ਅੰਮ੍ਰਿਤਸਰ, 5 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਅਕਾਲੀ ਦਲ
(ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵਲੋਂ ਆਪਣੀ ਪਾਰਟੀ ਦਾ ਰਲੇਵਾਂ ਸ਼੍ਰੋਮਣੀ ਅਕਾਲੀ ਦਲ ਨਾਲ ਕਰਨ ਦਾ ਸਵਾਗਤ ਕੀਤਾ ਹੈ।ਐਡੋਵੇਕੇਟ ਧਾਮੀ ਨੇ ਅਕਾਲੀ ਸੋਚ ਵਾਲੇ ਹੋਰ ਆਗੂਆਂ ਨੂੰ ਵੀ ਅਪੀਲ ਕੀਤੀ ਹੈ ਕਿ ਪੰਥਕ ਰਾਜਨੀਤੀ ਅਤੇ ਮੌਜ਼ੂਦਾ ਹਾਲਾਤ ਦੇ ਮੱਦੇਨਜ਼ਰ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਝੰਡੇ ਥੱਲੇ ਇਕਜੁੱਟ ਹੋਣ।
ਐਡੋਵੇਕੇਟ ਧਾਮੀ ਨੇ ਆਖਿਆ ਕਿ ਕੌਮ ਦੇ ਆਗੂਆਂ ਵਲੋਂ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਤੋਂ ਤੁਰੰਤ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਰਨਾ ਇੱਕ ਅਜਿਹੇ ਸੰਗਠਨ ਦੀ ਲੋੜ ਨੂੰ ਪੂਰਾ ਕਰਨ ਵਜੋਂ ਹੋਇਆ, ਜਿਸ ਵਿੱਚ ਪੰਜਾਬੀ ਲੋਕਾਂ ਦੇ ਹੱਕ ਹਕੂਕ ਅਤੇ ਧਾਰਮਿਕ ਤੇ ਰਾਜਸੀ ਸਰੋਕਾਰ ਸੁਰੱਖਿਅਤ ਸਨ।
ਪ੍ਰਧਾਨ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 100 ਸਾਲ ਦੇ ਇਤਿਹਾਸ ਦੇ ਅੰਦਰ ਖਿੱਤੇ ਦੀ ਨੁਮਾਇੰਦਿਗੀ ਕੀਤੀ ਅਤੇ ਆਪਣੀ ਸਥਾਪਨਾ ਦੇ ਮਨੋਰਥ ਅਨੁਸਾਰ ਕਾਰਜ਼ ਕੀਤੇ।ਅੱਜ ਵੱਡੀ ਲੋੜ ਹੈ ਕਿ ਪੰਜਾਬੀਆਂ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਬੀਤੇ ਵਿੱਚ ਕਿਸੇ ਵੀ ਕਾਰਨ ਕਰਕੇ ਦੂਰ ਚਲੇ ਗਏ ਪੰਥਕ ਆਗੂਆਂ ਨੂੰ ਇਸ ‘ਤੇ ਹੋਰ ਵੀ ਪੁਖਤਗੀ ਅਤੇ ਸੰਜ਼ੀਦਗੀ ਨਾਲ ਸੋਚਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜ਼ੂਦਾ ਸਰਕਾਰ ਚਲਾ ਰਹੇ ਲੋਕਾਂ ਵਲੋਂ ਆਪਣੇ ਦਿੱਲੀ ਦੇ ਆਕਾਵਾਂ ਨੂੰ ਖੁਸ਼ ਕਰਨ ਦੀ ਪ੍ਰਵਿਰਤੀ ਖਿੱਤੇ ਨੂੰ ਡੂੰਘੀਆਂ ਨੀਵਾਣਾਂ ਵੱਲ ਲਿਜਾ ਰਹੀ ਹੈ ਅਤੇ ਜੇਕਰ ਪੰਜਾਬ ਦੀ ਆਪਣੀ ਧਿਰ ਸ਼੍ਰੋਮਣੀ ਅਕਾਲੀ ਦਲ ਮਜਬੂਤ ਹੋਵੇਗੀ ਤਾਂ ਪੰਜਾਬ ਦੇ ਸਰੋਕਾਰ ਸੁਰੱਖਿਅਤ ਰਹਿਣਗੇ।ਉਨ੍ਹਾਂ ਅਪੀਲ ਕੀਤੀ ਕਿ ਹਰ ਅਕਾਲੀ ਸੋਚ ਰੱਖਣ ਵਾਲਾ ਆਗੂ, ਵਰਕਰ ਅਤੇ ਵੋਟਰ ਮੌਜ਼ੂਦਾ ਸਮੇਂ ਦੇ ਮੱਦੇਨਜ਼ਰ ਪੰਥਕ ਰਾਜਨੀਤੀ ਦੇ ਉਭਾਰ ਲਈ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਝੰਡੇ ਥੱਲੇ ਇਕੱਠਾ ਹੋਵੇ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media