ਅੰਮ੍ਰਿਤਸਰ, 30 ਮਈ (ਜਗਦੀਪ ਸਿੰਘ) – ਲਾਵਾਰਸਾਂ, ਪਾਗਲਾਂ, ਅਪਾਹਿਜਾਂ, ਬਜ਼ੁਰਗਾਂ ਤੇ ਮੰਦਬੁੱਧੀ ਬੱਚਿਆਂ ਦੀ ਸੇਵਾ ਸੰਭਾਲ ਕਰਨ ਵਾਲੀ ਸੰਸਥਾ ਪਿੰਗਲਵਾੜਾ ਅੰਮ੍ਰਿਤਸਰ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦਾ 120ਵਾਂ ਜਨਮ ਦਿਹਾੜਾ ਸਮਾਰੋਹ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਪਿੰਗਲਵਾੜਾ ਮੁੱਖ ਬ੍ਰਾਂਚ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪਿੰਗਲਵਾੜਾ ਮੁਖੀ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ 2 ਜੂਨ, 2024 ਦਿਨ ਐਤਵਾਰ ਨੂੰ ਦੁਪਹਿਰ 12:00 ਤੋਂ ਲੈ ਕੇ 3:00 ਵਜੇ ਤੱਕ ਰੇਲਵੇ ਸਟੇਸ਼ਨ ਵਿਖੇ ਭਗਤ ਪੂਰਨ ਸਿੰਘ ਜੀ ਦੀ ਸੇਵਾ ਤਪੱਸਿਆ ਨੂੰ ਯਾਦ ਕੀਤਾ ਜਾਵੇਗਾ, ਜਿਥੇ ਸਭ ਤੋਂ ਪਹਿਲਾਂ ਉਹਨਾਂ ਨੇ ਸੇਵਾ ਆਰੰਭ ਕੀਤੀ ਸੀ।3 ਜੂਨ 2024 ਦਿਨ ਸੋਮਵਾਰ ਨੂੰ ਸਵੇਰੇ 11:00 ਵਜੇ ਮਾਨਾਂਵਾਲਾ ਕੰਪਲੈਕਸ ਵਿਖੇ ਬਾਇਓਗੈਸ ਪਲਾਂਟ (ਗੋਬਰ ਗੈਸ) ਦਾ ਉਦਘਾਟਨ ਕੀਤਾ ਜਾਵੇਗਾ।
ਡਾ. ਇੰਦਰਜੀਤ ਕੌਰ ਨੇ ਹੋਰ ਦੱਸਿਆ ਕਿ 4 ਜੂਨ 2024 ਦਿਨ ਮੰਗਲਵਾਰ ਨੂੰ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਵਾਲੇ ਦਿਨ ਸਵੇਰੇ 8:15 ਤੋਂ 09:00 ਵਜੇ ਮੁੱਖ ਦਫਤਰ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਜੀ ਦਾ ਭੋਗ ਪਾਇਆ ਜਾਵੇਗਾ।ਉਪਰੰਤ ਸਵੇਰੇ 09:00 ਤੋਂ 11:30 ਵਜੇ ਭਾਈ ਜਸਬੀਰ ਸਿੰਘ ਅਤੇ ਸੰਸਥਾ ਦੇ ਬੱਚਿਆਂ ਦੁਆਰਾ ਗੁਰਬਾਣੀ ਕੀਰਤਨ ਕੀਤਾ ਜਾਵੇਗਾ।11:30 ਤੋਂ 12:00 ਵਜੇ ਤੱਕ ਪਿੰਗਲਵਾੜਾ ਸੋਵੀਨਰ ਅਤੇ ਪੁਸਤਕਾਂ ਦਾ ਰਿਲੀਜ਼ ਸਮਾਰੋਹ ਕੀਤਾ ਜਾਵੇਗਾ।ਬਾਅਦ ਦੁਪਹਿਰ 12:00 ਤੋਂ 01:00 ਵਜੇ ਤੱਕ ਮਹਾਨ ਸਮਾਜ ਸੇਵੀ ਅਤੇ ਵਾਤਾਵਰਣ ਪੇ੍ਰਮੀਆਂ ਵੱਲੋਂ ਭਗਤ ਜੀ ਦੇ ਜੀਵਨ ਬਾਰੇ ਵੱਖ-ਵੱਖ ਪਹਿਲੂਆਂ ‘ਤੇ ਵਿਚਾਰਾਂ ਕੀਤੀਆਂ ਜਾਣਗੀਆਂ।
ਇਸ ਪ੍ਰੈਸ ਕਾਨਫਰੰਸ ਵਿੱਚ ਪਿੰਗਲਵਾੜਾ ਸੋਸਾਇਟੀ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ, ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਮੈਂਬਰ ਪਿੰਗਲਵਾੜਾ ਸੋਸਾਇਟੀ ਰਾਜਬੀਰ ਸਿੰਘ, ਮੈਂਬਰ ਪਿੰਗਲਵਾੜਾ ਸੋਸਾਇਟੀ ਹਰਜੀਤ ਸਿੰਘ ਅਰੋੜਾ, ਪ੍ਰਸ਼ਾਸਕ ਪਿੰਗਲਵਾੜਾ ਸੋਸਾਇਟੀ ਪਰਮਿੰਦਰਜੀਤ ਸਿੰਘ ਭੱਟੀ, ਸੁਰਿੰਦਰ ਕੌਰ ਭੱਟੀ, ਜਨਰਲ ਮੈਨੇਜਰ ਤਿਲਕ ਰਾਜ, ਸ਼ਲਿੰਦਰਜੀਤ ਸਿੰਘ, ਹਰਪਾਲ ਸਿੰਘ ਸੰਧੂ ਅਤੇ ਕਈ ਹੋਰ ਪਤਵੰਤੇ ਸ਼ਾਮਲ ਸਨ।