿਭਿੰਨ ਸੁਝਾਵਾਂ ਅਤੇ ਆਲੋਚਨਾਵਾਂ ਦਾ ਵੱਡਾ ਹਿੱਸਾ ਹੈ।ਕਾਵਿ-ਸਿਰਜਣਾ ਉਨ੍ਹਾਂ ਅਨੁਸਾਰ ਵਿਅਕਤੀ ਨੂੰ ਕਲਾ ਅਤੇ ਕਲਪਨਾ ਦੇ ਸੁਮੇਲ ਅਤੇ ਸਤੰੁਲਨ ਕਰਨਾ ਸਿਖਾਉਂਦੀ ਹੈ।ਆਪਣੇ ਭਾਸ਼ਣ ਦੀ ਸਮਾਪਤੀ ਉਨ੍ਹਾਂ ਆਪਣੀ ਮਨਪਸੰਦ ਗਜ਼ਲਾਂ ਅਤੇ ਕਵਿਤਾਵਾਂ ਨੂੰ ਸਰੋਤਿਆਂ ਸਾਂਹਵੇਂ ਪੇਸ਼ ਕਰਦਿਆਂ ਕੀਤੀ।ਭਾਸ਼ਣ ਤੋਂ ਬਾਅਦ ਸੰਸਥਾ ਵੱਲੋਂ ਆਯੋਜਿਤ ਸੰਵਾਦ ਪੜਾਅ ਵਿੱਚ ਉਨ੍ਹਾਂ ਵਿਦਿਆਰਥੀਆਂ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦੇ ਜੁਆਬ ਦਿੱਤੇ।
ਇਸ ਤੋਂ ਬਾਅਦ ਪੋ੍ਰਗਰਾਮ ਦੇ ਦੂਸਰੇ ਪੜਾਅ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਹੈ।ਜਿਸ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਭਾਗਾਂ ਤੋਂ ਨੌਜਵਾਨ ਕਵੀਆਂ ਨੇ ਭਾਗ ਲਿਆ।ਸੁਰਿੰਦਰ ਸਿੰਘ, ਚਰਨਜੀਤ ਸਿੰਘ, ਉਮਰਵੀਰ, ਸੁਮਿਤ, ਕੋਮਲ, ਗੁਰਪ੍ਰੀਤ ਸਿੰਘ ਪ੍ਰੀਤ ਅਤੇ ਅਰਸ਼ਦੀਪ ਸਿੰਘ ਆਦਿ ਕਵੀਆਂ ਨੇ ਆਪਣੀ ਕਵਿਤਾਵਾਂ ਨਾਲ ਸ੍ਰੋਤਿਆਂ ਨੂੰ ਮੰਤਰ-ਮੁਗਧ ਕੀਤਾ।
ਇਸ ਮੌਕੇ ਸੈਂਟਰਲ ਯੂਨੀਵਰਸਿਟੀ ਕਸ਼ਮੀਰ ਤੋਂ ਪ੍ਰੋ. ਹਰਪਾਲ ਸਿੰਘ, ਗਿਆਨੀ ਸੋਹਣ ਸਿੰਘ ਸੀਤਲ ਢਾਡੀ ਕਵੀਸ਼ਰ ਗੁਰਮਤਿ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੰਵਲਪ੍ਰੀਤ ਸਿੰਘ, ਗੁਰਜੰਟ ਸਿੰਘ, ਗੁਰਚੇਤਨ ਸਿੰਘ, ਇਸੰਪੈਕਟਰ ਰਮਨਜੋਤ ਸਿੰਘ, ਡਾ. ਵਿਨੋਦ, ਰਾਜਿੰਦਰ ਸ਼ਰਮਾ, ਅਨਮੋਲ, ਕੁਲਦੀਪ ਰਾਜ, ਸੋਰਭ ਬੇਦੀ ਅਤੇ ਬੰਟੀ ਵੀ ਹਾਜ਼ਰ ਸਨ। ਸੰਸਥਾਂ ਵੱਲੋਂ ਗੁਰਚੇਤਨ ਸਿੰਘ ਨੇ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ‘ਤੇ ਹਾਜ਼ਰ ਅਜਾਇਬ ਸਿੰਘ ਹੁੰਦਲ ਅਤੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਵਾਸੀਆਂ ਅਤੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਕਲਾਤਮਕ ਅਨੁਭਵਾਂ ਦੀ ਪਹਿਚਾਣ ਅਤੇ ਇਸ ਦੀ ਪੇਸ਼ਕਾਰੀ ਬਾਬਤ ਸਿੱਖਣ ਲਈ ਹੁੰਦਲ ਜੀ ਜਿਹੇ ਕਵੀਆਂ ਅਤੇ ਸੰਸਥਾਂ ਦੀ ਸਾਹਿਤਕ ਗਤੀਵਿਧੀਆਂ ਨਾਲ ਜੁੜਣਾ ਚਾਹੀਦਾ ਹੈ।ਮੰਚ ਸੰਚਾਲਨ ਹੀਰਾ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …