Tuesday, June 17, 2025
Breaking News

ਸਿੱਖ ਤੋਂ ਇਸਾਈ ਬਣੇ 128 ਲੋਕਾਂ ਨੇ ਦੁਬਾਰਾ ਸਿੱਖ ਧਰਮ ਵਿਚ ਕੀਤੀ ਵਾਪਸੀ

ਧਰਮ ਜਾਗਰਣ ਮੰਚ ਦੀ ਪ੍ਰੇਰਣਾ ਨਾਲ ਮੁੜ ਅਪਨਾਇਆ ਮੂਲ ਸਿੱਖ ਧਰਮ

ਐਸ.ਜੀ.ਪੀ.ਸੀ. ਦੀ ਘਰ ਵਾਪਸੀ ਮੁਹਿੰਮ ਦਾ ਪੂਰਾ ਸਹਿਯੋਗ ਕਰਾਂਗੇ- ਰਾਮ ਗੋਪਾਲ

PPN3012201410

ਛੇਹਰਟਾ, 30 ਦਸੰਬਰ (ਕੁਲਦੀਪ ਸਿੰਘ ਨੋਬਲ)- ਬੀਤੇ ਸਮੇਂ ਦੌਰਾਨ ਇਸਾਈ ਧਰਮ ਅਪਨਾਉਣ ਵਾਲੇ ਮਜਹਬੀ ਸਿੱਖ ਪਰਿਵਾਰਾਂ ਦੀ ਮੂਲ ਸਿੱਖ ਧਰਮ ਵਿੱਚ ਘਰ ਵਾਪਸੀ ਕਰਵਾਉਣ ਲਈ ਧਰਮ ਜਾਗਰਣ ਮੰਚ ਵੱਲੋਂ ਵਿੱਢੀ ਮੁਹਿੰਮ ਤਹਿਤ ਅੱਜ 128 ਲੋਕਾਂ ਨੇ ਸਥਾਨਕ ਗੁਰੂਦੁਆਰਾ ਸ਼੍ਰੋਮਣੀ ਸ਼ਹੀਦ ਜੀਵਨ ਸਿੰਘ ਜੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਾਜਰੀ ਵਿਚ ਆਪਣੇ ਮੂਲ ਸਿੱਖ ਧਰਮ ਵਿਚ ਵਾਪਸੀ ਕੀਤੀ।ਕੁੱਝ ਦਿਨ੍ਹਾਂ ਪਹਿਲਾਂ ਉਕਤ 23 ਪਰਿਵਾਰਾਂ ਦੇ 128 ਮੈਂਬਰਾਂ ਨੇ ਆਪਣੀ ਗਲਤੀ ਮੰਨਦੇ ਹੋਏ ਆਪਣੇ ਮੂਲ ਧਰਮ ਨੂੰ ਅਪਨਾਉਣ ਦੀ ਇੱਛਾ ਧਰਮ ਜਾਗਰਣ ਮੰਚ ਦੇ ਅਹੁਦੇਦਾਰਾਂ ਦੇ ਅੱਗੇ ਜਾਹਿਰ ਕੀਤੀ ਸੀ।
ਗੁਰਦੁੁਆਰਾ ਸ਼੍ਰੋਮਣੀ ਸ਼ਹੀਦ ਜੀਵਨ ਸਿੰਘ ਜੀ ਦੇ ਮੁੱਖ ਸੇਵਾਦਾਰ ਬਾਬਾ ਮਨਜੀਤ ਸਿੰਘ, ਭਾਈ ਬਲਵਿੰਦਰ ਸਿੰਘ ਆਨੰਦਪੂਰ ਸਾਹਿਬ ਵਾਲੇ, ਭਾਈ ਮਲਕੀਤ ਸਿੰਘ ਸੁਲਤਾਨ ਵਿੰਡ ਵਾਲੇ, ਭਾਈ ਦਵਿੰਦਰ ਸਿੰਘ ਮੀਰਾਕੋਟ ਵਾਲੇ, ਗ੍ਰੰਥੀ ਰਣਜੀਤ ਸਿੰਘ, ਭਾਈ ਪਰਮਜੀਤ ਸਿੰਘ ਗੁਰੂ ਕੀ ਵਡਾਲੀ ਵਾਲੇ ਆਦਿ ਸੰਤਾਂ ਦੀ ਹਾਜ਼ਰੀ ਵਿੱਚ ਮੂਲ ਮੰਤਰ/ਜਪੁਜੀ ਸਾਹਿਬ ਦਾ ਪਾਠ ਕਰਵਾਕੇ ਸਿੱਖੀ ਵਿਚ ਘਰ ਵਾਪਸੀ ਕਰਵਾਈ ਅਤੇ ਬਾਅਦ ਵਿਚ ਉਨ੍ਹਾਂ ਨੂੰ ਸਿਰੋਪੇ ਅਤੇ ਗੁਰ ਗੋਬਿੰਦ ਸਿੰਘ ਅਤੇ ਬਾਬਾ ਜੀਵਨ ਸਿੰਘ ਜੀ ਦੀ ਫੋਟੋਆਂ ਵਾਲੇ ਲੋਕਟ ਪਾਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸ਼ਾਮਲ ਹੋਏ ਪਰਿਵਾਰਾਂ ਦੇ ਮੈਂਬਰਾਂ ਨੂੰ ਨਿਤ ਨੇਮ ਲਈ ਜਪੁੱਜੀ ਸਾਹਿਬ ਅਤੇ ਧਾਰਮਿਕ ਪੂਸਤਕਾਂ ਦਿੱਤੀਆਂ ਗਈਆਂ।
ਧਰਮ ਜਾਗਰਣ ਮੰਚ ਪੰਜਾਬ ਦੇ ਮੁੱਖੀ ਰਾਮ ਗੋਪਾਲ ਨੇ ਕਿਹਾ ਕਿ ਧਰਮ ਪਰਿਵਰਤਨ ਕਰਕੇ ਘਰ ਵਾਪਸ ਆਉਣਾ ਹਰ ਇਨਸਾਨ ਦਾ ਅਧਿਕਾਰ ਹੈ।ਉਨ੍ਹਾਂ ਐਸ.ਜੀ.ਪੀ.ਸੀ. ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਬਿਆਨ ਦਾ ਸਵਾਗਤ ਕਰਦਿੰਆਂ ਕਿਹਾ ਕਿ ਐਸ.ਜੀ.ਪੀ.ਸੀ. ਦੀ ਧਰਮ ਪ੍ਰਸਾਰ ਕਮੇਟੀ ਵੱਲੋਂ ਕਰਵਾਈ ਜਾ ਰਹੀ ਘਰ ਵਾਪਸੀਆਂ ਵਿਚ ਅਸੀਂ ਆਪਣਾ ਯੋਗਦਾਨ ਵੱਧ ਚੜਕੇ ਪਾਇਆ ਸੀ, ਪਾ ਰਹੇ ਹਾਂ ਅਤੇ ਪਾਉਂਦੇ ਰਹਿੰਗਾ।ਉਨ੍ਹਾਂ ਕਿਹਾ ਕਿ ਮਜੱਹਬੀ ਸਿੱਖ ਅਤੇ ਵਾਲਮੀਕਿ ਜਿਹੜੇ ਕਿ ਲਾਲਚ ਕਰਕੇ ਆਪਣਾ ਧਰਮ ਪਰਿਵਰਤਨ ਕਰ ਗਏ ਸੀ, ਉਹਨ੍ਹਾਂ ਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਹੈ ਅਤੇ ਉਹ ਮੁੜ ਆਪਣੇ ਘਰ ਵਾਪਿਸ ਆ ਰਹੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਧਰਮ ਪਰਿਵਰਤਨ ਨੂੰ ਰੋਕਣ ਵਾਸਤੇ ਸਰਕਾਰ ਸਖਤ ਕਾਨੂੰਨ ਬਣਾਏ।
ਧਰਮ ਜਾਗਰਣ ਮੰਚ ਦੇ ਸੂਬਾ ਯੋਜਨਾ ਮੁੱਖ ਦਿਨੇਸ਼ ਸ਼ਰਮਾ ਨੇ ਕਿਹਾ ਕਿ ਸਿੱਖ ਸੰਤ ਸਮਾਜ ਦੇ ਸਹਿਯੋਗ ਨਾਲ ਧਰਮ ਜਾਗਰਣ ਮੰਚ ਵੱਲੋਂ ਗੁੰਮਰਾਹ ਹੋ ਕੇ ਧਰਮ ਬਦਲਣ ਵਾਲੇ ਲੋਕਾਂ ਨੂੰ ਪ੍ਰੇਰਣਾ ਦੇ ਕੇ ਉਨ੍ਹਾਂ ਦੇ ਮੂਲ ਧਰਮ ਵਿੱਚ ਆਉਣ ਲਈ ਤਿਆਰ ਕੀਤਾ ਜਾ ਰਿਹਾ ਹੈ।