ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ) – ਵਿਸ਼ਵ ਓਰਲ ਹੈਲਥ ਦਿਵਸ ਮੌਕੇ ਅੱਜ ਡਿਪਟੀ ਡਾਇਰੈਕਟਰ (ਡੈਂਟਲ) ਡਾ. ਜਗਨਜੋਤ ਕੋਰ ਵਲੋਂ ਮਦਨ ਲਾਲ ਢੀਂਗਰਾ ਨਰਸਿੰਗ ਕਾਲਜ ਅੰਮ੍ਰਿਤਸਰ ਵਿਖੇ ਜਿਲਾ੍ਹ ਪੱਧਰੀ ਸਮਾਗਮ ਕਰਵਾਇਆ ਗਿਆ।ਜਿਸ ਦੌਰਾਨ ਕਾਲਜ ਦੇ ਸਿਖਿਆਰਥੀਆਂ ਵਲੋਂ ਓਰਲ ਹੈਲਥ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ ਅਤੇ ਉਨਾਂ ਨੇ ਪੋਸਟਰ ਮੇਕਿੰਗ ਕੰਪੀਟੀਸ਼ਨ ਅਤੇ ਰੰਗੋਲੀ ਕੰਪੀਟੀਸ਼ਨ ਵਿੱਚ ਹਿੱਸਾ ਲਿਆ।ਡਾ. ਜਗਨਜੋਤ ਕੌਰ ਨੇ ਕਿਹਾ ਕਿ ਦੰਦਾਂ ਅਤੇ ਮੂੰਹ ਦੀ ਦੇਖ-ਭਾਲ ਹੀ ਚੰਗੀ ਸਿਹਤ ਦਾ ਆਧਾਰ ਬਣਦੀ ਹੈ।ਇਸ ਲਈ ਸਾਨੂੰ ਆਪਣੇ ਮੂੰਹ ਅਤੇ ਦੰਦਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।ਦਿਨ ਵਿੱਚ ਦੋ ਵਾਰੀ ਦੰਦਾਂ ਦੀ ਸਫਾਈ ਕਰਨੀ ਚਾਹੀਦੀ ਹੈ।ਉਹਨਾਂ ਕਿਹਾ ਮਸੂੜਿਆਂ ਵਿੱਚ ਖੂਨ ਆਉਣਾ, ਮੂੰਹ ਵਿੱਚੋਂ ਬਦਬੂ ਆਉਣਾਂ, ਦੰਦਾ ਦਾ ਪੀਲਾ ਜਾਂ ਕਾਲਾ ਪੈ ਜਾਣਾ, ਦੰਦਾਂ ਵਿਚ ਖੋੜ ਪੈ ਜਾਣੀ, ਠੰਡਾ-ਗਰਮ ਲਗਣਾ ਅਤੇ ਦਰਦ ਦਾ ਹੋਣਾਂ ਆਮ ਬੀਮਾਰੀਆਂ ਹਨ।ਪਰ ਜੇਕਰ ਅਸੀ ਸਮੇਂ ਸਿਰ ਇਹਨਾਂ ਦਾ ਇਲਾਜ਼ ਕਰਵਾ ਲਈਏ ਤਾਂ ਅਸੀ ਆਪਣੇ ਦੰਦਾਂ ਨੂੰ ਗਭੀਰ ਬੀਮਾਰੀਆਂ ਤੋਂ ਬਚਾਅ ਸਕਦੇ ਹਾਂ।ਉਹਨਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਓਰਲ ਹੈਲਥ ਸੰਬਧੀ ਜਿਲੇ੍ਹ ਭਰ ਵਿਚ ਸਾਰੇ ਸਕੂਲਾਂ, ਵਿਦਿਅਕ ਅਦਾਰਿਆਂ, ਧਾਰਮਿਕ ਸੰਸਥਾਵਾਂ ਅਤੇ ਜਨਤਕ ਥਾਵਾਂ ਤੇ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਡਾ. ਸਾਰਿਕਾ ਅਤੇ ਡਾ. ਸੌਰਵ ਜੌਲੀ ਨੇ ਇੱਕ ਪੀ.ਪੀ.ਟੀ. ਰਾਹੀ ਦੰਦਾਂ ਦੀਆਂ ਬੀਮਾਰੀਆ ਦੀ ਰੋਕਥਾਮ ਅਤੇ ਇਲਾਜ਼ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਵਧੀਆ ਕਾਰਗੁਜ਼ਾਰੀ ਕਰਨ ਵਾਲੇ ਡੈਂਟਲ ਡਾਕਟਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਅਵਸਰ ਤੇ ਜਿਲ੍ਹਾ ਐਮ.ਈ.ਆਈ.ਓ ਅਮਰਦੀਪ ਸਿੰਘ, ਕਾਲਜ ਦੇ ਕਾਰਜ਼ਕਾਰੀ ਪ੍ਰਿੰਸੀਪਲ ਮੈਡਮ ਸੁਖਦੀਪ ਕੌਰ, ਡਾ. ਤਰਨਦੀਪ ਕੌਰ, ਡਾ ਜਸਮੀਤ ਕੌਰ, ਮੈਡਮ ਸੁਮਨ ਅਤੇ ਸਮੂਹ ਸਟਾਫ ਹਾਜ਼ਰ ਸੀ।