ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ ਬਿਊਰੋ) – ਜੂਨ 1984 ’ਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਤਤਕਾਲੀ ਕਾਂਗਰਸ
ਸਰਕਾਰ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਜੋ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਸਨ, ਦੇ ਸੰਗਤ ਨੂੰ ਦਰਸ਼ਨ ਕਰਵਾਉਣ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਨਜ਼ਦੀਕ ਗੁਰਦੁਆਰਾ ਸ਼ਹੀਦ ਗੰਜ ਬਾਬਾ ਗੁਰਬਖ਼ਸ਼ ਸਿੰਘ ਜੀ ਵਿਖੇ ਸੁਸ਼ੋਭਿਤ ਕੀਤੇ ਗਏ।ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਸਾਲਾਂ ਤੋਂ ਘੱਲੂਘਾਰਾ ਹਫ਼ਤੇ ਦੌਰਾਨ ਇਸ ਪਾਵਨ ਸਰੂਪ ਦੇ ਸੰਗਤ ਨੂੰ 6 ਜੂਨ ਤੱਕ ਰੋਜ਼ਾਨਾ ਸਵੇਰ ਤੋਂ ਸ਼ਾਮ ਤੱਕ ਦਰਸ਼ਨ ਕਰਵਾਏ ਜਾ ਰਹੇ ਹਨ।ਪਾਵਨ ਸਰੂਪ ਦੇ ਨਾਲ ਇਸ ਵਿਚ ਲੱਗੀ ਗੋਲੀ ਵੀ ਸੰਗਤ ਨੂੰ ਦਿਖਾਈ ਜਾ ਰਹੀ ਹੈ। ਇਸ ਦੇ ਨਾਲ ਹੀ ਹਮਲੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੁਕਸਾਨੀ ਇਮਾਰਤ ਦਾ ਮਾਡਲ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸੁਸ਼ੋਭਿਤ ਕੀਤਾ ਗਿਆ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਪਾਵਨ ਸਰੂਪ ਸੁਸ਼ੋਭਿਤ ਕਰਨ ਦੀ ਸੇਵਾ ਨਿਭਾਈ, ਜਦਕਿ ਇਸ ਬਾਰੇ ਸੰਗਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਨੇ ਸੰਗਤ ਨੁੰ ਦੱਸਿਆ ਕਿ ਇਹ ਜ਼ਖ਼ਮੀ ਪਾਵਨ ਸਰੂਪ ਸਿੱਖ ਕੌਮ ’ਤੇ ਹੋਏ ਜ਼ੁਲਮਾਂ ਦੀ ਮੂੰਹ ਬੋਲਦੀ ਤਸਵੀਰ ਹੈ, ਜਿਸ ਨੂੰ ਦੇਖ ਕੇ ਹਰ ਮਨੁੱਖ ਦਾ ਹਿਰਦਾ ਪੀੜਾ ਨਾਲ ਭਰ ਜਾਂਦਾ ਹੈ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜੂਨ 1984 ਵਿਚ ਕੇਂਦਰ ਦੀ ਕਾਂਗਰਸ ਸਰਕਾਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਫ਼ੌਜੀ ਹਮਲਾ ਕਰਕੇ ਜੋ ਵਹਿਸ਼ੀਆਨਾ ਕਾਰਾ ਕੀਤਾ ਸੀ, ਸਿੱਖ ਕੌਮ ਉਸ ਨੂੰ ਕਦੇ ਵੀ ਭੁੱਲ ਨਹੀਂ ਸਕਦੀ ਅਤੇ ਨਾ ਹੀ ਇਸ ਦੇ ਗੁਨਾਹਗਾਰਾਂ ਨੂੰ ਬਖ਼ਸ਼ਿਆ ਜਾ ਸਕਦਾ ਹੈ।40 ਸਾਲ ਬੀਤਣ ਬਾਅਦ ਵੀ ਸਿੱਖਾਂ ਦੇ ਜ਼ਖ਼ਮ ਅੱਲ੍ਹੇ ਹਨ।
ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਅਰਦਾਸ ਭਾਈ ਪ੍ਰੇਮ ਸਿੰਘ ਨੇ ਕੀਤੀ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ, ਗਿਆਨੀ ਮਲਕੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਭਾਈ ਅਜਾਇਬ ਸਿੰਘ ਅਭਿਆਸੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ, ਨਰਿੰਦਰ ਸਿੰਘ, ਵਧੀਕ ਮੈਨੇਜਰ ਗੁਰਪ੍ਰੀਤ ਸਿੰਘ, ਪ੍ਰਚਾਰਕ ਭਾਈ ਤਰਸੇਮ ਸਿੰਘ, ਭਾਈ ਸਤਵੰਤ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਬਲਕਾਰ ਸਿੰਘ ਅਤੇ ਵੱਡੀ ਗਿਣਤੀ ਸੰਗਤਾਂ ਮੌਜ਼ੂਦ ਸਨ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media