ਮੰਚ ਵਲੋਂ ਅਜਿਹੇ ਲੋਕਾਂ ਦੀ ਘਰ ਵਾਪਸੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸਾਈ ਧਰਮ ਦੇ ਅਜ਼ਾਦ ਮਿਸ਼ਨ ਵੱਲੋਂ ਖਾਸਕਰ ਮਾਝੇ ਤੇ ਦੋਆਬਾ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨੂੰ ਧਰਮ ਬਦਲਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਜਿਸ ਨੂੰ ਸਿੱਖ ਸੰਤ ਸਮਾਜ ਦੇ ਨਾਲ ਨਾਲ ਮੰਚ ਕਦੇ ਵੀ ਸਹਿਣ ਨਹੀਂ ਕਰੇਗਾ।ਉਨ੍ਹਾਂ ਕਿਹਾ ਕਿ ਕਿਸੇ ਦੀ ਮਜ਼ਬੂਰੀ ਦਾ ਲਾਹਾ ਲੈ ਕੇ ਧਰਮ ਬਦਲਣ ਲਈ ਮਜ਼ਬੂਰ ਕਰਨਾ ਕਿਸੇ ਵੀ ਧਰਮ ਦੇ ਹਿੱਤ ਵਿੱਚ ਨਹੀਂ ਹੈ।
ਇਸਾਈ ਧਰਮ ਵਿੱਚ ਪਾਦਰੀ ਰਹਿ ਚੁੱਕੇ ਅਤੇ ਚਾਰ ਸਾਲ ਪਹਿਲਾਂ ਧਰਮ ਬਦਲਣ ਵਾਲੇ ਰਾਜ ਕੁਮਾਰ ਨੇ ਕਿਹਾ ਕਿ ਇਸਾਈ ਮਿਸ਼ਨਰੀਆਂ ਵੱਲੋਂ ਗਰੀਬ ਪਰਿਵਾਰਾਂ ਨੂੰ ਲਾਲਚ ਦੇ ਕੇ ਆਪਣੇ ਨਾਲ ਜੋੜਿਆ ਜਾ ਰਿਹਾ ਹੈ।ਜਿਸ ਖਿਲਾਫ਼ ਧਰਮ ਜਾਗਰਣ ਮੰਚ ਦੇ ਯਤਨਾਂ ਦੀ ਬਦੌਲਤ ਚੰਗੀ ਸਫਲਤਾ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਸਾਲ 700 ਦੇ ਕਰੀਬ ਪਰਿਵਾਰਾਂ ਦੀ ਘਰ ਵਾਪਸੀ ਇੱਕਲੇ ਅਮ੍ਰਿਤਸਰ ਜਿਲੇ ਵਿਚ ਕਰਵਾਈ ਜਾ ਚੱਕੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਚ ਦੇ ਸੂਬਾ ਕਾਰਜਕਾਰਨੀ ਮੈਂਬਰ ਪਰਮਜੀਤ ਸਿੰਘ ਢਿੱਲੋਂ, ਜਤਿੰਦਰਪਾਲ ਸਿੰਘ ਗੋਲੂ, ਰਾਜ ਕੁਮਾਰ ਜੁੱਡੋ, ਵਾਲਮੀਕਿ ਸਮਾਜ ਦੇ ਆਗੂ ਓਮ ਪ੍ਰਕਾਸ਼ ਅਨਾਰਿਯਾ, ਸੁਨੀਲ ਕੁਮਾਰ, ਸੰਤੋਸ਼ ਗੁਮੰਟਾਲਾ, ਸਤੀਸ਼ ਬੱਲੂ, ਰਾਜ ਕੁਮਾਰ ਸ਼ਰਮਾ ਅਤੇ ਬਲਵੰਤ ਸਿੰਘ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply