Friday, October 18, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 25ਵੀਂ ਵਾਰ ਮਿਲੀ ‘ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ”

ਰਾਸ਼ਟਰਪਤੀ ਵਲੋਂ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੂੰ ਖੇਡਾਂ ਦੀ ਸਰਵਉੱਚ ਟਰਾਫੀ ਭੇਟ
ਅੰਮ੍ਰਿਤਸਰ, 10 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਭਾਰਤ ਦੇ ਮਾਨਯੋਗ ਰਾਸ਼ਟਰਪਤੀ ਸ੍ਰੀਮਤੀ ਦਰਪਦੀ ਮੁਰਮੂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਡਾ. ਜਸਪਾਲ ਸਿੰਘ ਸੰਧੂ ਨੂੰ ਰਾਸ਼ਟਰਪਤੀ ਭਵਨ ਵਿਚ ਹੋਏ ਇਕ ਵਿਸ਼ੇਸ਼ ਸਮਾਗਮ ਵਿੱਚ ਦੇਸ਼ ਦੀ ਖੇਡਾਂ ਦੀ ਸਰਵਉੱਚ ‘ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ’ ਪ੍ਰਦਾਨ ਕੀਤੀ।ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਹ ਟਰਾਫੀ ਰਿਕਾਰਡ 25ਵੀਂ ਵਾਰ ਪ੍ਰਾਪਤ ਕੀਤੀ ਅਤੇ ਇਸ ਦੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਿਲਵਰ ਜੁਬਲੀ ਮਾਕਾ ਟਰਾਫੀ ਦਾ ਨਵਾਂ ਰਿਕਾਰਡ ਵੀ ਬਣਿਆ। ਟਰਾਫੀ ਪ੍ਰਾਪਤ ਕਰਨ ਮੌਕੇ ਉਨ੍ਹਾਂ ਨਾਲ ਡਾ. ਕੰਵਰ ਮਨਦੀਪ ਸਿੰਘ, ਇੰਚਾਰਜ਼ ਸਪੋਰਟਸ/ਦਫਤਰ ਡਾਇਰੈਕਟਰ ਸਪੋਰਟਸ ਹਾਜ਼ਰ ਸਨ।ਸਮਾਗਮ ਵਿੱਚ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਵੀ ਹਾਜ਼ਰ ਸਨ।
ਰਾਸ਼ਟਰਪਤੀ ਵੱਲੋਂ ਇਸ ਮੌਕੇ ਵਾਈਸ-ਚਾਂਸਲਰ ਪ੍ਰੋ. ਸੰਧੂ ਨੂੰ ਖੇਡਾਂ ਦੇ ਵਿਕਾਸ ਅਤੇ ਤਰੱਕੀ ਲਈ 15 ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਅਤੇ ਟਰਾਫੀਆਂ ਦਾ ਰਿਪਲੇਕੀਆ ਭੇਟ ਕੀਤਾ ਗਿਆ।ਟਰਾਫੀ ਪ੍ਰਦਾਨ ਕਰਨ ਤੋਂ ਪਹਿਲਾਂ ਯੂਨੀਵਰਸਿਟੀ ਦੀਆਂ ਖੇਡ ਪ੍ਰਾਪਤੀਆਂ ਬਾਰੇ ਇੱਕ ਸ਼ੋਭਾ ਪੱਤਰ ਵੀ ਪੜ੍ਹਿਆ ਗਿਆ।
ਯੂਨੀਵਰਸਿਟੀ ਨੇ ਇਹ ਵੱਕਾਰੀ ਟਰਾਫੀ 25ਵੀਂ ਵਾਰ ਜਿੱਤ ਕੇ ਖੇਡਾਂ ਦੇ ਖੇਤਰ ਵਿੱਚ ਕੌਮੀ ਪੱਧਰ `ਤੇ ਇੱਕ ਨਵਾਂ ਤੇ ਸ਼ਾਨਦਾਰ ਇਤਿਹਾਸ ਸਿਰਜਿਆ ਹੈ।ਇਸ ਤੋਂ ਪਹਿਲਾਂ ਇਹ ਟਰਾਫੀ ਯੂਨੀਵਰਸਿਟੀ ਵੱਲੋਂ ਸਾਲ 2017-18 ਅਤੇ 21-22 ਦੀ ਟਰਾਫੀ ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਪ੍ਰਾਪਤ ਕੀਤੀ ਸੀ।ਯੂਨੀਵਰਸਿਟੀ ਨੇ ਖੇਡਾਂ ਦੇ ਖੇਤਰ ਵਿੱਚ ਸਾਲ 2022-2023 ਵਿੱਚ ਸਭ ਤੋਂ ਵਧੀਆ ਪ੍ਰਦਰਸ਼ਣ ਕਰਦੇ ਹੋਏ ਭਾਰਤ ਦੀ ਸਰਵੋਤਮ ਮਾਕਾ ਟ੍ਰਾਫੀ ਨੂੰ ਜਿੱਤਣ ਦਾ ਮੁਕਾਮ ਹਾਸਿਲ ਕੀਤਾ ਹੈ।ਯੂਨੀਵਰਸਿਟੀ ਨੇ ਅੰਤਰ-ਰਾਸ਼ਟਰੀ, ਰਾਸ਼ਟਰੀ ਅਤੇ ਅੰਤਰ-ਯੂਨੀਵਰਸਿਟੀ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਸਾਲ 2022-2023 ਵਿੱਚ ਸੱਭ ਤੋਂ ਜ਼ਿਆਦਾ ਤਮਗੇ ਜਿੱਤੇ ਅਤੇ ਮਾਕਾ ਟ੍ਰਾਫੀ ਜਿੱਤਣ ਲਈ ਆਪਣੀ ਦਾਵੇਦਾਰੀ ਪੇਸ਼ ਕੀਤੀ ।
