Tuesday, July 2, 2024

ਪਦਮਸ਼੍ਰੀ ਸੁਰਜੀਤ ਪਾਤਰ ਨੂੰ ਸਮਰਪਿਤ 18ਵੀਂ ਸਿਰਜਣ ਪ੍ਰੀਕ੍ਰਿਆ

ਵਿਦਿਆਰਥੀਆਂ ਤੇ ਅਧਿਆਪਕਾਂ ਨੇ ਪਾਤਰ ਨੂੰ ਦਿੱਤੀ ਸ਼ਰਧਾਂਜਲੀ

ਅੰਮ੍ਰਿਤਸਰ, 12 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵਲੋਂ ਆਪਣਾ ਮਹੀਨਾਵਾਰ ਪ੍ਰੋਗਰਾਮ ਸਿਰਜਣ ਪ੍ਰਰਕ੍ਰਿਆ ਦਾ 18ਵਾਂ ਆਯੋਜਨ ਸੰਸਥਾ ਦੇ ਸਥਾਨਕ ਸੈਮੀਨਾਰ ਹਾਲ ਵਿੱਚ ਕਰਵਾਇਆ ਗਿਆ।ਇਹ ਸਿਰਜਣ ਪ੍ਰਕਿਰਿਆ ਸਮਾਗਮ ਪੰਜਾਬੀ ਦੇ ਮਹਾਨ ਸ਼ਾਇਰ, ਪਦਮਸ਼੍ਰੀ ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਸੀ।ਇਸ ਵਿਚ ਰਾਜ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਤੋਂ ਵਿਦਿਆਰਥੀ, ਅਧਿਆਪਕ ਅਤੇ ਵਿਦਵਾਨ ਸ਼ਾਮਿਲ ਹੋਏ।
ਉਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ ਨੇ ਸੁਰਜੀਤ ਪਾਤਰ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਸੁਰਜੀਤ ਪਾਤਰ ਨੂੰ ਕਵੀ ਤੋਂ ਵੱਧ ਇਕ ਦਾਰਸ਼ਨਿਕ ਦੇ ਤੌਰ ‘ਤੇ ਦੇਖਦੇ ਹਨ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਗੁਰਬਾਣੀ ਦਾ ਰਾਗਾਤਮਕ ਸੁਹਜ਼ ਵਿਖਾਈ ਦਿੰਦਾ ਹੈ।ਉਨ੍ਹਾਂ ਕਿਹਾ ਕਿ ਸੁਰਜੀਤ ਪਾਤਰ ਨੇ ਪੰਜਾਬੀ ਜ਼ੁਬਾਨ ਦੀ ਅਮੀਰੀ ਲਈ ਚਿੰਤਨੀ ਅਭਿਆਸ ਦੇ ਨਾਲ ਨਾਲ ਅਨੇਕਾਂ ਪ੍ਰਸ਼ਾਸਨਿਕ ਫੈਸਲ਼ਿਆਂ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਉਘੇ ਸ਼ਾਇਰ ਸਵਰਨਜੀਤ ਸਵੀ ਨੇ ਆਪਣੇ ਵਿਅਕਤੀਗਤ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਗੁਰਬਾਣੀ ਦੇ ਸ਼ਬਦਾਂ ਦਾ ਉਨਾਂ੍ਹ ਦੇ ਸਿਰਜਣਾਤਮਕ ਹਵਾਲਿਆਂ ਵਿੱਚ ਵਾਰ-ਵਾਰ ਨਵੇਂ ਅਰਥਾਂ ਰਾਹੀਂ ਸਾਕਾਰ ਹੋਣਾ ਇਸ ਗੱਲ ਵੱਲ ਇਸ਼ਾਰਾ ਸੀ ਕਿ ਗੁਰਬਾਣੀ ਦਾ ਉਨ੍ਹਾਂ ਦੇ ਸਭਿਆਚਾਰਕ ਅਤੇ ਸਿਰਜਣਾਤਮਕ ਜੀਵਨ ਉਪਰ ਡੂੰਘਾ ਪ੍ਰਭਾਵ ਸੀ। ਖਾਲਸਾ ਕਾਲਜ ਫਾਰ ਵੁਮੈਨ ਸਾਬਕਾ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਦੱਸਿਆ ਕਿ ਉਨ੍ਹਾਂ ਦੀਆਂ ਰਚਨਾਵਾਂ ਰਾਹੀਂ ਬੌਧਿਕ ਅਤੇ ਸੰਵੇਦਨਸ਼ੀਲਤਾ ਦਾ ਇਕ ਖੂਬਸੂਰਤ ਸੰਤੁਲਨ ਉਭਰ ਕੇ ਸਾਹਮਣੇ ਆਉਂਦਾ ਹੈ।ਉਨ੍ਹਾਂ ਨੇ ਕਵਿਤਾ ਨੂੰ ਨਿਰੋਲ ਸਮਾਜਿਕ ਸਭਿਆਚਾਰਕ ਨਾਅਰੇ ਦੇ ਮੁਹਾਵਰੇ ਵਜੋਂ ਨਹੀਂ ਬਲਕਿ ਇੱਕ ਵਿਸ਼ਲੇਸ਼ਣਾਤਮਕ ਜੁਗਤ ਵਜੋਂ ਵਰਤਿਆ ਹੈ।
ਇਸ ਤੋਂ ਪਹਿਲਾਂ ਦਿੱਲੀ ਯੂਨੀਵਰਸਿਟੀ ਤੋਂ ਸੰਦੀਪ ਸ਼ਰਮਾ ਵਲੋਂ ਇਥੇ ਪੁੱਜੇ ਚਿੰਤਕ, ਮਹਿਮਾਨ, ਕਵੀ ਅਤੇ ਵਿਦਿਆਰਥੀਆਂ ਨੂੰ ਸੁਰਜੀਤ ਪਾਤਰ ਦੇ ਜੀਵਨ, ਸਿਰਜਣਾ ਅਤੇ ਉਨ੍ਹਾਂ ਦੀ ਪੰਜਾਬੀ ਜ਼ੁਬਾਨ ਦੀ ਵਿਕਾਸ ਵਿੱਚ ਪਾਏ ਯੋਗਦਾਨ ਬਾਰੇ ਜਾਣੂ ਕਰਵਾਇਆ ਗਿਆ ਅਤੇ ਡਾ. ਅਮਰਜੀਤ ਕੌਰ ਵਲੋਂ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਦੀ ਗਜ਼ਲ ‘ਪੱਥਰਾਂ ਦੇ ਇਸ ਸ਼ਹਿਰ ‘ਚੋਂ ਸ਼ੀਸ਼ਾ ਕਿੱਧਰ ਗਿਆ’ ਗਾਇਨ ਕਰਕੇ ਇਸ ਸਮਾਰੋਹ ਦਾ ਆਰੰਭ ਕੀਤਾ।
ਦਿੱਲੀ ਯੂਨੀਵਰਸਿਟੀ ਦੇ ਖੋਜਾਰਥੀ ਹਰਕਮਲਪ੍ਰੀਤ ਸਿੰਘ ਵਲੋਂ ਕਵੀ ਸੁਰਜੀਤ ਪਾਤਰ ਦੀ ਸਿਰਜਣਾ ਅਤੇ ਪ੍ਰਵਚਨ ਦੇ ਅਣਛੋਹੇ ਅਧਾਰਾਂ ਬਾਰੇ ਚਰਚਾ ਕੀਤੀ।ਇਸ ਸ਼ਰਧਾਂਜਲੀ ਸਮਾਰੋਹ ਮੌਕੇ ਵੱਖ-ਵੱਖ ਯੂਨੀਵਰਸਿਟੀਆਂ ਦੇ ਖੋਜਾਰਥੀਆਂ ਤੋਂ ਇਲਾਵਾ ਪੰਜਾਬ ਦੇ ਅਨੇਕਾਂ ਵਿਦਵਾਨਾਂ ਨੇ ਵੀ ਹਾਜਰ ਸਰੋਤਿਆਂ ਨੂੰ ਸੰਬੋਧਨ ਕੀਤਾ, ਜਿਨ੍ਹਾਂ ਵਿੱਚ ਭੁਪਿੰਦਰਪ੍ਰੀਤ, ਅਰਤਿੰਦਰ ਸੰਧੂ, ਸਿਮਰਤ ਗਗਨ, ਬਿਪਨਪ੍ਰੀਤ, ਡਾ. ਅੰਬਰੀਸ਼, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਪ੍ਰਵੀਨ ਕੁਮਾਰ, ਸਰਕਾਰੀ ਕਾਲਜ ਅਜਨਾਲਾ ਦੇ ਸਾਬਕਾ ਪ੍ਰਿੰਸੀਪਲ, ਡਾ. ਗੁਰਨਾਮ ਕੌਰ ਬੇਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਜਸਵਿੰਦਰ ਸਿੰਘ, ਖਾਲਸਾ ਕਾਲਜ ਪਟਿਆਲਾ ਤੋਂ ਡਾ. ਦਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਕਾਲਜ, ਜੈਤੋ ਤੋਂ ਡਾ. ਹਲਵਿੰਦਰ ਸਿੰਘ, ਗੁਰਜੰਟ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗੁਰਦਿਆਲ ਸਿੰਘ, ਦਿੱਲੀ ਯੂਨੀਵਰਸਿਟੀ ਤੋਂ ਹਰਮਨਗੀਤ ਕੌਰ, ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਤੋਂ ਮੇਜਰ ਸਿੰਘ ਦਿਲਸ਼ਾਦ, ਜਾਮੀਆਂ ਮਿਲੀਆ ਇਸਲਾਮੀਆ ਤੋਂ ਜਸਵਿੰਦਰ ਸਿੰਘ ਆਦਿ ਸ਼ਾਮਿਲ ਸਨ।

 

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …