Saturday, September 12, 2026

ਅਨਿਲ ਜੋਸ਼ੀ ਵੱਲੋਂ ਪ੍ਰਾਪਰਟੀ ਟੈਕਸ ‘ਤੇ 10 ਫੀਸਦੀ ਛੋਟ ਦੀ ਮਿਤੀ ਵਿੱਚ ਵਾਧੇ ਦਾ ਐਲਾਨ

ਹੁਣ 28 ਫਰਵਰੀ ਤੱਕ ਵੀ ਪ੍ਰਾਪਰਟੀ ਟੈਕਸ ਭਰਨ ਵਾਲਿਆਂ ਨੂੰ ਮਿਲੇਗੀ ਛੋਟ

Anil Joshi

ਚੰਡੀਗੜ, 2 ਜਨਵਰੀ (ਪੰਜਾਬ ਪੋਸਟ ਬਿਊਰੋ) – ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਪ੍ਰਾਪਰਟੀ ਟੈਕਸ ਸਮੇਂ ਤੋਂ ਪਹਿਲਾਂ ਭਰ ਕੇ ਛੋਟ ਲੈਣ ਦੇ ਚਾਹਵਾਨ ਨਾਗਰਿਕਾਂ ਨੂੰ ਵੱਡੀ ਰਾਹਤ ਦਿੰਦਿਆਂ ਆਖਰੀ ਮਿਤੀ ਵਧਾ ਦਿੱਤੀ ਹੈ। ਨਵੇਂ ਫੈਸਲੇ ਤਹਿਤ ਹੁਣ 28 ਫਰਵਰੀ ਤੱਕ ਸਾਲ 2014-15 ਦੇ ਲਈ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਵਾਲੇ ਨਾਗਰਿਕਾਂ ਨੂੰ ਟੈਕਸ ਉਪਰ 10 ਫੀਸਦੀ ਛੋਟ ਮਿਲੇਗੀ। ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਸ੍ਰੀ ਜੋਸ਼ੀ ਨੇ ਕਿਹਾ ਕਿ ਪ੍ਰਾਪਰਟੀ ਟੈਕਸ ਨੂੰ ਸਮੇਂ ਤੋਂ ਪਹਿਲਾਂ ਭਰ ਕੇ ਛੋਟ ਲੈਣ ਦੇ ਚਾਹਵਾਨ ਨਾਗਰਿਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਆਖਰੀ ਮਿਤੀ ਵਧਾਈ ਗਈ ਹੈ। ਉਨ੍ਹਾਂ ਕਿਹਾ ਕਿ 28 ਫਰਵਰੀ ਤੋਂ ਬਾਅਦ ਪ੍ਰਾਪਰਟੀ ਟੈਕਸ ਭਰਨ ਵਾਲੇ ਨਾਗਰਿਕਾਂ ਨੂੰ ਇਸ ਛੋਟ ਦਾ ਲਾਹਾ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਪ੍ਰਾਪਰਟੀ ਟੈਕਸ ਬਿਨਾਂ ਕਿਸੇ ਜ਼ੁਰਮਾਨੇ ਦੇ ਭਰਨ ਦੀ ਆਖਰੀ ਮਿਤੀ ਪਹਿਲਾਂ ਤੈਅ ਕੀਤੇ ਅਨੁਸਾਰ 31 ਮਾਰਚ ਹੀ ਹੈ।
ਸ੍ਰੀ ਜੋਸ਼ੀ ਨੇ ਕਿਹਾ ਕਿ ਵਿਭਾਗ ਵੱਲੋਂ ਅਜਿਹੇ ਨਾਗਰਿਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ 2014-15 ਸਾਲ ਦੇ ਪ੍ਰਾਪਰਟੀ ਟੈਕਸ ਉਤੇ 10 ਫੀਸਦੀ ਛੋਟ ਲੈਣ ਲਈ 28 ਫਰਵਰੀ ਤੋਂ ਪਹਿਲਾਂ ਟੈਕਸ ਜਮ੍ਹਾਂ ਕਰਵਾ ਦੇਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਭਾਗ ਦੇ ਖੇਤਰੀ ਡਿਪਟੀ ਡਾਇਰੈਕਟਰਾਂ, ਸਮੂਹ ਨਗਰ ਨਿਗਮਾਂ ਦੇ ਕਮਿਸ਼ਨਰਾਂ, ਨਗਰ ਕੌਂਸਲਾਂ ਤੇ ਪੰਚਾਇਤਾਂ ਦੇ ਕਾਰਜਸਾਧਕ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਕਿ ਉਹ ਨਾਗਰਿਕਾਂ ਨੂੰ ਇਸ ਛੋਟ ਦਾ ਲਾਹਾ ਲੈਣ ਲਈ ਪ੍ਰੇਰਿਤ ਅਤੇ ਜਾਗਰੂਕ ਕਰਨ ਅਤੇ ਇਸ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਤਾਂ ਜੋ ਕੋਈ ਨਾਗਰਿਕ ਇਸ ਲਾਹੇ ਦਾ ਫਾਇਦਾ ਲੈਣ ਤੋਂ ਵਾਂਝਾ ਨਾ ਰਹਿ ਸਕੇ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply