ਅੰਮ੍ਰਿਤਸਰ, 17 ਜੂਨ (ਸੁਖਬੀਰ ਸਿੰਘ) – ਕੌਮਾਂਤਰੀ ਹੱਦਾਂ-ਸਰਹੱਦਾਂ ਤੋਂ ਉਤੇ ਉਠਦਿਆਂ ਦੇਸ਼ ਵਿਦੇਸ਼ ਵਿੱਚ ਲੋੜਵੰਦਾਂ ਲਈ ਮਸੀਹਾ ਬਣ ਕੇ ਨਿੱਤ ਦਿਨ ਲੋਕ ਸੇਵਾ
ਦੀਆਂ ਨਵੀਆਂ ਮਿਸਾਲਾਂ ਸਿਰਜ਼ ਰਹੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐਸ.ਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਤਿੰਨ ਭਾਰਤੀ ਨੌਜਵਾਨਾਂ ਦੀ ਦੁਬਈ ਵਿਖੇ ਫਾਂਸੀ ਦੀ ਸਜ਼ਾ ਮੁਆਫ਼ ਹੋਣ ਉਪਰੰਤ ਲੁਧਿਆਣੇ ਜਿਲ੍ਹੇ ਨਾਲ ਸੰਬੰਧਿਤ ਨੌਜਵਾਨ ਸੁਖਵੀਰ ਸਿੰਘ ਪੁੱਤਰ ਲਛਮਣ ਸਿੰਘ ਵੀ ਵਤਨ ਪਰਤ ਆਇਆ ਹੈ।ਮੌਤ ਦੇ ਮੂੰਹ ਤੋਂ ਬਚ ਕੇ ਆਏ ਬਜ਼ੁੱਰਗ ਮਾਪਿਆਂ ਦੇ ਇਕਲੌਤੇ ਪੁੱਤ ਸੁਖਵੀਰ ਅਤੇ ਉਸਦੀ ਬਜ਼ੁਰਗ ਮਾਂ ਦੇ 9 ਸਾਲਾਂ ਬਾਅਦ ਹਵਾਈ ਅੱਡੇ ‘ਤੇ ਦੋਵੇਂ ਮਾਂ-ਪੁੱਤ ਰੋਂਦਿਆਂ ਇੱਕ-ਦੂਜੇ ਨੂੰ ਗਲ਼ ਲੱਗ ਕੇ ਮਿਲੇ।
ਮੀਡੀਆ ਨੂੰ ਭੇਜੇ ਬਿਆਨ ‘ਚ ਡਾ. ਓਬਰਾਏ ਨੇ ਦੱਸਿਆ ਕਿ ਸਾਲ 2018 ਦੁਬਈ ਵਿਖੇ ਤਿੰਨ ਪੰਜਾਬੀ ਨੌਜਵਾਨ ਜਿਨ੍ਹਾਂ `ਚ ਸੁਖਵੀਰ ਸਿੰਘ ਤੋਂ ਇਲਾਵਾ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਜਿਲ੍ਹਾ ਅੰਮ੍ਰਿਤਸਰ ਅਤੇ ਜਤਿੰਦਰ ਕੁਮਾਰ ਪੁੱਤਰ ਜਸਵੀਰ ਕੁਮਾਰ ਵਾਸੀ ਬੰਗਾ, ਸੁਡਾਨ ਦੇਸ਼ ਨਾਲ ਸੰਬੰਧਿਤ ਇੱਕ ਨੌਜਵਾਨ ਦੇ ਕਤਲ ਦੇ ਮਾਮਲੇ ‘ਚ ਅਦਾਲਤ ਵੱਲੋਂ ਉਕਤ ਤਿੰਨਾਂ ਨੌਜਵਾਨਾਂ ਨੂੰ 25-25 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਸੀ।ਨੌਜਵਾਨਾਂ ਵੱਲੋਂ ਕੀਤੀ ਗਈ ਅਪੀਲ `ਤੇ ਅਦਾਲਤ ਨੇ ਸਖ਼ਤ ਰਵਈਆ ਅਪਣਾਉਂਦਿਆਂ ਇਨ੍ਹਾਂ ਦੀ 25-25 ਸਾਲ ਵਾਲੀ ਸਜ਼ਾ ਨੂੰ ਫਾਂਸੀ ਵਿੱਚ ਤਬਦੀਲ ਕਰ ਦਿੱਤਾ, ਜਿਸ ਉਪਰੰਤ ਉਕਤ ਨੌਜਵਾਨਾਂ ਦੇ ਪਰਿਵਾਰਾਂ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਮਦਦ ਕਰਨ ਦੀ ਅਪੀਲ ਕੀਤੀ ਸੀ।ਡਾ. ਓਬਰਾਏ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਪੀੜਤ ਪਰਿਵਾਰਾਂ ਨਾਲ ਮਿਲ ਕੇ ਸੁਡਾਨ ਨਾਲ ਸੰਬੰਧਿਤ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਲੱਭਣ ਦੀ ਬਹੁਤ ਕੋਸਸ਼ਿ ਕੀਤੀ।ਪਰ ਕੋਈ ਸਫ਼ਲਤਾ ਨਹੀਂ ਮਿਲੀ, ਜਿਸ ਕਾਰਨ ਸਭ ਨੇ ਇਸ ਕੇਸ ਦੇ ਹੱਲ਼ ਹੋਣ ਦੀ ਆਸ ਛੱਡ ਦਿੱਤੀ ਸੀ।ਪਰ ਈਦ ਮੌਕੇ ਉਨਾਂ ਦੇ ਕਹਿਣ ‘ਤੇ ਪਰਿਵਾਰ ਵੱਲੋਂ ਮੁੜ ਕੀਤੀ ਗਈ ਰਹਿਮ ਦੀ ਅਪੀਲ `ਤੇ ਅਦਾਲਤ ਵੱਲੋਂ ਉਕਤ ਤਿੰਨੇ ਨੌਜਵਾਨਾਂ ਦੀ ਸਜ਼ਾ ਮੁਆਫ਼ ਕਰ ਦਿੱਤੀ ਗਈ।ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਕੇਸ ਵਿੱਚ ਮਰਨ ਵਾਲੇ ਨੌਜਵਾਨ ਦੇ ਪਰਿਵਾਰ ਨੂੰ ਬਲੱਡ ਮਨੀ ਨਹੀਂ ਦਿੱਤੀ ਗਈ।ਡਾ. ਉਬਰਾਏ ਅਨੁਸਾਰ ਇਸ ਕੇਸ ਨਾਲ ਸੰਬੰਧਿਤ ਦੋ ਨੌਜਵਾਨ ਪਹਿਲਾਂ ਹੀ ਆਪਣੇ ਘਰ ਪਹੁੰਚ ਚੁੱਕੇ ਹਨ ਜਦਕਿ ਸੁਖਵੀਰ ਦੀ ਵੀ ਅੱਜ ਵਤਨ ਵਾਪਸੀ ਹੋ ਗਈ ਹੈ।ਉਨ੍ਹਾਂ ਦੱਸਿਆ ਕਿ ਅੱਜ ਵਤਨ ਪਹੁੰਚੇ ਸੁਖਵੀਰ ਦੀ ਹਵਾਈ ਟਿਕਟ ਵੀ ਉਸਦੇ ਪਰਿਵਾਰ ਦੀ ਮੰਗ `ਤੇ ਉਨ੍ਹਾਂ ਨੇ ਹੀ ਖ੍ਰੀਦ ਕੇ ਦਿੱਤੀ ਹੈ।
ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ `ਤੇ ਆਪਣੇ ਪੁੱਤ ਨੂੰ ਲੈਣ ਪੁੱਜੀ ਉਸ ਦੀ ਬਜ਼ੁਰਗ ਮਾਂ ਕੁਲਦੀਪ ਕੌਰ, ਭੂਆ ਜਸਵੰਤ ਕੌਰ, ਫੁੱਫੜ ਹਰਜਿੰਦਰ ਸਿੰਘ, ਜੀਜਾ ਅਮਨਦੀਪ ਸਿੰਘ ਅਤੇ ਸਿਮਰਦੀਪ ਸਿੰਘ ਨੇ ਖੁਸ਼ੀ ਭਰੇ ਹੰਝੂਆਂ ਨਾਲ ਜਿੱਥੇ ਸੁਖਵੀਰ ਦਾ ਸਵਾਗਤ ਕੀਤਾ ਉਥੇ ਹੀ ਉਨ੍ਹਾਂ ਡਾ. ਐਸ.ਪੀ ਸਿੰਘ ਉਬਰਾਏ ਦਾ ਵਿਸ਼ੇਸ਼ ਧੰਨਵਾਦ ਕੀਤਾ।ਫਾਂਸੀ ਦੀ ਸਜ਼ਾ ਤੋਂ ਬਚ ਕੇ ਆਏ ਸੁਖਵੀਰ ਨੇ ਰੋਂਦਿਆਂ ਦੱਸਿਆ ਕਿ ਉਹ 2015 `ਚ ਰੁਜ਼ਗਾਰ ਲਈ ਦੁਬਈ ਗਿਆ ਸੀ ਕਿ 2018 ਵਿੱਚ ਉਹ ਇੱਕ ਕਤਲ ਦੇ ਕੇਸ ਵਿੱਚ ਫਸ ਗਏ, ਉਸ ਅਨੁਸਾਰ ਉਹ ਬੇਕਸੂਰ ਸਨ।ਉਸ ਨੇ ਕਿਹਾ ਕਿ ਡਾ. ਓਬਰਾਏ ਦਾ ਉਹ ਸਾਰੀ ਉਮਰ ਦੇਣ ਨਹੀਂ ਦੇ ਸਕਦੇ।
ਇਸ ਮੌਕੇ `ਤੇ ਪਹੁੰਚੇ ਸਰਬੱਤ ਦਾ ਭਲਾ ਟਰੱਸਟ ਦੇ ਆਗੂ ਸੁਖਜਿੰਦਰ ਸਿੰਘ ਹੇਰ ਅਤੇ ਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ ਡਾ. ਓਬਰਾਏ ਦੀ ਬਦੌਲਤ ਸਾਲ 2010 ਤੋਂ ਲੈ ਕੇ ਹੁਣ ਤੱਕ ਲਗਭਗ 145 ਵਿਅਕਤੀਆਂ ਨੂੰ ਫਾਂਸੀ ਜਾਂ 45 ਸਾਲਾਂ ਤੱਕ ਦੀਆਂ ਲੰਮੀਆਂ ਸਜ਼ਾਵਾਂ ਤੋਂ ਮੁਕਤੀ ਮਿਲੀ ਹੈ।ਉਨ੍ਹਾਂ ਦੱਸਿਆ ਕਿ ਡਾ. ਓਬਰਾਏ ਵੱਲੋਂ ਸੁਖਵੀਰ ਲਈ ਪੰਜਾਬ ‘ਚ ਰੁਜ਼ਗਾਰ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media