ਅੰਮ੍ਰਿਤਸਰ, 9 ਜਨਵਰੀ (ਸੁਖਬੀਰ ਸਿੰਘ) – ਜ਼ਿਲਾ ਚੋਣ ਅਫ਼ਸਰ ਘਨਸ਼ਾਮ ਥੋਰੀ ਨੇ ਸ਼੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਵੋਟਰ ਸੂਚੀਆਂ ਦੀ ਤਿਆਰੀ
ਸਬੰਧੀ ਐਸ.ਡੀ.ਐਮ ਨਾਲ ਕੀਤੀ ਮੀਟਿੰਗ ਨੂੰ ਸੰਬੋਧਨ ਕਰਦੇ ਕਿਹਾ ਕਿ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਜਾਰੀ ਕੀਤੀ ਨਵੀਂ ਸਮਾਂ ਸਾਰਨੀ ਤਹਿਤ ਵੋਟਰ ਸੂਚੀ ਵਿੱਚ ਰਜਿਸਟਰੇਸ਼ਨ ਕੇਵਲ 29 ਫਰਵਰੀ 2024 ਤੱਕ ਕੀਤੀ ਜਾਣੀ ਹੈ, ਜਦਕਿ ਅਜੇ ਤੱਕ ਵੋਟਰਾਂ ਨੇ ਬਹੁਤ ਘੱਟ ਫਾਰਮ ਜਮ੍ਹਾਂ ਕਰਵਾਏ ਹਨ।ਉਨਾਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਕਿਹਾ ਕਿ ਸਾਡੇ ਕੋਲ ਆਮ ਚੋਣਾਂ ਲਈ 19 ਲੱਖ ਦੇ ਕਰੀਬ ਦੇ ਵੋਟਰ ਹਨ ਅਤੇ 2011 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਵੋਟਰਾਂ ਦੀ ਗਿਣਤੀ ਵੀ 6 ਲੱਖ ਦੇ ਨੇੜੇ ਸੀ, ਜਦਕਿ ਹੁਣ ਤੱਕ ਸਾਡੇ ਕੋਲ 68849 ਵੋਟਰਾਂ ਨੇ ਹੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਲਈ ਆਪਣੇ ਫਾਰਮ ਜਮ੍ਹਾਂ ਕਰਵਾਏ ਹਨ, ਜੋ ਕਿ ਕਿਸੇ ਤਰਾਂ ਵੀ ਤਰਕ ਸੰਗਤ ਨਹੀਂ।ਉਨਾਂ ਪਟਵਾਰੀਆਂ ਦੇ ਨਾਲ-ਨਾਲ ਆਮ ਚੋਣਾਂ ਲਈ ਕੰਮ ਕਰਨ ਵਾਲੇ ਬੀ.ਐਲ.ਓ ਅਤੇ ਸੈਕਟਰ ਅਫਸਰ ਦੀ ਸਹਾਇਤਾ ਵੀ ਲੈਣ ਦੀ ਹਦਾਇਤ ਕਰਦੇ ਕਿਹਾ ਕਿ ਵੱਧ ਤੋਂ ਵੱਧ ਯੋਗ ਲੋਕਾਂ ਦੇ ਨਾਮ ਵੋਟਰ ਸੂਚੀ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਇਸ ਲਈ ਹਰੇਕ ਘਰ ਤੱਕ ਪਹੁੰਚ ਕਰੋ।ਉਨਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਸਿੱਖ ਅਬਾਦੀ ਵੱਡੀ ਗਿਣਤੀ ਵਿੱਚ ਹੈ, ਇਸ ਲਈ ਵੱਧ ਤੋਂ ਵੱਧ ਵੋਟਰ ਸ਼੍ਰੋਮਣੀ ਕਮੇਟੀ ਚੋਣਾਂ ਲਈ ਦਰਜ਼ ਕਰਨੇ ਯਕੀਨੀ ਬਣਾਏ ਜਾਣ।ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਲਾਭ ਲੈਣ ਤੇ ਹਰੇਕ ਯੋਗ ਵੋਟਰ ਆਪਣੇ ਫਾਰਮ ਹਲਕਾ ਪਟਵਾਰੀ ਜਾਂ ਬੀ.ਐਲ.ਓ ਨੂੰ ਦੇਵੇ।
