ਅੰਮ੍ਰਿਤਸਰ, 1 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਤੀਜਾ ਥੀਏਟਰ ਫੈਸਟੀਵਲ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ
ਵਿਚ ਸੰਪਨ ਹੋ ਗਿਆ।ਯੂਨੀਵਰਸਿਟੀ ਦੇ ਡਰਾਮਾ ਕਲੱਬ ਅਤੇ ਆਵਾਜ਼ ਰੰਗਮੰਚ ਟੋਲੀ ਵਲੋਂ ਇਸ ਫੈਸਟੀਵਲ ਦੇ ਪੰਜਵੇਂ ਅਤੇ ਆਖਰੀ ਦਿਨ ਸੁਚੇਤਕ ਰੰਗਮੰਚ ਮੋਹਾਲੀ ਵਲੋਂ ਨਾਟਕ `ਮਨ ਮਿੱਟੀ ਦਾ ਬੋਲਿਆ` ਦਾ ਸਫਲ ਮੰਚਨ ਕੀਤਾ ਗਿਆ।ਨਾਟਕਕਾਰ ਸ਼ਬਦੀਸ਼ ਵਲੋਂ ਲਿਖੇ ਇਸ ਇੱਕ ਪਾਤਰੀ ਨਾਟਕ ਵਿੱਚ ਰੰਗਮੰਚ ਦੀ ਪ੍ਰਸਿੱਧ ਅਭਿਨੇਤਰੀ ਅਨੀਤਾ ਸ਼ਬਦੀਸ਼ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ।
‘ਮਨ ਮਿੱਟੀ ਦਾ ਬੋਲਿਆ’ ਨਾਟਕ ਭਾਰਤੀ ਸਮਾਜ ਵਿੱਚ ਇਸਤਰੀ ਦੀ ਹੋਣੀ-ਅਨਹੋਣੀ ‘ਤੇ ਆਧਾਰਿਤ ਸੀ। ਇਹ ਨਾਟਕ ਦੇਸ਼-ਵਿਦੇਸ਼ ਦੇ ਵਸੀਹ ਦਾਇਰੇ ਵਿੱਚ ਬਲਾਤਕਾਰ ਦਾ ਸ਼ਿਕਾਰ ਔਰਤਾਂ ਦੀ ਤ੍ਰਾਸਦੀ ਬਿਆਨ ਕਰ ਗਿਆ।ਇਸ ਨਾਟ ਕਥਾ ਵਿੱਚ ਸਮਾਜ ਦੇ ਵੱਖ-ਵੱਖ ਵਰਗ ਦੀਆਂ ਔਰਤਾਂ ਦਾ ਦਰਦ ਬਿਆਨ ਕੀਤਾ ਗਿਆ, ਜਿਸ ਵਿੱਚ ਅੰਤਾਂ ਦੀ ਗਰੀਬੀ ਭੋਗਦੇ ਪਰਿਵਾਰਾਂ ਦੀ ਦਲਿਤ ਇਸਤਰੀ ਅਤੇ ਸਿਆਸੀ-ਸਮਾਜੀ ਸਵਾਲਾਂ ਸਰੋਕਾਰਾਂ ਪ੍ਰਤੀ ਸੁਚੇਤ ਤੇ ਸਾਹਤਿਕ ਸੁਭਾਅ ਵਾਲ਼ੀ ਇਸਤਰੀ ਵੀ ਹੈ।ਇੱਕ ਸੁਚੇਤ ਔਰਤ ਜਿਉਂ ਹੀ ਖ਼ੁਦਕੁਸ਼ੀ ਦੇ ਰਾਹ ਪੈਂਦੀ ਹੈ, ਉਸਦੇ ਸਾਹਮਣੇ ਪਾਕਸਿਤਾਨ ਦੀ ਮੁਖ਼ਤਾਰਾਂ ਮਾਈ ਆ ਖੜੀ ਹੁੰਦੀ ਹੈ, ਜਿਸ ਨੇ ਗਰੀਬੀ ਦੇ ਬਾਵਜ਼ੂਦ ਜ਼ੋਰਾਵਰਾਂ ਦਾ ਸਾਹਮਣਾ ਕਰਦੇ ਹੋਏ ਸੰਘਰਸ਼ ਦੀ ਮਸ਼ਾਲ ਜਗਾ ਰੱਖੀ।
ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ਅਤੇ ਡਰਾਮਾ ਕਲੱਬ ਵਲੋਂ ਰੰਗਮੰਚ ਉਤਸਵ ਕਰਾਉਣ ਦੀ ਸ਼ਲਾਘਾ ਕੀਤੀ।ਡਾ. ਅਮਨਦੀਪ ਸਿੰਘ ਇੰਚਾਰਜ ਯੁਵਕ ਭਲਾਈ ਨੇ ਕਿਹਾ ਕਿ ਐਸੇ ਨਾਟਕ ਮੇਲੇ ਨੌਜਵਾਨ ਪੀੜੀ ਨੂੰ ਸਹੀ ਸੇਧ ਮਿਲਦੀ ਹੈ।ਉਹਨਾਂ ਇਸ ਤੀਸਰੇ ਸਾਲਾਨਾ ਰੰਗਮੰਚ ਉਤਸਵ ਦੇ ਸਫਲਤਾਪੂਰਵਕ ਸੰਪਨ ਹੋਣ ਤੇ ਡਰਾਮਾ ਕਲੱਬ ਦੇ ਇੰਚਾਰਜ ਡਾ. ਸੁਨੀਲ ਕੁਮਾਰ, ਫਾਉਂਡਰ ਕਨਵੀਨਰ ਹਰਪ੍ਰੀਤ ਸਿੰਘ, ਆਵਾਜ਼ ਰੰਗਮੰਚ ਟੋਲੀ ਦੇ ਡਾਇਰੈਕਟਰ ਕੰਵਲ ਰੰਧੇਅ, ਨਵਨੀਤ ਰੰਧੇਅ ਨੂੰ ਵਧਾਈ ਦਿੱਤੀ।ਡਾ. ਸੁਨੀਲ ਕੁਮਾਰ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media