Sunday, May 19, 2024

ਲੋਕ ਸਭਾ ਚੋਣਾਂ ਲਈ 7 ਮਈ ਤੋਂ ਕਾਗਜ਼ ਭਰ ਸਕਣਗੇ ਉਮੀਦਵਾਰ – ਜਿਲ੍ਹਾ ਚੋਣ ਅਧਿਕਾਰੀ

ਕਰੀਬ 20 ਲੱਖ ਦੇ ਕਰੀਬ ਵੋਟਰ ਚੁਣਨਗੇ ਅੰਮ੍ਰਿਤਸਰ ਦਾ ਲੋਕ ਸਭਾ ਮੈਂਬਰ

ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਦੀਆਂ ਚੋਣਾਂ ਲੜਨ ਲਈ 7 ਮਈ ਤੋਂ ਲੈ ਕੇ 14 ਮਈ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾ ਸਕਣਗੇ।ਇਹ ਨਾਮਜ਼ਦਗੀ ਡਿਪਟੀ ਕਮਿਸ਼ਨਰ ਦਫਤਰ ਦੇ ਕਮਰਾ ਨੰਬਰ 103 ਵਿਚ ਸਵੇਰੇ 11.00 ਤੋਂ ਸ਼ਾਮ 3.00 ਵਜੇ ਤੱਕ ਜਮਾਂ ਕਰਵਾਏ ਜਾ ਸਕਣਗੇ।ਇਹ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਇਸ ਬਾਬਤ ਸਾਰੀਆਂ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।ਉਨਾਂ ਦੱਸਿਆ ਕਿ ਕੋਈ ਵੀ ਉਮੀਦਵਾਰ ਕਾਗਜ਼ ਦਾਖਲ ਕਰਵਾਉਣ ਮੌਕੇ ਆਪਣੇ ਸਮੇਤ 5 ਵਿਅਕਤੀਆਂ ਤੋਂ ਵੱਧ ਕਿਸੇ ਨੂੰ ਨਾਲ ਲੈ ਕੇ ਜਿਲ੍ਹਾ ਚੋਣ ਅਧਿਕਾਰੀ ਦੇ ਦਫਤਰ ਦੇ 100 ਮੀਟਰ ਘੇਰੇ ਦੇ ਅੰਦਰ ਨਹੀਂ ਆ ਸਕਦੇ।ਉਨਾਂ ਸਾਰੀ ਪ੍ਰਤੀਨਿਧੀਆਂ ਨੂੰ ਦੱਸਿਆ ਕਿ ਇਸ ਵਾਰ ਅੰਮ੍ਰਿਤਸਰ ਵਿਚ 19.91 ਲੱਖ ਵੋਟਰ ਆਪਣੇ ਵੋਟ ਹੱਕ ਦੀ ਵਰਤੋਂ ਕਰਨਗੇ, ਜਿੰਨਾਂ ਵਿੱਚ 1045018 ਮਰਦ ਅਤੇ 946434 ਔਰਤਾਂ, 74 ਟਰਾਂਸਜੇਡਰ ਵੋਟਰ ਸ਼ਾਮਲ ਹਨ।
ਜਿਲ੍ਹਾ ਚੋਣ ਅਧਿਕਾਰੀ ਥੋਰੀ ਨੇ ਲੋਕ ਸਭਾ ਚੋਣਾਂ ਬਾਰੇ ਕੀਤੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਦੱਸਿਆ ਕਿ 15 ਮਈ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ 17 ਤੱਕ ਕਾਗਜ਼ ਵਾਪਸ ਲਏ ਜਾ ਸਕਣਗੇ।ਵੋਟਾਂ 1 ਜੂਨ ਨੂੰ ਪੈਣਗੀਆਂ ਤੇ ਗਿਣਤੀ 4 ਜੂਨ ਨੂੰ ਹੋਵੇਗੀ।ਉਨਾਂ ਕਿਹਾ ਕਿ ਉਮੀਦਵਾਰ 95 ਲੱਖ ਰੁਪਏ ਤੱਕ ਖਰਚਾ ਕਰ ਸਕਣਗੇ ਅਤੇ ਨਾਮਜ਼ਦਗੀ ਫੀਸ ਜਨਰਲ ਲਈ 25 ਹਜ਼ਾਰ ਤੇ ਰਿਜ਼ਰਵ ਲਈ 12.5 ਹਜ਼ਾਰ ਰੁਪਏ ਹੋਵੇਗੀ।ਉਨਾਂ ਕਿਹਾ ਕਿ 85 ਤੋਂ ਵੱਧ ਉਮਰ ਅਤੇ ਦਿਵਆਂਗ ਵੀ ਘਰ ਬੈਠੇ ਆਪਣੀ ਵੋਟ ਦੀ ਵਰਤੋਂ ਕਰ ਸਕਣਗੇ, ਜਿੰਨਾ ਦੀ ਗਿਣਤੀ ਕ੍ਰਮਵਾਰ 18321 ਅਤੇ 17098 ਹੈ।ਇਸ ਵਾਰ 50221 ਵੋਟਰ ਪਹਿਲੀ ਵਾਰ ਆਪਣੇ ਵੋਟ ਹੱਕ ਦੀ ਵਰਤੋਂ ਕਰਨਗੇ।