ਉਨ੍ਹਾਂ ਨੇ ਦੱਸਿਆ ਕਿ ਮੁੱਢਲੀ ਪ੍ਰਕਾਸ਼ਿਤ ਵੋਟਰ ਸੂਚੀ ਤੇ ਦਾਅਵੇ/ਇਤਰਾਜ਼ 11 ਅਪ੍ਰੈਲ ਤੱਕ ਪ੍ਰਾਪਤ ਕੀਤੇ ਜਾਣਗੇ ਅਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 3 ਮਈ 2024 ਨੂੰ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਜੋ ਵੀ ਯੋਗ ਵੋਟਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ (ਬੋਰਡ) ਲਈ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ਼ ਕਰਵਾਉਣਾ ਚਾਹੁੰਦਾ ਹੈ ਉਹ ਫਾਰਮ ਨੰਬਰ 1 ਭਰਕੇ ਪੇਂਡੂ ਖੇਤਰਾਂ ਵਿੱਚ ਸਬੰਧਤ ਹਲਕਾ ਪਟਵਾਰੀ ਅਤੇ ਸ਼ਹਿਰੀ ਖੇਤਰ ਵਿੱਚ ਨਗਰ ਨਿਗਮ/ਨਗਰ ਕੌਸਲ ਜਾਂ ਲੋਕਲ ਅਥਾਰਟੀ ਦੇ ਕਰਮਚਾਰੀ ਜਿੰਨਾਂ ਨੂੰ ਰਿਵਾਇਜ਼ ਅਥਾਰਟੀ ਵਜੋਂ ਨਿਯੁੱਕਤ ਕੀਤਾ ਗਿਆ ਹੈ, ਪਾਸ ਜਮਾਂ ਕਰਵਾ ਸਕਦਾ ਹੈ।ਉਨਾਂ ਕਿਹਾ ਕਿ ਜਿਹੜੇ ਬਿਨੈਕਾਰ ਸਿੱਖ ਗੁਰਦੁਆਰਾ ਬੋਰਡ ਰੂਲਜ਼ 1959 ਦੇ ਰੂਲ ਨੰਬਰ 3 ਅਧੀਨ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਉਹ ਵਿਅਕਤੀ ਹੀ ਫਾਰਮ ਨੰਬਰ 1 ਭਰ ਸਕਦੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਬਿਨੈਕਾਰ ਮਿਤੀ 21 ਅਕਤੂਬਰ 2023 ਨੂੰ 21 ਸਾਲ ਜਾਂ ਉਸ ਤੋਂ ਵੱਧ ਉਮਰ ਪੂਰੀ ਕਰਦਾ ਹੋਵੇ, ਬਿਨੈਕਾਰ ਆਪਣੀ ਤਾਜ਼ਾ ਸਵੈ-ਤਸਦੀਕਸ਼ੁਦਾ ਫੋਟੋ ਨਾਲ ਨੱਥੀ ਕਰੇਗਾ, ਫਾਰਮ ਨੰਬਰ 1 ਵਿੱਚ ਦਰਜ਼ ਸਵੈ ਘੋਸ਼ਣਾ ਭਰਨੀ ਲਾਜ਼ਮੀ ਹੈ ਅਤੇ ਆਧਾਰ ਕਾਰਡ, ਵੋਟਰ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੰਸ, ਸਰਵਿਸ ਪਹਿਚਾਣ ਪੱਤਰ ਸਮੇਤ ਫੋਟੋਗ੍ਰਾਫ, ਬੈਂਕ ਜਾਂ ਡਾਕਘਰ ਦੀ ਪਾਸਬੁੱਕ ਸਮੇਤ ਫੋਟੋਗ੍ਰਾਫ, ਪੈਨ ਕਾਰਡ, ਸਮਾਰਟ ਕਾਰਡ, ਨੈਸ਼ਨਲ ਪਾਪੂਲੇਸ਼ਨ ਰਜਿਸਟਰਡ ਦਾ ਆਰ.ਜੀ.ਆਈ ਕਾਰਡ, ਮਗਨਰੇਗਾ ਜਾਬ ਕਾਰਡ, ਸਿਹਤ ਬੀਮਾ ਸਮਾਰਟ ਕਾਰਡ, ਪੈਨਸ਼ਨ ਦਸਤਾਵੇਜ਼ ਸਮੇਤ ਫੋਟੋਗ੍ਰਾਫ, ਐਮ.ਪੀ, ਐਮ.ਐਲ.ਏ ਮੈਂਬਰ ਵਿਧਾਨ ਪ੍ਰੀਸ਼ਦ ਨੂੰ ਜਾਰੀ ਦਫ਼ਤਰੀ ਪਹਿਚਾਣ ਪੱਤਰ ਆਦਿ ਦਸਤਾਵੇਜਾਂ ਵਿੱਚੋਂ ਕੋਈ ਵੀ ਇੱਕ ਦਸਤਾਵੇਜ਼ ਨਾਲ ਨਥੀ ਕਰੇਗਾ।
ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ, ਪੁੱਡਾ ਦੇ ਪ੍ਰਸ਼ਾਸਕ ਰਜਤ ਉਬਰਾਏ, ਐਸ.ਡੀ.ਐਮ ਅਰਵਿੰਦਰਪਾਲ ਸਿੰਘ, ਐਸ.ਡੀ.ਐਮ ਨਿਕਾਸ ਕੁਮਾਰ, ਐਸ.ਡੀ.ਐਮ ਮਨਕੰਵਲ ਸਿੰਘ ਚਾਹਲ, ਐਸ.ਡੀ.ਐਮ ਲੋਪੋਕੇ ਸ੍ਰੀਮਤੀ ਮਨਜੀਤ ਕੌਰ, ਸਹਾਇਕ ਕਮਿਸ਼ਨਰ ਮੈਡਮ ਗੁਰਸਿਮਰਨ ਕੌਰ, ਤਹਿਸੀਲਦਾਰ ਇੰਦਰਜੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media