ਇਤਿਹਾਸਕਾਰ ਕੋਛੜ ਦੀ ਮਿਹਨਤ ਰੰਗ ਲਿਆਈ -ਪਾਕਿ ਹਿੰਦੂ ਧੀਆਂ ਬਨਣਗੀਆਂ ਪਿੰਡ ਮਿਰਗ਼ਪੁਰ ਦੀਆਂ ਨੂਹਾਂ

ਅੰਮ੍ਰਿਤਸਰ, 2 ਜਨਵਰੀ (ਪੰਜਾਬ ਪੋਸਟ ਬਿਊਰੋ) – ਭਾਂਵੇ ਕਿ ਪਿਛਲਾ ਪੂਰਾ ਵਰ੍ਹਾ ਪਾਕਿਸਤਾਨੀ ਹਿੰਦੂਆਂ ਲਈ ਮੁਸੀਬਤਾਂ ਅਤੇ ਚਿੰਤਾਵਾਂ ਭਰਿਆ ਰਿਹਾ, ਪਰੰਤੂ ਨਵੇਂ ਵਰ੍ਹੇ ਦਾ ਪਹਿਲਾ ਹਫ਼ਤਾ ਉਨ੍ਹਾਂ ਲਈ ਸ਼ੁੱਭ ਸਮਾਚਾਰ ਲੈ ਕੇ ਆਇਆ ਹੈ।ਭਾਰਤੀ ਇਤਿਹਾਸਕਾਰ ਤੇ ਖੋਜ਼ਕਰਤਾ ਸ਼੍ਰੀ ਸੁਰਿੰਦਰ ਕੋਛੜ ਦੁਆਰਾ ਪਾਕਿਸਤਾਨੀ ਹਿੰਦੂਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਅਧਿਕਾਰਾਂ ਲਈ ਕੀਤੀ ਜਾ ਰਹੀ ਜੱਦੋ-ਜਹਿਦ ਅਤੇ ਕੋਸ਼ਿਸ਼ਾਂ ਦੇ ਚੱਲਦਿਆਂ ਪਾਕਿਸਤਾਨੀ ਹਿੰਦੂ ਲੜਕੀਆਂ ਨੂੰ ਨੂਹਾਂ ਦੇ ਰੂਪ ਵਿਚ ਅਪਨਾਉਣ ਲਈ ਜ਼ਿਲ੍ਹਾ ਸਹਾਰਨਪੁਰ ਦੇ ਪਿੰਡ ਮਿਰਗ਼ਪੁਰ ਦੇ ਹਿੰਦੂ ਅੱਗੇ ਆਏ ਹਨ।
ਪਿੰਡ ਮਿਰਗ਼ਪੁਰ ਦੇ ਗੁਜ਼ੱਰ ਹਿੰਦੂ ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਅੱਜ ਸਵੇਰੇ ਵਾਪਸ ਅੰਮਿਤਸਰ ਪਰਤੇ ਇਤਿਹਾਸਕਾਰ ਸ਼੍ਰੀ ਕੋਛੜ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਕਿਸਤਾਨ ਵਿਚ ਪ੍ਰਤੀਦਿਨ ਹਿੰਦੂ ਲੜਕੀਆਂ ਦੇ ਹੋ ਰਹੇ ਧਰਮ-ਪਰਿਵਰਤਣ ਅਤੇ ਬਲਾਤਕਾਰ ਦੀਆਂ ਘਟਨਾਵਾਂ ਦੇ ਮਾਮਲੇ ਉਹਨਾਂ ਦੁਆਰਾ ਮੀਡੀਆ ਦੀ ਮਾਰਫ਼ਤ ਪ੍ਰਮੁੱਖਤਾ ਨਾਲ ਸਾਹਮਣੇ ਲਿਆਉਣ ਦੇ ਬਾਅਦ ਦੇਵ-ਭੂਮੀ ਹਰਿਦੁਆਰ ਦੇ ਸੰਤਾਂ ਨੇ ਇਸ ਦੇ ਹਲ ਦੀ ਜਿੰਮੇਵਾਰੀ ਚੁੱਕੀ ਹੈ।ਜਿਸ ਦੇ ਚਲਦਿਆਂ ਸ਼੍ਰੀਕ੍ਰਿਸ਼ਨਾਯਨ ਗੋਲੋਕ ਧਾਮ ਰਿਸ਼ੀਕੇਸ਼ ਅਤੇ ਭਾਗਿਰਿਥੀ ਧਾਮ ਹਰਿਦੁਆਰ ਦੇ ਮਹਾਮੰਡਲੇਸ਼ਵਰ ਸਵਾਮੀ ਇਸ਼ਵਰ ਦੇਵ, ਸਵਾਮੀ ਕਮਲਾਨੰਦ, ਸਵਾਮੀ ਆਤਮਾ ਨੰਦ ਅਤੇ ਸਵਾਮੀ ਹਰਿ ਓਮ ਆਨੰਦ ਦੁਆਰਾ ਉੱਤਰਾਖੰਡ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਹਿੰਦੂਆਂ ਨੂੰ ਇਸ ਮਾਮਲੇ ਵਿਚ ਪ੍ਰੇਰਿਤ ਕਰਨ ‘ਤੇ ਪਿੰਡ ਮਿਰਗ਼ਪੁਰ ਦੇ ਹਿੰਦੂਆਂ ਨੇ ਪਾਕਿਸਤਾਨੀ ਹਿੰਦੂ ਲੜਕੀਆਂ ਨੂੰ ਨੂਹਾਂ ਦੇ ਰੂਪ ਵਿਚ ਅਪਨਾਉਣ ਦਾ ਫੈਸਲਾ ਲਿਆ ਹੈ।ਸ਼੍ਰੀ ਕੋਛੜ ਨੇ ਕਿਹਾ ਕਿ ਪਾਕਿਸਤਾਨੀ ਹਿੰਦੂਆਂ ਦੀ ਚਿੰਤਾ ਦਾ ਸਬੱਬ ਬਣ ਚੁੱਕੀਆਂ ਉਨ੍ਹਾਂ ਦੀਆਂ ਧੀਆਂ ਦੇ ਸੰਬੰਧ ਵਿਚ ਉਹ ਭਾਰਤ ਸਰਕਾਰ ਪਾਸ ਕਈ ਵਾਰ ਫ਼ਰਿਆਦ ਕਰ ਚੁਕੇ ਹਨ ਕਿ ਉਨ੍ਹਾਂ ਨੂੰ ਜਾਂ ਉਨ੍ਹਾਂ ਦੀਆਂ ਧੀਆਂ ਨੂੰ ਭਾਰਤ ਵਿਚ ਕਿਸੇ ਵੀ ਰੂਪ ਵਿਚ ਸ਼ਰਣ ਦਿੱਤੀ ਜਾਵੇ।ਸ਼੍ਰੀ ਕੋਛੜ ਨੇ ਦੱਸਿਆ ਕਿ ਪਿੰਡ ਮਿਰਗ਼ਪੁਰ ਦੇ ਹਿੰਦੂਆਂ ਦੁਆਰਾ ਕੀਤੀ ਗਈ ਉਪਰੋਕਤ ਪਹਿਲ ਨਾਲ ਪਾਕਿਸਤਾਨੀ ਹਿੰਦੂਆਂ ਨੂੰ ਭਾਰੀ ਰਾਹਤ ਮਿਲੇਗੀ।ਉਹਨਾਂ ਕਿਹਾ ਕਿ ਮਿਰਗ਼ਪੁਰ ਦੇ ਹਿੰਦੂਆਂ ਨੇ ਇਹ ਵੀ ਵਿਸ਼ਵਾਸ ਦਿਵਾਇਆ ਹੈ ਕਿ ਪਾਕਿਸਤਾਨ ਤੋਂ ਵਿਆਹ ਕਰਕੇ ਲਿਆਦੀਆਂ ਗਈਆਂ ਨੂਹਾਂ ਨੂੰ ਉਹ ਆਪਣੀਆਂ ਧੀਆਂ ਦੇ ਬਰਾਬਰ ਹੀ ਪਿਆਰ ਅਤੇ ਸਨਮਾਨ ਦੇਣਗੇ।
ਸ਼੍ਰੀ ਕੋਛੜ ਨੇ ਦੱਸਿਆ ਕਿ ਬਾਵਾ ਫ਼ਕੀਰਾਦਾਸ ਦੀ ਤਪ ਭੂਮੀ ਪਿੰਡ ਮਿਰਗ਼ਪੁਰ ਵਿਸ਼ਵ ਦਾ ਆਪਣੇ-ਆਪ ਵਿਚ ਇਕਲੌਤਾ ਅਨੋਖਾ ਪਿੰਡ ਹੈ।ਜਿੱਥੇ 10 ਹਜ਼ਾਰ ਦੇ ਕਰੀਬ ਧੱਨਾਢ ਗੁਜ਼ੱਰ ਹਿੰਦੂ ਰਹਿ ਰਹੇ ਹਨ ਅਤੇ ਚਾਰੋਂ ਪਾਸਿਓਂ ਨਿਰੋਲ ਮੁਸਲਿਮ ਆਬਾਦੀ ਵਾਲੇ ਪਿੰਡਾਂ ਨਾਲ ਘਿਰੇ ਉਪਰੋਕਤ ਪਿੰਡ ਵਿਚ ਪਿਛਲੇ ਕਰੀਬ 400 ਸਾਲਾਂ ਤੋਂ ਕਦੇ ਲਹਸੁਨ, ਪਿਆਜ਼, ਤਮਾਖ਼ੂ, ਮਾਂਸ ਅਤੇ ਸ਼ਰਾਬ ਇਸਤੇਮਾਲ ਨਹੀਂ ਕੀਤੀ ਗਈ ਅਤੇ ਇਥੇ ਸਾਤਵਿਕ-ਆਹਾਰ ਦੇ ਇਲਾਵਾ ਕਿਸੇ ਹੋਰ ਵਸਤੂ ਦੇ ਇਸਤੇਮਾਲ ‘ਤੇ ਸਖ਼ਤ ਮਨਾਹੀ ਹੈ।
ਅਲਗ ਤੋਂ ਡੱਬੀ ਵਿਚ ਲਗਾਉਣ ਲਈ ਬੰਗਾ ਦਾ ਮੋਨੂ ਬਣੇਗਾ ਵਿਚੋਲਾ
ਸ਼੍ਰੀ ਕੋਛੜ ਦੇ ਅਨੁਸਾਰ ਪਾਕਿਸਤਾਨੀ ਹਿੰਦੂ ਲੜਕੀਆਂ ਨਾਲ ਵਿਆਹ ਦੇ ਇਛੁੱਕ ਭਾਰਤੀ ਲੜਕਿਆਂ ਦੀ ਪੂਰੀ ਜਾਣਕਾਰੀ ਪਾਕਿਸਤਾਨੀ ਹਿੰਦੂਆਂ ਨੂੰ ਉਪਲੱਬਧ ਕਰਾਉਣ ਅਤੇ ਪਾਕਿਸਤਾਨੀ ਹਿੰਦੂ ਲੜਕੀਆਂ ਦੇ ਵੀਜ਼ਾ ਲਗਾਉਣ ਦੀ ਜਿੰਮੇਵਾਰੀ ਜ਼ਿਲ੍ਹਾ ਨਵਾਂ ਸ਼ਹਿਰ ਦੀ ਤਹਿਸੀਲ ਬੰਗਾ ਦੇ ਸ਼੍ਰੀ ਮਨਮਿੰਦਰ ਕੁਮਾਰ ਮੋਨੂ ਨੇ ਆਪਣੇ ਜਿੰਮੇ ਲਈ ਹੈ।ਉਹ ਇਹ ਸੇਵਾਵਾਂ ਬਿਨ੍ਹਾਂ ਕਿਸੇ ਖਰਚ ਦੇ ਆਪਣੇ ਵਲੋਂ ਭੇਟ ਕਰਨਗੇ।ਸ਼੍ਰੀ ਕੋਛੜ ਨੇ ਕਿਹਾ ਕਿ ਉਹਨਾਂ ਦੇ ਨਾਲ ਪਿੰਡ ਮਿਰਗ਼ਪੁਰ ਦੇ ਹਿੰਦੂ ਪਰਿਵਾਰਾਂ ਨੂੰ ਮਿਲ ਕੇ ਵਾਪਸ ਪਰਤੇ ਸ਼੍ਰੀ ਮੋਨੂ ਨੇ ਵਿਸ਼ਵਾਸ ਦਵਾਇਆ ਹੈ ਕਿ ਪਾਕਿਸਤਾਨ ਤੋਂ ਨੂਹਾਂ ਦੇ ਰੂਪ ਵਿਚ ਭਾਰਤ ਆਉਣ ਵਾਲੀਆਂ ਹਿੰਦੂ ਲੜਕੀਆਂ ਨੂੰ ਭਾਰਤ ਵਿਚ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
Punjab Post Daily Online Newspaper & Print Media