ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸੰਸਾਰ ਲਈ ਚਾਨਣ ਮੁਨਾਰਾ-ਬਾਦਲ

ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਕਿਹਾ ਹੈ ਪੰਜਾਬ ਸਰਕਾਰ ਨੇ ਕਮਜ਼ੋਰ ਵਰਗ ਦੇ ਵਿਕਾਸ ਲਈ ਹਮੇਸਾਂ ਯਤਨ ਕੀਤੇ ਹਨ ਸਾਲ 2015 ਦੌਰਾਨ ਵੀ ਇਸ ਵਰਗ ਦੇ ਸਰਬਪੱਖੀ ਵਿਕਾਸ ਲਈ ਯਤਨ ਜਾਰੀ ਰਹਿਣਗੇ। ਇਹ ਪ੍ਰਗਟਾਵਾ ਉਨ੍ਹਾਂ ਨੇ ਬੀਤੀ ਸ਼ਾਮ ‘ਆਦਿ ਧਰਮ ਸਮਾਜ’ ਵੱਲੋਂ ਭਗਤਾਂਵਾਲਾ ਦਾਣਾ ਮੰਡੀ ਵਿੱਚ ਕਰਵਾਏ ਗਏ ਯੋਗਿਮਾ ਪੁਰਵ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਸ. ਬਾਦਲ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਸਾਨੂੰ ਇੱਕ ਸੱਭਿਅਕ ਅਤੇ ਵਿਕਸਿਤ ਸਮਾਜ ਦੀ ਸਿਰਜਨਾ ਕਰਨੀ ਚਾਹੀਦੀ ਹੈ ਜਿਸ ‘ਚ ਊਚ ਨੀਚ ਦਾ ਕੋਈ ਸਥਾਨ ਨਾ ਹੋਵੇ। ਉਨਾਂ ਕਿਹਾ ਕਿ ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ‘ਆਦਿ ਧਰਮ ਸਾਮਜ’ ਵੱਲੋਂ ਜੋ ਯੋਗਿਮਾ ਪੁਰਵ ਕਰਵਾਇਆ ਜਾ ਰਿਹਾ ਹੈ ਇਸਦੀ ਬਹੁਤ ਮਹਾਨਤਾ ਹੈ ਕਿਉਂਕਿ ਭਗਵਾਨ ਵਾਲਮੀਕਿ ਜੀ ਦੀ ਅਰਾਧਨਾ ਵਿੱਚ ਨਵੇਂ ਸਾਲ ਦੀ ਸ਼ੂਰੂਆਤ ਕਰਨੀ ਵੱਡੇ ਭਾਗਾਂ ਵਾਲੀ ਗੱਲ ਹੈ। ਇਸ ਮੌਕੇ ਸ. ਬਾਦਲ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਨਵਾਂ ਸਾਲ ਸਾਰਿਆਂ ਲਈ ਨਵੀਆਂ ਖੁਸ਼ੀਆਂ ਖੈੜੇ ਲੈ ਕੇ ਆਵੇ ਅਤੇ ਪੰਜਾਬ ਅਤੇ ਦੇਸ਼ ਤਰੱਕੀ ਦੀਆਂ ਨਵੀਆਂ ਮੰਜਿਲਾਂ ਸਰ ਕਰੇ।

ਪੰਜਾਬ ਸਰਕਾਰ ਵੱਲੋਂ ਵਾਲਮੀਕਿ ਭਾਈਚਾਰੇ ਦੀ ਭਲਾਈ ਕੀਤੇ ਕਾਰਜਾਂ ਦਾ ਜ਼ਿਕਰ ਕਰਦਿਆਂ ਸz. ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਰਾਜਨੀਤਿਕ ਸਫ਼ਰ ਵਿਚ ਭਗਵਾਨ ਵਾਲਮੀਕਿ ਦੀ ਯਾਦ ਵਿਚ ਰਾਮ ਤੀਰਥ ਵਿਖੇ ਉਸਾਰੀ ਜਾ ਰਹੀ ਯਾਦਗਾਰ ਇਕ ਅਹਿਮ ਪ੍ਰਾਪਤੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 250 ਕਰੋੜ ਦੀ ਲਾਗਤ ਨਾਲ ਰਾਮ ਤੀਰਥ ਵਿਖੇ ਵਾਲਮੀਕਿ ਤੀਰਥ ਦੀ ਉਸਾਰੀ ਕਰਵਾਈ ਜਾ ਰਹੀ ਹੈ। ਵਾਲਮੀਕਿ ਤੀਰਥ ਵਿਖੇ ਸੁੰਦਰ ਮੰਦਰ ਦੀ ਉਸਾਰੀ ਦੇ ਨਾਲ ਸੰਗਤਾਂ ਦੇ ਨਿਵਾਸ ਲਈ ਵੱਡੀਆਂ ਸਰਾਵਾਂ, ਮਿਊਜੀਅਮ, ਮਲਟੀ ਸਟੋਰੀ ਪਾਰਕਿੰਗ ਬਣਾਈਆਂ ਜਾ ਰਹੀਆਂ ਹਨ। ਸ. ਬਾਦਲ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਅੰਮ੍ਰਿਤਸਰ ਦੇ ਸਦਰ ਚੌਂਕ ਤੋਂ ਰਾਮਤੀਰਥ ਤੱਕ ਜਾਂਦੀ ਸੜਕ ਨੂੰ ਚੌੜਿਆਂ ਕੀਤਾ ਗਿਆ ਹੈ ਤਾਂ ਜੋ ਸ਼ਰਧਾਲੂਆਂ ਨੂੰ ਉਥੇ ਤੱਕ ਪਹੁੰਚਣ ਵਿੱਚ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਾਲਮੀਕਿ ਭਾਈਚਾਰੇ ਦੀ ਭਲਾਈ ਲਈ ਹਮੇਸ਼ਾਂ ਹੀ ਤੱਤਪਰ ਰਹੀ ਹੈ ਅਤੇ ਪਿਛਲੇ ਸਮੇਂ ਦੌਰਾਨ ਰਾਜ ਸਰਕਾਰ ਨੇ ਹਜ਼ਾਰਾਂ ਸਫਾਈ ਕਰਮਚਾਰੀਆਂ ਨੂੰ ਪੱਕਿਆਂ ਕੀਤਾ ਹੈ। ‘ਆਦਿ ਧਰਮ ਸਾਮਜ’ ਵੱਲੋਂ ਜੋ ਯੋਗਿਮਾ ਪੁਰਵ ਕਰਵਾਇਆ ਸਬੰਧੀ ਪੱਕੀ ਜਗ੍ਹਾ ਦੇਣ ਦੀ ਕੀਤੀ ਮੰਗ ਸਬੰਧੀ ਸ. ਬਾਦਲ ਨੇ ਕਿਹਾ ਕਿ ਉਹ ਅੰਮ੍ਰਿਤਸਰ ਵਿਖੇ ਜਗ੍ਹਾ ਦੀ ਤਲਾਸ਼ ਕਰਨ ਲੈਣ, ਉਨਾਂ ਦੀ ਇਹ ਮੰਗ ਵੀ ਪੂਰੀ ਕਰ ਦਿੱਤੀ ਜਾਵੇਗੀ।
ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਹਮੇਸ਼ਾਂ ਹੀ ਗਰੀਬ ਲੋਕਾਂ ਦੀ ਬਾਂਹ ਫੜੀ ਹੈ ਜੋ ਵਾਅਦੇ ਲੋਕਾਂ ਨਾਲ ਕੀਤੇ ਹਨ ਉਸ ਨੂੰ ਹਰ ਹੀਲੇ ਪੂਰਾ ਕੀਤਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਰੀਬ ਲੋਕਾਂ ਦਾ ਖਾਸ ਖਿਆਲ ਰੱਖਦਿਆਂ ਸਸਤਾ ਆਟਾ-ਦਾਲ ਸਕੀਮ, ਸਿਹਤ ਬੀਮਾਂ ਯੋਜਨਾ, ਹੁਸ਼ਿਆਰ ਵਿਦਿਆਰਥੀਆਂ ਲਈ ਵਜੀਫਾ ਯੋਜਨਾ, ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਲਈ ਸ਼ਗਨ ਸਕੀਮ, ਪੈਨਸ਼ਨ ਸਕੀਮ, ਅਨਸੂਚਿਤ ਜਾਤੀਆਂ ਲਈ 200 ਯੂਨਿਟ ਤੱਕ ਮੁਫਤ ਬਿਜਲੀ ਦੇਣ ਤੋਂ ਇਲਾਵਾ ਕਈ ਭਲਾਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਤਾਂ ਜੋ ਗਰੀਬਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ। ਸ. ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਰਾਜ ਅੰਦਰ 6 ਮੈਰੀਟੋਰੀਅਸ ਸਕੂਲ ਖੋਲ੍ਹੇ ਗਏ ਹਨ, ਜਿਨ੍ਹਾਂ ਵਿਚ 80 ਪ੍ਰਤੀਸ਼ਤ ਅੰਕ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਫ਼ਤ ਵਿੱਦਿਆ ਪ੍ਰਦਾਨ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਵਿਦਿਆਰਥੀਆਂ ਦੇ ਰਹਿਣ ਲਈ ਹੋਸਟਲ ਦੀ ਵਿਵਸਥਾ ਹੈ, ਜਿਸ ਦਾ ਸਾਰਾ ਖਰਚ ਸਰਕਾਰ ਵਲੋਂ ਕੀਤਾ ਜਾਂਦਾ ਹੈ। ਉਨਾਂ ਦੁਹਰਾਇਆ ਕਿ ਪੰਜਾਬ ਸਰਕਾਰ ਲੋੜਵੰਦ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਦ੍ਰਿੜ ਸੰਕਲਪ ਹੈ। ਉਨਾਂ ਕਿਹਾ ਕਿ ਘੱਟ ਗਿਣਤੀ ਵਰਗ ਨੇ ਹਮੇਸਾਂ ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਜਪਾ ਦਾ ਸਾਥ ਦਿੱਤਾ ਹੈ। ਅਕਾਲੀ-ਭਾਜਪਾ ਸਰਕਾਰ ਇਸ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਮੇਸ਼ਾਂ ਤੱਤਪਰ ਰਹੇਗੀ।
ਇਸ ਮੌਕੇ ‘ਆਦਿ ਧਰਮ ਸਮਾਜ’ ਦੇ ਮੁਖੀ ਸ੍ਰੀ ਦਰਸਨ ਰਤਨ ਰਾਵਣ ਵੀ ਮੌਜੂਦ ਸਨ। ਸ੍ਰੀ ਰਾਜ ਕੁਮਾਰ ਅਤਿਕਾਏੇ ਚੇਅਰਮੈਨ ਸਫ਼ਾਈ ਕਰਮਚਾਰੀ ਵੈਲਫੇਅਰ ਬੋਰਡ ਪੰਜਾਬ ਨੇ ਕਿਹਾ ਕਿ ਦੇਸ਼ ਆਜ਼ਾਦ ਹੋਣ ਤੋਂ ਲੈ ਕੇ ਅੱਜ ਤੱਕ ਕਿਸੇ ਵੀ ਸਰਕਾਰ ਨੇ ਵਾਲਮੀਕਿ ਸਮਾਜ ਦੀ ਸਾਰ ਨਹੀਂ ਸੀ ਲਈ ਪਰ ਮੌਜੂਦਾ ਅਕਾਲੀ-ਭਾਜਪਾ ਸਰਕਾਰ ਨੇ ਵਾਲਮੀਕਿ ਭਾਈਚਾਰੇ ਦੀਆਂ ਸਾਰੀਆਂ ਮੰਗਾਂ ਨੂੰ ਮੰਨ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਪਾਰਟੀ ਹੀ ਗਰੀਬਾਂ ਦੀ ਅਸਲ ਪਾਰਟੀ ਹੈ। ਇਸ ਮੌਕੇ ਆਦਿ ਧਰਮ ਸਮਾਜ ਦੇ ਧਾਰਮਿਕ ਆਗੂਆਂ ਨੇ ਸਾਰੀਆਂ ਸੰਗਤਾਂ ਨੂੰ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਪ੍ਰੇਰਨਾ ਦਿੱਤੀ ਅਤੇ ਕਿਹਾ ਕਿ ਆਓ ਅਸੀਂ ਸਾਰੇ ਰਲ-ਮਿਲ ਕੇ ਇੱਕ ਸੱਭਿਅਕ ਅਤੇ ਨਸ਼ਾ ਰਹਿਤ ਸਮਾਜ ਦੀ ਸਿਰਜਨਾ ਕਰੀਏ। ਉਨਾਂ ਕਿਹਾ ਕਿ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਅਤੇ ਆਪਣੀ ਬੁਰਾਈਆਂ ਨੂੰ ਖਤਮ ਕਰਕੇ ਸਾਨੂੰ ਮਾਨਵ ਸੇਵਾ ਕਰਨੀ ਚਾਹੀਦੀ ਹੈ।
Punjab Post Daily Online Newspaper & Print Media