ਮੈਕਸੀਕੋ ਅਤੇ ਪੰਜਾਬੀ ਫੋਕ ਸੁਮੇਲ ਦਾ ਦਿੱਸਿਆ ਅਦਭੁੱਤ ਨਜ਼ਾਰਾ
ਅੰਮ੍ਰਿਤਸਰ, 2 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਅੱਜ ਮੈਕਸੀਕੋ ਤੋਂ
ਆਏ ਕਲਾਕਾਰਾਂ ਨੇ ‘7ਵੇਂ ਖਾਲਸਾ ਕਾਲਜਿਸ ਇੰਟਰਨੈਸ਼ਨਲ ਫ਼ੋਕ ਫ਼ੈਸਟੀਵਲ’ ਦੌਰਾਨ ਕਲਾ ਦੇ ਜੌਹਰ ਵਿਖਾਏ।ਇਸ ਰੰਗਾਰੰਗ ਪ੍ਰੋਗਰਾਮ ਦੌਰਾਨ ਮੈਕਸੀਕੋ ਤੋਂ ਮੈਕਸੀਕਨ ਲੋਕ ਸੰਗ੍ਰਹਿ ‘ਟਿਏਰਾ ਮੇਸਟੀਜ਼ਾ’ ਦੁਆਰਾ ਮੈਕਸੀਕਨ ਡਾਂਸ ਗਰੁੱਪ ਨੇ ਆਪਣੇ ਦੇਸ਼ ਦੇ ਰਵਾਇਤੀ ਗਾਣ ਅਤੇ ਡਾਂਸ ਨਾਲ ਸਰੋਤਿਆਂ ਨੂੰ ਕਾਇਲ ਕੀਤਾ।
ਵੱਖ-ਵੱਖ ਪ੍ਰੋਗਰਾਮਾਂ ਸਮੇਂ ਪੰਜਾਬ ਦੇ ਅਮੀਰ ਵਿਰਸੇ ਦੀ ਝਲਕ ਵੇਖਣ ਨੂੰ ਮਿਲੀ, ਜਦਕਿ ਕਾਲਜ ਦੇ ਵਿਦਿਆਰਥੀਆਂ ਨੇ ਵੈਸਟਰਨ ਸਾਂਗ, ਕਸ਼ਮੀਰੀ ਡਾਂਸ, ਨਾਟੀ ਡਾਂਸ (ਹਿਮਾਚਲ ਫੋਕ), ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਗੱਤਕਾ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ਕਵੀਸ਼ਰੀ, ਸੋਲੋ ਫੋਕ ਡਾਂਸ, ਫੋਕ ਸਾਂਗ ਅਤੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਗਿੱਧੇ ਦੀਆਂ ਪੇਸ਼ਕਾਰੀਆਂ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤੀਆਂ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਤੇ ਪੰਜਾਬ ਕਲਚਰਲ ਪ੍ਰੋਮੋਸ਼ਨ ਕਾਊਂਸਿਲ ਵਲੋਂ ਸਾਂਝੇ ਤੌਰ ’ਤੇ ਪੇਸ਼ ਕੀਤੇ ਗਏ ਇਸ ਪ੍ਰੋਗਰਾਮ ਦੌਰਾਨ ਮੈਕਸੀਕੋ ਦੀ ਵਿਰਾਸਤ ਦਾ ਇਕ ਸ਼ਾਨਦਾਰ ਨਮੂਨਾ ਪੇਸ਼ ਕਰਦਿਆਂ ਮੈਕਸੀਕਨ ਦੇਸ਼ ਦੇ ਰਵਾਇਤੀ ਲੋਕ ਨਾਚ ਅਤੇ ਗਾਇਕੀ ਨੂੰ ਸੁਨਹਿਰੇ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ।ਖ਼ਾਲਸਾ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਅਤੇ ਫੈਸਟੀਵਲ ਦੇ ਪੈਟਰਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਸਾਨੂੰ ਇਕ ਦੂਸਰੇ ਦੇ ਵਿਰਸੇ ਤੇ ਸੱਭਿਆਚਾਰਾਂ ’ਚ ਸਾਂਝੀਵਾਲਤਾ ਬਾਰੇ ਜਾਣਨ ਦਾ ਮੌਕਾ ਮਿਲਦਾ ਹੈ।
ਇਸ ਤੋਂ ਪਹਿਲਾਂ ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਨੇ ਆਏ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ।ਪੰਜਾਬ ਕਲਚਰਲ ਕੌਂਸਲ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਇਹ ਫੈਸਟੀਵਲ ਸੀਰੀਜ਼ ਦਾ 7ਵਾਂ ਮੇਲਾ ਹੈ।ਇਸ ਅੰਤਰਰਾਸ਼ਟਰੀ ਫ਼ੈਸਟੀਵਲ ਦਾ ਮਕਸਦ ਖ਼ਾਲਸਾ ਕਾਲਜ ਦੀ ਅਮੀਰ ਵਿਰਾਸਤ ਨੂੰ ਦੁਨੀਆ ਭਰ ਦੀਆਂ ਕੌਮਾਂ ਅਤੇ ਸੱਭਿਆਚਾਰ ਤੱਕ ਪਹੁੰਚਾਉਣਾ ਹੈ।
ਉਕਤ 11 ਮੈਂਬਰੀ ਵਫ਼ਦ ਕਲਾਕਾਰ ਡਾਂਸਰ/ਮੈਨੇਜ਼ਰ ਕੈਰੋਲੀਨਾ ਓਰਦਾਜ਼ ਔਰਟੀਜ਼ ਦੀ ਅਗਵਾਈ ’ਚ ਜਿਸ ’ਚ ਉਨ੍ਹਾਂ ਦੇ ਸਾਥੀ ਅਸਿਸਟੈਂਟ ਮੈਨੇਜ਼ਰ ਇਟਜੈਲ ਗੌਂਆਡਲਿਊਪੇਅ, ਐਲਿਜ਼ਾਬੈਥ, ਸਾਰਾ, ਏਰੀਕਾ ਲਿਲੀਅਨ, ਮਾਰੀਆ ਸੋਲੇਦਾਦ, ਰੋਡਰਿਗੋ, ਹੂਗੋ ਮੌਰੀਸੀਓ, ਓਮਰ ਅਲੇਜੈਂਡਰੋ, ਅਲਫੋਂਸੋ ਅਤੇ ਨੋ ਜੇਰੋਨੀਮੋ ਆਦਿ ਮੈਂਬਰ ਸ਼ਾਮਲ ਸਨ, ਉਨਾਂ ਦਾ ਕਹਿਣਾ ਸੀ ਕਿ ਉਹ ਪੰਜਾਬੀ ਸੱਭਿਆਚਾਰ ਦੀ ਦਿਲਕਸ਼ ਪੇਸ਼ਕਾਰੀ ਨਾਲ ਰੂ-ਬ-ਰੂ ਹੋਏ ਹਨ ਅਤੇ ਇਸ ਨੂੰ ਵੇਖ ਕੇ ਉਹ ਪੰਜਾਬੀਆਂ ਦੇ ਮਹਾਨ ਸੱਭਿਆਚਾਰ ’ਤੇ ਫ਼ਖਰ ਮਹਿਸੂਸ ਕਰ ਰਹੇ ਹਨ। ਉਕਤ ਵਿਦੇਸ਼ੀ ਕਲਾਕਾਰ ਮੁੰਡੇ-ਕੁੜੀਆਂ ਨੇ ਕਾਲਜ ਵਿਦਿਆਰਥੀਆਂ ਨਾਲ ਭੰਗੜਾ ਪਾ ਕੇ ਚਾਅ ਲਾਹਿਆ।
ਇਸ ਪ੍ਰੋਗਰਾਮ ਮੌਕੇ ਕਾਲਜ ਪ੍ਰਿੰਸੀਪਲ ਡਾ. ਮਨਦੀਪ ਕੌਰ ਨੇ ਆਪਣੇ ਭਾਸ਼ਣ ਦੌਰਾਨ ਜਿਥੇ ਵਿਦੇਸ਼ੀ ਕਲਾਕਾਰਾਂ ਦਾ ਸਵਾਗਤ ਕੀਤ ।ਦਵਿੰਦਰ ਸਿੰਘ ਛੀਨਾ, ਡਾ. ਮੰਜ਼ੂ ਬਾਲਾ, ਡਾ. ਮਨਦੀਪ ਕੌਰ ਅਤੇ ਡੀ.ਐਸ ਰਟੌਲ ਨੇ ਆਏ ਮਹਿਮਾਨਾਂ ਅਤੇ ਵੱਖ-ਵੱਖ ਪੇਸ਼ਕਾਰੀਆਂ ਦੇਣ ਵਾਲੇ ਵਿਦਿਆਰਥੀਆਂ ਦੀ ਸਨਮਾਨ ਚਿੰਨ੍ਹ ਭੇਟ ਕਰਕੇ ਹੌਂਸਲਾ ਅਫ਼ਜਾਈ ਕੀਤੀ।
ਇਸ ਮੌਕੇ ਕੌਂਸਲ ਦੇ ਮੈਂਬਰ ਗੁਰਮੋਹਿੰਦਰ ਸਿੰਘ, ਤਜਿੰਦਰ ਸਿੰਘ, ਹਰਪ੍ਰੀਤ ਸਿੰਘ ਭੱਟੀ, ਗੁਰਪ੍ਰੀਤ ਸਿੰਘ ਰਟੌਲ, ਗੁਰਿੰਦਰ ਸਿੰਘ ਮਹਿਰੋਕ, ਗੁਰਪ੍ਰੀਤ ਸਿੰਘ ਰਿਆੜ, ਅਜੈਪਾਲ ਸਿੰਘ ਢਿੱਲੋਂ, ਨਗਿੰਦਰਪਾਲ ਸਿੰਘ ਅਤੇ ਕਾਲਜ ਦੀ ਸੀਨੀਅਰ ਫੈਕਲਟੀ ਮੈਂਬਰ ਆਦਿ ਤੋਂ ਇਲਾਵਾ ਹੋਰ ਕਾਲਜ ਸਟਾਫ਼ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media