ਅੰਮ੍ਰਿਤਸਰ, 29 ਮਈ (ਦੀਪ ਦਵਿੰਦਰ ਸਿੰਘ) – ਪੰਜਾਬੀ ਨਾਟਕ ਦੇ ਖੇਤਰ ਵਿੱਚ ਆਪਣਾ ਨਾਂ ਕਮਾਉਣ ਵਾਲੇ ਕਨੇਡਾ ਵਾਸੀ ਨਾਟਕਕਾਰ ਹੀਰਾ ਰੰਧਾਵਾ ਵਲੋਂ
ਅਨੁਵਾਦ ਕੀਤੇ ਤਿੰਨ ਹਿੰਦੀ ਨਾਟਕਾਂ ਦੀ ਪੁਸਤਕ ‘ਸੱਚ ਦੀ ਸਰਦਲ `ਤੇ’ ਅੱਜ ਅੰਮ੍ਰਿਤਸਰ ਸਥਿਤ ਰੰਗਮੰਚ ਭਵਨ ਵਿਖੇ ਲੋਕ ਅਰਪਣ ਕੀਤੀ ਗਈ।ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਫਿਲਮ ਅਦਾਕਾਰ ਹਰਦੀਪ ਗਿੱਲ, ਪ੍ਰਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਸੀਨੀਅਰ ਅਦਾਕਾਰ ਪਵਨਦੀਪ, ਹਰਮੀਤ ਆਰਟਿਸਟ, ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ, ਰੰਗਮੰਚ ਦੇ ਹੋਣਹਾਰ ਕਲਾਕਾਰ ਸਾਜਨ ਕੋਹੇਨੂਰ ਆਦਿ ਹਾਜ਼ਰ ਸਨ।ਪੁਸਤਕ ਦੇ ਅਨੁਵਾਦਕ ਹੀਰਾ ਰੰਧਾਵਾ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਹੁਣ ਤੱਕ ਸੱਤ ਕਾਵਿ ਤੇ ਨਾਟ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ।
ਇਸ ਪੁਸਤਕ ਵਿੱਚ ਅੰਮ੍ਰਿਤ ਲਾਲ ਮਦਾਨ ਦੇ ਨਾਟਕ ‘ਚੌਹਾਰੇ ਪਰ’ ਦਾ ਪੰਜਾਬੀ ਰੂਪ ‘ਸੱਚ ਦੀ ਸਰਦਲ `ਤੇ’, ਸ਼ਿਵ ਕੁਮਾਰ ਲਿਖਤ ‘ਜਨਤਾ ਪਾਗਲ ਹੋ ਗਈ’ ਦਾ ਪੰਜਾਬੀ ਰੂਪ “ਪਾਗਲ ਲੋਕ” ਅਤੇ ਸਵਦੇਸ਼ ਦੀਪਕ ਰਚਿਤ ਨਾਟਕ ‘ਬਾਲ ਭਗਵਾਨ’” ਸ਼ਾਮਲ ਕੀਤੇ ਗਏ ਹਨ।ਪੁਸਤਕ ਬਾਰੇ ਗੱਲ ਕਰਦਿਆਂ ਕੇਵਲ ਧਾਲੀਵਾਲ ਨੇ ਕਿਹਾ ਕਿ ਹੀਰਾ ਸਿੰਘ ਰੰਧਾਵਾ ਦੇ ਰੰਗਮੰਚ ਸਫਰ ਦੀਆਂ ਪੈੜਾਂ ਲੰਮੀਆਂ ਨੇ, ਪਰ ਉਹ ਰੁਕਿਆ ਨਹੀਂ, ਅੱਕਿਆ ਨਹੀਂ, ਥੱਕਿਆ ਨਹੀਂ, ਇਸੇ ਲਈ ਉਸ ਨੇ ਰੰਗ ਕਲਾ ਦਾ ਸਫਰ ਜਾਰੀ ਰੱਖਿਆ ਏ।ਉਸ ਨੇ ਪੰਜਾਬ ਦੀ ਧਰਤੀ ਤੋਂ ਰੰਗਮੰਚ ਦਾ ਸਫਰ ਸ਼ੁਰੂ ਕੀਤਾ ਤੇ ਕਨੇਡਾ ਦੀ ਧਰਤੀ ਤੇ ਜਾ ਕੇ ਵੀ ਇਹ ਸਫਰ ਜਾਰੀ ਰੱਖਿਆ, ਉਹ ਅਦਾਕਾਰ ਹੈ, ਨਿਰਦੇਸ਼ਕ ਹੈ, ਨਾਟਕਕਾਰ ਹੈ ਅਤੇ ਅਨੁਵਾਦਕ ਵੀ ਹੈ।ਉਨ੍ਹਾਂ ਕਿਹਾ ਕਿ ਹੀਰੇ ਨੇ ਅਜੇ ਹੋਰ ਵੀ ਨਿਵੇਕਲੀਆਂ ਪੈੜਾਂ ਪਾਉਣੀਆਂ ਨੇ, ਉਨ੍ਹਾਂ ਪੈੜਾਂ ਦੀ ਨਿਸ਼ਾਨਦੇਹੀ ਪੰਜਾਬੀ ਰੰਗਮੰਚ ਦਾ ਖੂਬਸੂਰਤ ਹਿੱਸਾ ਬਣੇਗੀ।
Check Also
ਕਰਮਜੀਤ ਰਿੰਟੂ ਨੇ ਰਾਮਨਗਰ ਪੰਚਾਇਤ ‘ਚ ਸੜਕਾਂ ਤੇ ਗਲੀਆਂ ਬਣਾਉਣ ਦੇ ਕਾਰਜ਼ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ) – ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਉੱਤਰੀ ਵਿਧਾਨ …
Punjab Post Daily Online Newspaper & Print Media