ਭਾਰਤ ਸਰਕਾਰ ਦੇ ਸਿਖਿਆ ਮੰਤਰਾਲੇ ਵਲੋਂ 1956-57 ਵਿਚ ਦੇਸ਼ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਨਾਂ `ਤੇ ਸ਼ੁਰੂ ਕੀਤੀ ਗਈ ਇਹ ਟਰਾਫੀ ਦੇਸ਼ ਦੇ ਰਾਸ਼ਟਰਪਤੀ ਵੱਲੋਂ ਹਰ ਵਰ੍ਹੇ ਉਸ ਯੂਨੀਵਰਸਿਟੀ ਨੂੰ ਪ੍ਰਦਾਨ ਕੀਤੀ ਜਾਂਦੀ ਹੈ, ਜੋ ਖੇਡਾਂ ਦੇ ਖੇਤਰ ਵਿਚ ਸਰਵਪੱਖੀ ਵਧੀਆ ਕਾਰਗੁਜ਼ਾਰੀ ਦਿਖਾਉਂਦੀ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ, ਆਪਣੇ ਖੇਡ ਕੈਰੀਅਰ ਦੇ 54 ਸਾਲਾ ਦੌਰਾਨ ਇਸ ਟਰਾਫੀ ਲਈ ਅਕਸਰ ਕੋਈ ਨਾ ਕੋਈ ਪੁਜੀਸ਼ਨ ਹਰ ਸਾਲ ਲੈਂਦੀ ਆਈ ਹੈ।
ਵਾਈਸ-ਚਾਂਸਲਰ ਪ੍ਰੋ.ਸੰਧੂ ਨੇ ਟਰਾਫੀ ਪ੍ਰਾਪਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਮਾਣ ਮਹਿਸੂਸ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚੋਂ ਅਜੇ ਤੱਕ ਕੋਈ ਵੀ ਯੂਨੀਵਰਸਿਟੀ ਏਨੀ ਵਾਰ ਇਹ ਟਰਾਫੀ ਪ੍ਰਾਪਤ ਨਹੀਂ ਕਰ ਸਕੀ।ਇਹ ਮਾਣ ਤੇ ਸਨਮਾਨ ਕੇਵਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਹੀ ਨਹੀਂ ਮਿਲਿਆ, ਸਗੋਂ ਇਹ ਮਾਣ ਸਮੁੱਚੇ ਪੰਜਾਬ ਅਤੇ ਸਮੂਹ ਪੰਜਾਬੀਆਂ ਦੇ ਹਿੱਸੇ ਆਇਆ ਹੈ।
ਉਨ੍ਹਾਂ ਕਿਹਾ ਕਿ ਇਸ ਅਨੂਠੀ ਪ੍ਰਾਪਤੀ ਲਈ ਅਸਲ ਹੱਕਦਾਰ ਸਾਡੇ ਉੱਘੇ ਖਿਡਾਰੀ ਹਨ, ਜਿਨ੍ਹਾਂ ਦੀ ਸਖਤ ਮਿਹਨਤ ਅਤੇ ਲਗਨ ਸਦਕਾ, ਯੂਨੀਵਰਸਿਟੀ ਇਹ ਟਰਾਫੀ ਪ੍ਰਾਪਤ ਕਰਨ ਵਿੱਚ 25ਵੀਂ ਵਾਰ ਕਾਮਯਾਬ ਹੋਈ ਹੈ। ਉਨ੍ਹਾਂ ਨੇ ਇਸ ਮਹੱਤਵਪੂਰਨ ਪ੍ਰਾਪਤੀ `ਤੇ ਕਾਲਜਾਂ ਦੇ ਪ੍ਰਿੰਸੀਪਲਾਂ, ਕੋਚਾਂ, ਖੇਡ ਅਧਿਆਪਕਾਂ ਅਤੇ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ।ਉਨਾਂ ਦੱਸਿਆ ਕਿ ਯੂਨੀਵਰਸਿਟੀ ਨੇ ਹੁਣ ਤੱਕ 6 ਪਦਮਸ਼੍ਰੀ, ਦੋ ਦਰੋਣਾਚਾਰੀਆ, ਦੋ ਧਿਆਨ ਚੰਦ ਅਵਾਰਡੀ, 36 ਅਰਜੁਨ ਅਵਾਰਡੀ ਅਤੇ 44 ਮਹਾਰਾਜਾ ਰਣਜੀਤ ਸਿੰਘ ਐਵਾਰਡੀ ਹੋਰ ਕਈ ਪ੍ਰਾਪਤੀਆਂ ਦੇਸ਼ ਦੀ ਝੋਲੀ ਪਾਈਆਂ ਹਨ।ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵਲੋਂ ਯੂਨੀਵਰਸਿਟੀ ਦੀਆਂ ਸ਼ਲਾਘਾਯੋਗ ਖੇਡ ਪ੍ਰਾਪਤੀਆਂ ਨੂੰ ਮੁੱਖ ਰਖਕੇ ਯੂਨੀਵਰਸਿਟੀ ਕੈਂਪਸ ਵਿਖੇ ਸੈਂਟਰ ਆਫ ਐਕਸਾਲੈਂਸ ਇਨ ਸਪੋਰਟਸ ਸਾਇੰਸਜ਼ ਅਤੇ ਜੀ.ਐਨ.ਡੀ.ਯੂ ਡਿਪਾਰਟਮੈਂਟ ਆਫ ਸਪੋਰਟਸ ਸਾਇੰਸਜ਼ ਐਂਡ ਮੈਡੀਸਨ ਸਥਾਪਿਤ ਕੀਤਾ ਗਿਆ ਹੈ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …