Sunday, May 31, 2026

ਨਾਰਵੇ ਦੀ ਆਰਕਟਿਕ ਯੂਨੀਵਰਸਿਟੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਅਹਿਮ ਸਮਝੌਤਾ ਕਲਮਬੰਦ

ਅੰਮ੍ਰਿਤਸਰ, 1 ਮਈ (ਸੁਖਬੀਰ ਸਿੰਘ ਖੁਰਮਣੀਆਂ) – ਨਾਰਵੇ ਦੀ ਆਰਕਟਿਕ ਯੂਨੀਵਰਸਿਟੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਮਝੌਤਾ ਕਲਮਬੱਧ ਕੀਤਾ ਗਿਆ ਹੈ।ਇਸ ਸਮਝੌਤੇ ਤੋਂ ਇਲਾਵਾ ਨਾਰਵੇ ਦੀ ਇਸ ਯੂਨੀਵਰਸਿਟੀ ਨੇ ਸ਼ੁੱਕਰਵਾਰ ਨੂੰ ਭਾਰਤ `ਚ ਨਾਰਵੇਈ ਦੂਤਾਵਾਸ ਵਿੱਚ ਭਾਰਤ ਦੀਆਂ ਪੰਜ ਹੋਰ ਪ੍ਰਮੁੱਖ ਸੰਸਥਾਵਾਂ ਨਾਲ ਵੀ ਸਮਝੌਤਾ ਪੱਤਰਾਂ `ਤੇ ਹਸਤਾਖਰ ਕੀਤੇ ਹਨ।
ਭਾਰਤ ਵਿੱਚ ਨਾਰਵੇ ਦੀ ਰਾਜਦੂਤ ਸ਼੍ਰੀਮਤੀ ਮੇ-ਏਲਿਨ ਸਟੇਨਰ ਵੱਲੋਂ ਇੱਕ ਰਿਸੈਪਸ਼ਨ ਪ੍ਰੋਗਰਾਮ ਦੌਰਾਨ ਨਾਰਵੇ ਅਤੇ ਭਾਰਤ ਦਰਮਿਆਨ ਸਹਿਯੋਗੀ ਉੱਦਮਾਂ ਬਾਰੇ ਮੌਕਿਆਂ `ਤੇ ਦਵੁੱਲੇ ਸਹਿਯੋਗ ਦੀ ਆਸ ਕਰਦਿਆਂ ਉਨਤੀ ਦੀ ਕਾਮਨਾ ਕੀਤੀ।ਸਮਝੌਤੇ ਦੇ ਇਸ ਵਿਸ਼ੇਸ਼ ਸਮਾਗਮ ਮੌਕੇ ਨਾਰਵੇ ਤੋਂ ਆਏ ਵਫ਼ਦ ਦੀ ਅਗਵਾਈ ਯੂ.ਆਈ.ਟੀ ਵਿਖੇ ਖੋਜ਼ ਅਤੇ ਵਿਕਾਸ ਦੇ ਪ੍ਰੋ-ਰੈਕਟਰ ਪ੍ਰੋ. ਜਾਨ-ਗੁੰਨਰ ਵਿੰਥਰ ਨੇ ਕੀਤੀ, ਜਦੋਂ ਕਿ ਪ੍ਰੋ. (ਡਾ.) ਪ੍ਰੀਤਮਹਿੰਦਰ ਸਿੰਘ ਬੇਦੀ ਡੀਨ ਵਿਦਿਆਰਥੀ ਭਲਾਈ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਨੁਮਾਇੰਦਗੀ ਕੀਤੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਇਸ ਵਿਸ਼ੇਸ਼ ਪ੍ਰਾਪਤੀ `ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਉੱਚ ਗੁਣਵੱਤਾ ਵਾਲੀ ਸਿੱਖਿਆ ਦੇ ਨਾਲ-ਨਾਲ ਉਤਮ ਦਰਜ਼ੇ ਦੀ ਖੋਜ ਲਈ ਜਾਣੀ ਜਾਂਦੀ ਹੈ ਅਤੇ ਇਸ ਉਤਮਤਾ ਨੂੰ ਬਰਕਰਾਰ ਰੱਖਣ ਅਤੇ ਇਸ ਵਿਚ ਹੋਰ ਉਨਤੀ ਸਾਡੀ ਵਚਨਬੱਧਤਾ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਨਾਰਵੇ ਦੀ ਆਰਕਟਿਕ ਯੂਨੀਵਰਸਿਟੀ ਵਿਚਕਾਰ ਇਸ ਐਮ.ਓ.ਯੂ ਉਨਤੀ ਦੇ ਨਵੇਂ ਰਾਹ ਖੋਲ੍ਹੇਗਾ ਅਤੇ ਸੰਸਾਰ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਵਿਭਿੰਨ ਖੇਤਰਾਂ ਵਿੱਚ ਖੋਜ਼ ਨਵੀਆਂ ਦਿਸ਼ਾਵਾਂ ਪੈਦਾ ਕਰੇਗੀ।
ਹੇਗੇ ਕ੍ਰਿਸਟਿਨ ਵਿਡਨੇਸ ਨੇ ਇਸ ਸਮਝੌਤੇ `ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਦੋਵਾਂ ਸੰਸਥਾਵਾਂ ਲਈ ਨਜ਼ਦੀਕੀ ਸਬੰਧ ਬਣਾਉਣ ਦਾ ਇੱਕ ਵਧੀਆ ਮੌਕਾ ਹੈ ਜਿਸ ਵਿਚ ਖੋਜ਼ ਗਤੀਵਿਧੀਆਂ ਕੇਂਦਰ ਵਿਚ ਰਹਿਣਗੀਆਂ ਅਤੇ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਮਜ਼ਬੂਤੀ ਮਿਲੇਗੀ।
ਪ੍ਰੋ. ਬੇਦੀ ਨੇ ਕਿਹਾ ਕਿ ਸਮਝੌਤਿਆਂ `ਤੇ ਹਸਤਾਖਰ ਦੋਵਾਂ ਦੇਸ਼ਾਂ ਦਰਮਿਆਨ ਅਕਾਦਮਿਕ ਅਤੇ ਖੋਜ਼ ਯਤਨਾਂ ਵਿੱਚ ਡੂੰਘੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਦਾ ਪ੍ਰਤੀਕ ਹੈ।

 

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …