ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ) – ਭਾਜਪਾ ਵਿੱਚ ਸ਼ਾਮਿਲ ਹੋਏ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ
ਯਾਦ ਨਾਲ ਸਬੰਧਿਤ ਰਾਮ ਬਾਗ਼ ਵਿਖੇ ਸਵੇਰ ਦੀ ਸੈਰ ਕੀਤੀ।ਜਿਥੇ ਉਨ੍ਹਾਂ ਕਰੀਬ ਦੋ ਘੰਟੇ ਸੈਰ ਕਰਨ ਆਏ ਸ਼ਹਿਰੀਆਂ ਨਾਲ ਅੰਮ੍ਰਿਤਸਰ ਦੇ ਵੱਖ-ਵੱਖ ਮੁੱਦੇ ਸਾਂਝੇ ਕੀਤੇ।ਲੋਕਾਂ ਨੇ ਸੰਧੂ ਦਾ ਨਿੱਘਾ ਸਵਾਗਤ ਕੀਤਾ।ਭਾਜਪਾ ਆਗੂ ਸੰਧੂ ਨੇ ਲੋਕਾਂ ਨਾਲ ਚਾਹ ਅਤੇ ਸੂਪ ਦਾ ਆਨੰਦ ਮਾਣਿਆ।ਉਨਾਂ ਕਿਹਾ ਕਿ ਛੋਟੇ ਹੁੰਦਿਆਂ ਉਹ ਇਥੇ ਆਉਂਦੇ ਹੁੰਦੇ ਸਨ।ਪਰ ਹੁਣ ਬਾਗ਼ ਦੀ ਖਸਤਾ ਹਾਲਤ ਦੇਖ ਕੇ ਨਿਰਾਸ਼ ਹਨ।ਇਹ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਹੈ।ਇਸ ਦਾ ਵਿਕਾਸ ਅਤੇ ਸੰਭਾਲ ਜਰੂਰ ਹੋਣਾ ਚਾਹੀਦਾ ਸੀ।ਉਨ੍ਹਾਂ ਕਿਹਾ ਕਿ 6 ਸਾਲਾਂ ਵਿੱਚ ਇੰਦੌਰ ਸਫ਼ਾਈ ਦੇ ਪੱਖੋਂ ਇਕ ਮਾਡਲ ਸ਼ਹਿਰ ਬਣ ਗਿਆ ਹੈ ਤਾਂ ਅਸੀਂ ਗੁਰੂ ਨਗਰੀ ’ਅੰਮ੍ਰਿਤਸਰ ਸਿਫ਼ਤੀ ਦੇ ਘਰ’ ਨੂੰ ਕਿਉਂ ਨਹੀਂ ਸਵਾਰ ਸਕਦੇ? ਉਨ੍ਹਾਂ ਯਕੀਨ ਦੁਆਇਆ ਕਿ 2027 ’ਚ ਅੰਮ੍ਰਿਤਸਰ ਦੇ 450 ਸਾਲਾ ਸਥਾਪਨਾ ਮੌਕੇ ਸ਼ਹਿਰ ਦੀ ਨੁਹਾਰ ਪੂਰੀ ਤਰਾਂ ਬਦਲ ਦਿੱਤੀ ਜਾਵੇਗੀ।ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅਨੇਕਾਂ ਨੀਤੀਆਂ ਤਹਿਤ ਦਿੱਤੀਆਂ ਗਈਆਂ ਸਹੂਲਤਾਂ ਅੰਮ੍ਰਿਤਸਰ ਵੀ ਆਉਣਗੀਆਂ।ਸੈਰ ਕਰਨ ਆਏ ਲੋਕਾਂ ਨੇ ਸਾਬਕਾ ਰਾਜਦੂਤ ਸੰਧੂ ਨਾਲ ਯਾਦਗਾਰੀ ਤਸਵੀਰਾਂ ਖਿੱਚਵਾਈਆਂ ਅਤੇ ਸੈਲਫੀਆਂ ਵੀ ਲਈਆਂ।ਉਨਾਂ ਨੇ ਫਰੈਂਡਲੀ ਮਿਊਜ਼ੀਕਲ ਗਰੁੱਪ ਵਲੋਂ ਹੋਲੀ ‘ਤੇ ਕਰਵਾਏ ਜਾ ਰਹੇ ਸਮਾਗਮ ਵਿੱਚ ਵੀ ਸ਼ਿਰਕਤ ਕੀਤੀ।ਹੋਲੀ ਦੀ ਖੁਸ਼ੀ ਸਾਂਝੀ ਕਰਨ ਤੋਂ ਇਲਾਵਾ ਭਜਨ ਅਤੇ ਦੇਸ਼ ਭਗਤੀ ਦੇ ਗੀਤ ਵੀ ਗੁਨਗੁਣਾਏ।ਇਕ ਨੰਨ੍ਹੀ ਬੱਚੀ ਨੇ ਉਨਾਂ ਨੂੰ ਤਿਲਕ ਲਗਾਉਂਦਿਆਂ ਸੰਕੇਤਕ ਹੋਲੀ ਮਨਾਈ।ਗਰੁੱਪ ਦੇ ਚੀਫ਼ ਪੈਟਰਨ ਰਾਜੂ, ਮੀਤ ਪ੍ਰਧਾਨ ਸਾਯਾ ਤੇ ਚੇਅਰਮੈਨ ਸੰਜੇ ਮਹੇਸ਼ਵਰੀ, ‘ਦੋਸਤਾਂ ਦੀ ਮਹਿਫਲ ਮਿਊਜ਼ੀਕਲ ਗਰੁੱਪ’ ਦੇ ਆਗੂ ਦਵਿੰਦਰ ਕੁਮਾਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਨੇਤਾ ਸੁਰਿੰਦਰ ਜੀਤ ਸਿੰਘ ਵਲੋਂ ਵੀ ਤਰਨਜੀਤ ਸੰਧੂ ਦਾ ਨਿੱਘਾ ਸਵਾਗਤ ਕੀਤਾ ਗਿਆ।ਨੌਜਵਾਨ ਅਨੁਜ ਚੋਗਾਵਾਂ ਨੇ ਸੰਧੂ ਦੀਆਂ ਦਲੀਲਾਂ ਤੋਂ ਪ੍ਰਭਾਵਿਤ ਹੁੰਦਿਆਂ ਕਿਹਾ ਕਿ ਉਨ੍ਹਾਂ ਦੇ ਅੰਮ੍ਰਿਤਸਰ ਪ੍ਰਤੀ ਮਿਸ਼ਨ ਨੂੰ ਨੌਜਵਾਨਾਂ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।ਸਵਰਨਕਾਰ ਸੰਘ ਦੇ ਪ੍ਰਧਾਨ ਜਸਵੰਤ ਸਿੰਘ ਤੇ ਸਾਥੀਆਂ ਨੇ ਭਾਜਪਾ ਆਗੂ ਦੀ ਸ਼ਹਿਰ ਦੇ ਵਿਕਾਸ ਪ੍ਰਤੀ ਦੂੂਰ-ਦ੍ਰਿਸ਼ਟੀ ਵਾਲੀ ਸੋਚ ਦੀ ਸ਼ਲਾਘਾ ਕੀਤੀ।ਯਾਦ ਰਹੇ ਕਿ ਤਰਨਜੀਤ ਸਿੰਘ ਸੰਧੂ ਕੁੱਝ ਦਿਨ ਪਹਿਲਾਂ ਇਸੇ ਰਾਮ ਬਾਗ਼ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਯਾਦਗਾਰਾਂ ਦੀ ਸੰਭਾਲ ਅਤੇ ਮੁਰੰਮਤ ਲਈ ਕੇਂਦਰ ਸਰਕਾਰ ਤੋਂ ਕਰੋੜਾਂ ਦੀ ਗਰਾਂਟ ਮਨਜ਼ੂਰ ਕਰਵਾ ਚੁੱਕੇ ਹਨ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media