ਉਨਾਂ ਦੱਸਿਆ ਕਿ ਜਿਲ੍ਹੇ ਵਿੱਚ 1122 ਥਾਵਾਂ ‘ਤੇ 2134 ਬੂਥ ਬਣਾਏ ਗਏ ਹਨ।ਹਰੇਕ ਹਲਕੇ ਵਿੱਚ 10-10 ਮਾਡਰਨ ਬੂਥ ਵੀ ਬਣਾਏ ਜਾਣਗੇ ਅਤੇ ਹਰੇਕ ਬੂਥ ‘ਤੇ ਲੋੜੀਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।ਉਨਾਂ ਦੱਸਿਆ ਕਿ ਵੋਟਾਂ ਲਈ ਸਾਡੇ ਕੋਲ ਸਟਾਫ ਦੀ ਕੋਈ ਘਾਟ ਨਹੀਂ ਹੈ ਅਤੇ ਅਸੀਂ ਲੋੜ ਅਨੁਸਾਰ ਟੀਮਾਂ ਦੀ ਤਾਇਨਾਤੀ ਕਰ ਰਹੇ ਹਾਂ।
ਇਸ ਮੌਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਮਾਨਤਾ ਪ੍ਰਾਪਤ ਪਾਰਟੀਆਂ ਦੇ ਉਮੀਦਵਾਰਾਂ ਨੂੰ 6 ਅਤੇ ਬਾਕੀ ਨੂੰ 2-2 ਗੰਨਮੈਨ ਦਿੱਤੇ ਜਾਣਗੇ।ਉਨਾਂ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਜਿਲ੍ਹਾ ਚੋਣ ਅਧਿਕਾਰੀ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹੀ ਕਾਗਜ਼ ਭਰਨ ਲਈ ਆਉਣ, ਤਾਂ ਕਿ ਚੋਣ ਜ਼ਾਬਤੇ ਦੀ ਉਲੰਘਣਾ ਨਾ ਹੋਵੇ।ਜਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਨੇ ਕਿਹਾ ਕਿ ਅਸੀਂਂ ਅਮਨ-ਸਾਂਤੀ ਨਾਲ ਵੋਟਾਂ ਪਾਉਣ ਲਈ ਹਰ ਤਰਾਂ ਨਾਲ ਤਿਆਰ ਹਾਂ ਤੇ ਇਸ ਲਈ ਸਾਰੇ ਵੋਟਰਾਂ ਤੇ ਰਾਜਸੀ ਪਾਰਟੀਆਂ ਕੋਲੋਂ ਸਾਥ ਦੀ ਵੀ ਸਾਨੂੰ ਲੋੜ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ, ਐਸ.ਡੀ.ਐਮ ਮਨਕੰਵਲ ਸਿੰਘ ਚਾਹਲ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਹੋਟਲ ਅਤੇ ਐਗਰੋ ਬੇਸ ਉਦਯੋਗ ਸਥਾਪਿਤ ਹੋਣ ਨਾਲ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ – ਸੰਧੂ ਸਮੁੰਦਰੀ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ …