Sunday, December 22, 2024

ਸਾਹਿਤ ਸਭਾ ਸੁਨਾਮ ਦੀ ਮਹੀਨਾਵਾਰ ਸਾਹਿਤਕ ਇਕੱਤਰਤਾ ਹੋਈ

ਸੰਗਰੂਰ, 17 ਜੂਨ (ਜਗਸੀਰ ਲੌਂਗੋਵਾਲ) – ਸਾਹਿਤ ਸਭਾ ਰਜਿ: ਸੁਨਾਮ ਦੀ ਮਹੀਨਾਵਾਰ ਸਾਹਿਤਕ ਇਕੱਤਰਤਾ ਮਿਲਖਾ ਸਿੰਘ ਸਨੇਹੀ ਅਤੇ ਮਾਸਟਰ ਰਣਬੀਰ ਸਿੰਘ ਜਖੇਪਲ ਦੀ ਪ੍ਰਧਾਨਗੀ ‘ਚ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਵਿਖੇ ਹੋਈ।ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇਸ ਇਕੱਤਰਤਾ ਵਿੱਚ ਮਾਸਟਰ ਦਲਬਾਰ ਸਿੰਘ ਚੱਠੇ ਸੇਖਵਾਂ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਸਭਾ ਦੇ ਪ੍ਰਧਾਨ ਜਸਵੰਤ ਸਿੰਘ ਅਸਮਾਨੀ ਨੇ ਈਦ ਦੀ ਵਧਾਈ ਦਿੰਦਿਆਂ ਕਿਹਾ ਕਿ ਈਦ-ਉਲ-ਅਜ਼ਹਾ ਦਾ ਤਿਉਹਾਰ ਤਿਆਗ ਅਤੇ ਕੁਰਬਾਨੀ ਦਾ ਸੁਨੇਹਾ ਦਿੰਦਾ ਹੈ।ਅਸਮਾਨੀ ਨੇ ਆਪਣੀ ਰਚਨਾ ‘ਮਨ ਦਾ ਸ਼ੀਸ਼ਾ’ ਵੀ ਪੇਸ਼ ਕੀਤੀ।ਮਿਲਖਾ ਸਿੰਘ ਸਨੇਹੀ ਵਲੋਂ ਪਿਤਾ ਦਿਵਸ ਮੌਕੇ ਆਪਣੀ ਰਚਨਾ ਪੇਸ਼ ਕਰਦਿਆਂ ਪਿਤਾ ਦੀ ਪਦਵੀ ਬਾਰੇ ਕਿਹਾ ਕਿ ‘ਸੌ ਚਾਚੇ ਤੇ ਇੱਕ ਪਿਓ’ ਭਾਵ ਸਾਰੇ ਰਿਸ਼ਤੇ ਰਲ ਕੇ ਵੀ ਇੱਕ ਪਿਤਾ ਵਰਗਾ ਫਰਜ਼ ਨਹੀਂ ਨਿਭਾਅ ਸਕਦੇ। ਗੁਰਮੀਤ ਸੁਨਾਮੀ ਨੇ ਮਾਤਾ ਪਿਤਾ ਦੀ ਸੇਵਾ ਬਾਰੇ ਪ੍ਰੇਰਨਾ ਦਿੰਦਾ ਗੀਤ ਸਾਂਝਾ ਕੀਤਾ।ਸੁਪਿੰਦਰ ਭਾਰਦਵਾਜ ਨੇ ਨਿਹੰਗ ਸਿੰਘਾਂ ਦੇ ਚੜ੍ਹਦੀ ਕਲਾ ਵਾਲੇ ਨਿਹੰਗ ਬੋਲਿਆਂ ਬਾਰੇ ਖੂਬਸੂਰਤ ਜਾਣਕਾਰੀ ਸਾਂਝੀ ਕੀਤੀ।ਐਡਵੋਕੇਟ ਰਮੇਸ਼ ਕੁਮਾਰ ਨੇ ਖ਼ਤਮ ਹੋ ਰਹੇ ਪਾਣੀ ਦੀ ਚਿੰਤਾ ਬਾਰੇ ਰਚਨਾ ਸਾਂਝੀ ਕੀਤੀ ਕਿ ‘ਦੁੱਧ ਨਹੀਂ ਬਚਾ ਸਕੇ, ਹੁਣ ਪਾਣੀ ਤਾਂ ਬਚਾ ਲਵੋ’। ਭੋਲਾ ਸਿੰਘ ਸੰਗਰਾਮੀ ਨੇ ਕਿਹਾ ਕਿ ਵਿਕਾਊ ਕਲਮਾਂ ਨੂੰ ਕਦੇ ਵੀ ਲੋਕ ਮਾਨਤਾ ਪ੍ਰਾਪਤ ਨਹੀਂ ਹੁੰਦੀ, `ਰਾਜ ਕਵੀ` ਨਾਲੋਂ `ਲੋਕ ਕਵੀ` ਮਹਾਨ ਹੁੰਦਾ ਹੈ।ਪਵਨ ਕੁਮਾਰ ਵਲੋਂ ਵੀ ਆਪਣੀ ਖੂਬਸੂਰਤ ਰਚਨਾ ਨਾਲ ਹਾਜ਼ਰੀ ਲਵਾਈ ਗਈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …