Sunday, July 7, 2024

ਕਾਂਗਰਸ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਗੁਰਜੀਤ ਔਜਲਾ ਨੇ ਜਿੱਤ ਦੀ ਹੈਟ੍ਰਿਕ ਲਾਈ

ਪਾਰਟੀ ਲੀਡਰਸ਼ਿਪ ਅਤੇ ਗੁਰੂ ਨਗਰੀ ਦੇ ਵੋਟਰਾਂ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 4 ਜੂਨ (ਸੁਖਬੀਰ ਸਿੰਘ) – ਕਾਂਗਰਸ ਪਾਰਟੀ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਤੀਜ਼ੀ ਵਾਰ ਜਿੱਤ ਦਰਜ਼ ਕਰਦੇ ਹੋਏ ਆਪਣੇ ਵਿਰੋਧੀਆਂ ਨੂੰ ਤਕੜੀ ਹਾਰ ਦਿੱਤੀ ਹੈ।ਅੰਮ੍ਰਿਤਸਰ ਤੋਂ ਅਕਾਲੀ ਦਲ ਦੇ ਉਮੀਦਵਾਰ ਅਤੇ ਭਾਜਪਾ ਦੇ ਤਿੰਨ ਉਮੀਦਵਾਰਾਂ ਦੀ ਤੀਜ਼ੀ ਵਾਰ ਹਾਰ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਧਰਮ ਦੇ ਨਾਂ `ਤੇ ਜਾਂ ਦੂਜਿਆਂ ਨੂੰ ਜ਼ਲੀਲ ਕਰਨ ਦੀ ਰਾਜਨੀਤੀ `ਤੇ ਨਹੀਂ, ਸਗੋਂ ਕੀਤੇ ਕੰਮਾਂ ਦੇ ਆਧਾਰ `ਤੇ ਵੋਟਾਂ ਪਾਉਂਦੇ ਹਨ।
ਗੁਰਜੀਤ ਔਜਲਾ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਗੁਰੂ ਨਗਰੀ ਨੇ ਇੱਕ ਵਾਰ ਫਿਰ ਉਨ੍ਹਾਂ ਨੁੰ ਸੇਵਾ ਦਾ ਮੌਕਾ ਦਿੱਤਾ ਹੈ।ਔਜਲਾ ਨੇ ਕਿਹਾ ਕਿ ਚੋਣਾਂ ਦੌਰਾਨ ਉਨ੍ਹਾਂ ਖੁਦ ਹੀ ਨਹੀਂ, ਸਗੋਂ ਪੂਰੇ ਪਰਿਵਾਰ ਨੇ ਸਖ਼ਤ ਮਿਹਨਤ ਕੀਤੀ ਹੈ।ਗੁਰਜੀਤ ਸਿੰਘ ਔਜਲਾ ਨੇ ਆਪਣੇ ਭਰਾ ਸੁਖਜਿੰਦਰ ਸਿੰਘ ਔਜਲਾ ਨਾਲ ਜਸ਼ਨ ਮਨਾਉਂਦੇ ਹੋਏ ਕਿਹਾ ਕਿ ਇਹ ਜਿੱਤ ਅੰਮ੍ਰਿਤਸਰ ਦੇ ਲੋਕਾਂ ਦੀ ਜਿੱਤ ਹੈ, ਜਿਨ੍ਹਾਂ ਨੇ ਤੀਸਰੀ ਵਾਰ ਉਨ੍ਹਾਂ `ਤੇ ਵਿਸ਼ਵਾਸ਼ ਪ੍ਰਗਟ ਕੀਤਾ ਹੈ।ਉਨ੍ਹਾਂ ਨੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਸ੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਸਮੇਤ ਸਮੂਹ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਉਨ੍ਹਾਂ ਦੀ ਜਿੱਤ `ਚ ਉਨ੍ਹਾਂ ਦਾ ਸਾਥ ਦਿੱਤਾ।ਗੁਰਜੀਤ ਔਜਲਾ ਨੇ ਕਿਹਾ ਕਿ ਹੁਣ ਉਹ ਰੁਕੇ ਹੋਏ ਪ੍ਰਾਜੈਕਟਾਂ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਵਾਉਣਗੇ।ਸੂਬਾ ਸਰਕਾਰ `ਤੇ ਨਸ਼ਾਖੋਰੀ ਨੂੰ ਰੋਕਣ ਅਤੇ ਕਾਨੂੰਨ ਵਿਵਸਥਾ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਦਬਾਅ ਬਣਾਉਣਗੇ ਅਤੇ ਜੇਕਰ ਲੋੜ ਪਈ ਤਾਂ ਲੋਕਾਂ ਲਈ ਸੜਕਾਂ `ਤੇ ਵੀ ਉਤਰਣਗੇ।ਔਜਲਾ ਦੀ ਜਿੱਤ ਦੇ ਐਲਾਨ ਦੇ ਨਾਲ ਹੀ ਵੱਡੀ ਗਿਣਤੀ ‘ਚ ਕਾਂਗਰਸੀ ਸਮਰਥਕ ਵਧਾਈ ਦੇਣ ਲਈ ਉਨ੍ਹਾਂ ਦੇ ਦਫ਼ਤਰ ਅਤੇ ਘਰ ਪੁੱਜੇ।
ਔਜਲਾ ਨੇ ਸਾਰਿਆਂ ਨੂੰ ਮਿਲ ਕੇ ਵਧਾਈਆਂ ਤਾਂ ਲਈਆਂ, ਪਰ ਘੱਲੂਘਾਰਾ ਹਫ਼ਤਾ ਹੋਣ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਲੱਡੂ ਨਹੀਂ ਵੰਡੇ ਗਏ ਤੇ ਢੋਲ ਵੀ ਨਹੀਂ ਵਜਾਇਆ ਗਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …