ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ) – ਜ਼ਿਲਾ ਵਾਤਾਵਰਣ ਕਮੇਟੀ ਦੀ ਮੀਟਿੰਗ ਵਿੱਚ ਜਿਲੇ ਦੇ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਕੂੜਾ ਪ੍ਰਬੰਧਨ ਨੂੰ ਬਿਹਤਰ ਢੰਗ
ਨਾਲ ਅਮਲ ਵਿੱਚ ਲਿਆਉਣ ‘ਤੇ ਜ਼ੋਰ ਦਿੱਤਾ ਗਿਆ ਹੈ।ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅੰਮ੍ਰਿਤਸਰ ਨਿਕਾਸ ਕੁਮਾਰ ਨੇ ਕਿਹਾ ਕਿ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਵੱਖ ਇਕੱਠਾ ਕਰਕੇ ਇਸ ਦਾ ਠੋਸ ਪ੍ਰਬੰਧ ਕੀਤਾ ਜਾਵੇ ਤਾਂ ਕਿ ਸ਼ਹਿਰ ਅਤੇ ਪਿੰਡਾਂ ਦੀ ਸਫਾਈ ਵਿੱਚ ਆਮ ਲੋਕਾਂ ਦਾ ਸਾਥ ਵੀ ਮਿਲ ਸਕੇ।ਉਨਾਂ ਨੇ ਸਮੂਹ ਕਾਰਜ਼ ਸਾਧਕ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਆਪਣੇ ਖੇਤਰ ਅਧੀਨ ਪੈਂਦੇ ਜਨਤਕ ਥਾਵਾਂ ‘ਤੇ ਕੂੜਾ ਸੁੱਟਣ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ।
ਮੀਟਿੰਗ ਵਿੱਚ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਹੋਰ ਵਿਭਾਗਾਂ ਦਾ ਸਾਥ ਲੈਣ ਲਈ ਸਹਿਯੋਗ ਮੰਗਿਆ ਗਿਆ।ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਪੈਦਾ ਹੋਣ ਵਾਲੇ ਕੂੜੇ ਦੀ ਸਾਂਭ ਸੰਭਾਲ ਤੋਂ ਇਲਾਵਾ ਪਲਾਸਟਿਕ ਵੇਸਟ ਦੀ ਸਾਂਭ ਸੰਭਾਲ, ਗੰਦੇ ਪਾਣੀ ਦੀ ਟਰੀਟਮੈਂਟ, ਸਿੰਗਲ ਯੂਜ਼ ਪਲਾਸਟਿਕ ‘ਤੇ ਰੋਕਥਾਮ, ਹਵਾ ਪ੍ਰਦੂਸ਼ਣ ਅਤੇ ਹੋਰ ਵਾਤਾਵਰਣ ਦੇ ਮੁੱਦਿਆਂ ਬਾਰੇ ਸਬੰਧਤ ਵਿਭਾਗਾਂ ਨਾਲ ਚੱਲ ਰਹੇ ਕੰਮਾਂ ਦੀ ਸਮੀਖਿਆ ਕੀਤੀ ਗਈ।ਨਿਕਾਸ ਕੁਮਾਰ ਨੇ ਕਾਰਜ ਸਾਧਕ ਅਫ਼ਸਰਾਂ ਨੂੰ ਕਿਹਾ ਕਿ ਟੀਮਾਂ ਦਾ ਗਠਨ ਕਰਕੇ ਚਾਇਨਾ ਡੋਰ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਸਮੇਂ ਸਮੇਂ ਸਿਰ ਚਾਇਨਾਂ ਡੋਰ ਵੇਚਣ ਵਾਲਿਆਂ ਵਿਰੁੱਧ ਛਾਪੇਮਾਰੀ ਨੂੰ ਯਕੀਨੀ ਬਣਾਇਆ ਜਾਵੇ।
ਮੀਟਿੰਗ ਵਿੱਚ ਅੰਮ੍ਰਿਤਸਰ ਸ਼ਹਿਰ ਲਈ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਤਹਿਤ ਆਏ ਫੰਡਾਂ ਦੇ ਖਰਚੇ ਸਬੰਧੀ ਵੀ ਸਮੀਖਿਆ ਕੀਤੀ ਗਈ।ਵਧੀਕ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਮੁਖੀਆਂ ਨਾਲ ਜ਼ਿਲ੍ਹਾ ਵਾਤਾਵਰਣ ਪਲਾਨ ਅੰਮ੍ਰਿਤਸਰ ਵਿੱਚ ਦਰਜ਼ ਵੱਖ-ਵੱਖ ਕੰਮਾਂ ਨੂੰ ਪ੍ਰਾਪਤ ਕਰਨ ਦੇ ਟੀਚਿਆ ਨੂੰ ਸਮਾਂਬੱਧ ਤਰੀਕੇ ਨਾਲ ਸਿਰੇ ਚੜਾਉਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਮੀਟਿੰਗ ਦੋਰਾਨ ਸੁਖਦੇਵ ਸਿੰਘ ਵਾਤਾਵਰਣ ਇੰਜੀਨੀਅਰ, ਵਿਨੋਦ ਕੁਮਾਰ ਸਹਾਇਕ ਵਾਤਾਵਰਣ ਇੰਜੀਨੀਅਰ, ਸੰਦੀਪ ਮਲਹੋਤਰਾ ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ, ਡਾ. ਹਰਜੋਤ ਕੌਰ ਜਿਲ੍ਹਾ ਮਲੇਰੀਆ ਅਫ਼ਸਰ, ਹਰਪਿੰਦਰ ਸਿੰਘ ਏ.ਸੀ.ਪੀ, ਜਗਤਾਰ ਸਿੰਘ ਕਾਰਜ ਸਾਧਕ ਅਫ਼ਸਰ ਨਗਰ ਪੰਚਾਇਤ ਰਾਜਾਸਾਂਸੀ ਅਤੇ ਮਿਊਂਸੀਪਲ ਕਮੇਟੀ ਜੰਡਿਆਲਾ ਗੁਰੂ, ਸੰਦੀਪ ਸਿੰਘ ਏ.ਐਫ.ਐਸ.ਓ ਤੋਂ ਇਲਾਵਾ ਹੋਰ ਅਧਿਕਾਰੀ ਮੋਜ਼ੂਦ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media