Sunday, July 19, 2026

ਖ਼ਾਲਸਾ ਕਾਲਜ ਵਿਖੇ ‘ਲਿੰਗ ਸਮਾਨਤਾ’ ’ਤੇ ਪੋਸਟਰ ਮੁਕਾਬਲਾ ਕਰਵਾਇਆ

ਅੰਮ੍ਰਿਤਸਰ, 9 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਜੈਂਡਰ ਚੈਂਪੀਅਨਜ਼ ਕਲੱਬ ਵਲੋਂ ‘ਲਿੰਗ ਸਮਾਨਤਾ’ ਸਬੰਧੀ ਪੋਸਟਰ ਮੁਕਾਬਲਾ ਕਰਵਾਇਆ ਗਿਆ।ਇਸ ਮੁਕਾਬਲੇ ਦਾ ਉਦੇਸ਼ ਲਿੰਗ ਸੰਵੇਦਨਸ਼ੀਲਤਾ ਦੇ ਮੁੱਦੇ ਬਾਰੇ ਜਾਗਰੂਕਤਾ ਫੈਲਾਉਣਾ ਸੀ।ਸਮਾਗਮ ’ਚ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮਹਿਮਾਨ ਬੁਲਾਰੇ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਸਮਾਜ ਦੀ ਉੱਨਤੀ ਲਈ ਲਿੰਗ ਸਮਾਨਤਾ ਦੀ ਮਹੱਤਤਾ ਨੂੰ ਆਪਣੇ ਮਨਾਂ ’ਚ ਬਿਠਾਉਣ ਲਈ ਪ੍ਰੇਰਿਤ ਕੀਤਾ।
ਮੁਕਾਬਲੇ ਦੌਰਾਨ ਬੀ.ਐਸ.ਸੀ ਫੂਡ ਸਾਇੰਸ ਵਿਭਾਗ ’ਚੋਂ ਗਗਨਦੀਪ ਕੌਰ ਨੇ ਪਹਿਲਾ, ਐਮ.ਏ ਰਾਜਨੀਤੀ ਸ਼ਾਸਤਰ ਵਿਭਾਗ ’ਚੋਂ ਰਮਨਦੀਪ ਕੌਰ ਨੇ ਦੂਜਾ ਅਤੇ ਬੀ.ਐਫ.ਐਸ.ਟੀ ’ਚੋਂ ਸੰਭਵੀ ਸੈਣੀ ਨੇ ਤੀਜ਼ਾ ਇਨਾਮ ਪ੍ਰਾਪਤ ਕੀਤਾ।ਡਾ. ਗੋਗੋਆਣੀ ਨੇ ਕਿਹਾ ਕਿ ਇਕ ਪ੍ਰਗਤੀਸ਼ੀਲ ਰਾਸ਼ਟਰ ਦੇ ਵਿਕਾਸ ਲਈ ਸਮਾਨਤਾ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਕਿਉਂਕਿ ਔਰਤਾਂ ਵਿਸ਼ਵ ਦੀ ਅੱਧੀ ਆਬਾਦੀ ਦਾ ਹਿੱਸਾ ਹਨ।ਸਮਾਨਤਾ ਔਰਤਾਂ ਅਤੇ ਲੜਕੀਆਂ ਵਿਰੁੱਧ ਹਿੰਸਾ ਨੂੰ ਰੋਕਦੀ ਹੈ।ਉਨ੍ਹਾਂ ਕਿਹਾ ਕਿ ਆਰਥਿਕ ਖੁਸ਼ਹਾਲੀ ਲਈ ਇਹ ਜ਼ਰੂਰੀ ਹੈ, ਉਹ ਸਮਾਜ ਸੁਰੱਖਿਅਤ ਅਤੇ ਸਿਹਤਮੰਦ ਹੁੰਦੇ ਹਨ, ਜੋ ਔਰਤਾਂ ਅਤੇ ਮਰਦਾਂ ਨੂੰ ਬਰਾਬਰ ਸਮਝਦੇ ਹਨ।
ਇਸ ਤੋਂ ਪਹਿਲਾਂ ਕਲੱਬ ਦੀ ਨੋਡਲ ਅਫ਼ਸਰ (ਮਹਿਲਾ) ਡਾ. ਸਵਰਾਜ ਕੌਰ ਨੇ ਮਹਿਮਾਨ ਬੁਲਾਰੇ ਦੀ ਜਾਣ-ਪਛਾਣ ਕਰਵਾਉਂਦੇ ਹੋਏ ਕਿਹਾ ਕਿ ਅਜੋਕੇ ਸਮਾਜ ’ਚ ਵਿਗੜ ਰਹੀਆਂ ਕਦਰਾਂ-ਕੀਮਤਾਂ ਦੀ ਜੜ੍ਹ ਅਸਮਾਨਤਾਵਾਂ ਹਨ।ਉਨ੍ਹਾਂ ਕਿਹਾ ਕਿ ਪੋਸਟਰ ਉਨ੍ਹਾਂ ਦੀ ਸਧਾਰਨ ਸਿੱਧੀ ਪਹੁੰਚ ਅਤੇ ਇਕ ਵੱਡੇ ਦਰਸ਼ਕਾਂ ਤੱਕ ਪਹੁੰਚਣ ’ਚ ਸਹਾਇਤਾ ਕਰਦੇ ਹਨ।
ਕਲੱਬ ਦੇ ਨੋਡਲ ਅਫ਼ਸਰ (ਪੁਰਸ਼) ਡਾ. ਪਰਮਿੰਦਰ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।ਉਨ੍ਹਾਂ ਕਿਹਾ ਕਿ ਕਲੱਬ ਵਿਦਿਆਰਥੀਆਂ ਨੂੰ ਲਿੰਗ ਸਮਾਨਤਾ ਦੀ ਸਮਝ ਤੋਂ ਜਾਣੂ ਕਰਵਾਉਣ ਅਤੇ ਕੰਮ ਵਾਲੀ ਥਾਂ ’ਤੇ ਔਰਤਾਂ ਨਾਲ ਹੁੰਦੇ ਵਿਤਕਰੇ ਦੇ ਮੁੱਦਿਆਂ ਨੂੰ ਉਜਾਗਰ ਕਰਨ ਅਤੇ ਹੱਲ ਕਰਨ ਲਈ ਅਜਿਹੇ ਸਮਾਗਮਾਂ ਦਾ ਆਯੋਜਨ ਕਰਦਾ ਹੈ।
ਇਸ ਮੌਕੇ ਡਾ. ਅਰਵਿੰਦਰ ਕੌਰ ਕਾਹਲੋਂ, ਡਾ. ਤਮਿੰਦਰ ਸਿੰਘ ਭਾਟੀਆ, ਡਾ: ਦੀਪਕ ਦੇਵਗਨ, ਡਾ: ਪੂਨਮ ਸ਼ਰਮਾ, ਡਾ. ਅਜੈ ਸਹਿਗਲ, ਡਾ. ਨਿਧੀ ਸਭਰਵਾਲ, ਪ੍ਰੋ: ਮੀਨੂੰ ਚੋਪੜਾ, ਜੈਂਡਰ ਚੈਂਪੀਅਨ ਨਮਨ ਦਵੇਸਰ, ਲਵਰੋਜ਼ ਕੌਰ, ਰਣਵੀਰ ਸਿੰਘ, ਰੀਆ ਸੈਣੀ, ਸੰਭਵੀ ਸੈਣੀ, ਪ੍ਰਭਜੋਤ ਸਿੰਘ, ਅੰਮ੍ਰਿਤਪਾਲ ਸਿੰਘ, ਰਾਜਵੀਰ ਸਿੰਘ ਗਿੱਲ, ਮੁਸਕਾਨ ਜੋਸ਼ੀ, ਤਨੂ ਸ਼ਰਮਾ ਸਮੇਤ ਹੋਰ ਜੈਂਡਰ ਚੈਂਪੀਅਨ ਹਾਜ਼ਰ ਸਨ।

Check Also

DAV Public School celebrates outstanding success in NEET UG 2026

Amritsar, July 18 (Punjab Post Bureau) – DAV Public School Lawrence Road is proud to …