ਅੰਮ੍ਰਿਤਸਰ, 29 ਜੂਨ (ਦੀਪ ਦਵਿੰਦਰ ਸਿੰਘ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵਲੋਂ ਸ਼੍ਰੋਮਣੀ
ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ 5 ਜੂਨ ਤੋਂ 5 ਜੁਲਾਈ ਤੱਕ ਰਾਸ਼ਟਰੀ ਰੰਗਮੰਚ ਕਾਰਜਸ਼ਾਲਾ ਚੱਲ ਰਹੀ ਹੈ।ਇਸ ਵਿੱਚ ਏਸ਼ੀਆਂ ਦੀ ਸਭ ਤੋਂ ਵੱਡੀ ਨਾਟ ਸੰਸਥਾ ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿੱਲੀ ਤੋਂ ਪਾਸ ਆਊਟ ਅਧਿਆਪਕ ਪਾਰਥੋਂ ਬੈਨਰਜੀ ਅਤੇ ਪ੍ਰੀਤਪਾਲ ਰੁਪਾਣਾ ਬੱਚਿਆਂ ਨੂੰ ਰੰਗਮੰਚ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਦੇ ਰਹੇ ਹਨ।ਇਸ ਰੰਗਮੰਚ ਕਾਰਜ਼ਾਲਾ ਵਿੱਚ ਪੰਜਾਬ, ਹਰਿਆਣਾ, ਦਿੱਲੀ, ਕਲੱਕਤਾ, ਰਾਜਸਥਾਨ ਅਤੇ ਹੋਰਨਾਂ ਸੂਬਿਆਂ ਤੋਂ ਆਏ ਵਿਦਿਆਰਥੀ ਰੰਗਮੰਚ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ।ਇਸ ਇਕ ਮਹੀਨੇ ਦੀ ਰੰਗਮੰਚ ਕਾਰਜਸ਼ਾਲਾ ਵਿੱਚ ਵਿਦਿਆਰਥੀਆਂ ਵਲੋਂ ਤਿਆਰ ਕਰਵਾਏ ਗਏ ਅਤੇ ਨਾਟਕਾਂ ਦਾ 1 ਤੋਂ 5 ਜੁਲਾਈ ਤੱਕ ‘ਪੰਜ ਰੋਜ਼ਾ ਨਾਟ ਉਤਸਵ’ ਵਿਰਸਾ ਵਿਹਾਰ ਵਿਖੇ ਕਰਵਾਇਆ ਜਾ ਰਿਹਾ ਹੈ।
ਕੇਵਲ ਧਾਲੀਵਾਲ ਨੇ ਦੱਸਿਆ ਹੈ ਕਿ ਇਸ ਪੰਜ ਰੋਜ਼ਾ ਨਾਟ ਉਤਸਵ ਦੇ ਪਹਿਲੇ ਦਿਨ 1 ਜੁਲਾਈ ਨੂੰ ਸੰਸਾਰ ਪ੍ਰਸਿੱਧ ਨਾਟਕਕਾਰ ਸ਼ੈਕਸਪੀਅਰ ਦਾ ਲਿਖਿਆ ਅਤੇ ਪਾਰਥੋਂ ਬੈਨਰਜੀ ਦਾ ਨਿਰਦੇਸ਼ਤ ਕੀਤਾ ਨਾਟਕ ‘ਰੋਮੀਓ ਜੂਲੀਅਟ’ ਪੇਸ਼ ਕੀਤਾ ਜਾਵੇਗਾ।ਦੂਜੇ ਦਿਨ 2 ਜੁਲਾਈ ਨੂੰ ਅਸਗਰ ਵਜ਼ਾਹਤ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਜਿਸ ਲਹੌਰ ਨਹੀ ਦੇਖਿਆ’, ਤੀਜੇ ਦਿਨ 3 ਜੁਲਾਈ ਨੂੰ ਮਨੋਜ ਮਿਤਰਾ ਦਾ ਲਿਖਿਆ ਅਤੇ ਪ੍ਰੀਤਪਾਲ ਰੁਪਾਣਾ ਦਾ ਨਿਰਦੇਸ਼ਤ ਕੀਤਾ ਨਾਟਕ ‘ਬਗੀਆ ਬਾਸ਼ਾ ਰਾਮ ਕੀ’, ਚੌਥੇ ਦਿਨ 4 ਜੁਲਾਈ ਨੂੰ ਮਨਿੰਦਰ ਸਿੰਘ ਕਾਂਗ, ਵੀਨਾ ਵਰਮਾ ਅਤੇ ਡਾ. ਸਵਰਾਜਬੀਰ ਦੀਆਂ ਕਹਾਣੀਆਂ ‘ਤੇ ਅਧਾਰਿਤ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਕਥਾ ਕਹਾਣੀ’ ਅਤੇ ਪੰਜਵੇਂ ਦਿਨ 5 ਜੁਲਾਈ ਨੂੰ ਸੁਰਿੰਦਰ ਸਿੰਘ ਸੁੱਨੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਹੀਰ ਸੁੱਨੜ’ ਪੇਸ਼ ਕੀਤਾ ਜਾਵੇਗਾ।ਇਹ ਸਾਰੇ ਨਾਟਕ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਰੋਜ਼ਾਨਾ ਸ਼ਾਮ 6.30 ਵਜੇ ਬਿਨ੍ਹਾਂ ਕਿਸੇ ਟਿਕਟ ਅਤੇ ਪਾਸ ਦੇ ਮੁਫ਼ਤ ਵਿਖਾਏ ਜਾਣਗੇ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …
Punjab Post Daily Online Newspaper & Print Media