Wednesday, August 26, 2026

ਖਾਲਸਾ ਕਾਲਜ ਵਿਖੇ ਕਲੱਸਟਰ ਪੱਧਰੀ ਓਰੀਐਂਟੇਸ਼ਨ ਵਰਕਸ਼ਾਪ ਕਰਵਾਈ

ਅੰਮ੍ਰਿਤਸਰ, 14 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਜ਼ੂਆਲੋਜੀ ਵਿਭਾਗ ਵੱਲੋਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਦੇ ਸਹਿਯੋਗ ਨਾਲ ਈਕੋ-ਕਲੱਬ ਕੋਆਰਡੀਨੇਟਰਾਂ ਲਈ ਇੱਕ ਰੋਜ਼ਾ ਕਲੱਸਟਰ ਪੱਧਰੀ ਓਰੀਐਂਟੇਸ਼ਨ ਵਰਕਸ਼ਾਪ ਕਰਵਾਈ ਗਈ।ਵਾਤਾਵਰਣ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਸਹਿਯੋਗੀ ‘ਵਾਤਾਵਰਣ ਸਿੱਖਿਆ ਪ੍ਰੋਗਰਾਮ’ ਤਹਿਤ ਇਸ ਵਰਕਸ਼ਾਪ ਦਾ ਮਕਸਦ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਵੱਖ-ਵੱਖ ਗਤੀਵਿਧੀਆਂ ਬਾਰੇ ਸਕੂਲ ਅਧਿਆਪਕਾਂ ’ਚ ਜਾਗਰੂਕਤਾ ਪੈਦਾ ਕਰਨਾ ਸੀ, ਜੋ ਕਿ ਵਾਤਾਵਰਣ ਨੂੰ ਸਾਫ਼ ਅਤੇ ਹਰਿਆ ਭਰਿਆ ਬਣਾਉਣ ਲਈ ਮਿਸ਼ਨ ਲਾਈਫ ਨਾਲ ਜੁੜਿਆ ਹੋਇਆ ਹੈ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਵਰਕਸ਼ਾਪ ’ਚ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ ਅਤੇ ਹੁਸ਼ਿਆਰਪੁਰ ਸਮੇਤ ਪੰਜ ਜ਼ਿਲ੍ਹਿਆਂ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ 150 ਦੇ ਕਰੀਬ ਅਧਿਆਪਕਾਂ ਨੇ ਭਾਗ ਲਿਆ।ਪੀ.ਐਸ.ਸੀ.ਐਸ.ਟੀ ਚੰਡੀਗੜ੍ਹ ਤੋਂ ਜੁਆਇੰਟ ਡਾਇਰੈਕਟਰ ਡਾ. ਕੇ.ਐਸ ਬਾਠ ਨੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਬਾਰੇ ਚਰਚਾ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲਾਂ ਦੇ ਕੁੱਲ 6000 ਈਕੋ ਕਲੱਬ ਅਤੇ 300 ਕਾਲਜਾਂ ਤੋਂ ਵਾਤਾਵਰਨ ਸਿੱਖਿਆ ਪ੍ਰੋਗਰਾਮ ਪੋਰਟਲ ’ਚ ਰਜਿਸਟਰਡ ਕੀਤੇ ਗਏ ਹਨ।ਸੈਸ਼ਨ 2023-24 ਦੌਰਾਨ ਕਲੱਸਟਰ ’ਚ ਜ਼ਿਲ੍ਹਾ ਤਰਨ ਤਾਰਨ ਨੂੰ ਸਰਵੋਤਮ ਪ੍ਰਦਰਸ਼ਨ ਕਰਨ ਵਾਲਾ ਐਲਾਨਿਆ ਗਿਆ, ਜਦਕਿ ਜ਼ਿਲ੍ਹਾ ਕੋਆਰਡੀਨੇਟਰ ਨੂੰ ਉੱਤਮਤਾ ਦਾ ਸਰਟੀਫਿਕੇਟ ਦਿੱਤਾ ਗਿਆ।ਪੀ.ਐਸ.ਸੀ.ਐਸ.ਟੀ ਚੰਡੀਗੜ੍ਹ ਤੋਂ ਡਾ. ਮੰਦਾਕਿਨੀ ਨੇ ਰਜਿਸਟ੍ਰੇਸ਼ਨ ਪ੍ਰਕਿਰਿਆ ਅਤੇ ਈ.ਈ.ਪੀ ਪੋਰਟਲ ’ਤੇ ਈਕੋ-ਕਲੱਬ ਦੀਆਂ ਗਤੀਵਿਧੀਆਂ ਨੂੰ ਅਪਲੋਡ ਕਰਨ ਸਬੰਧੀ ਇੱਕ ਸੈਸ਼ਨ ਕੀਤਾ ਗਿਆ।
ਵੈਸ਼ਾਲੀ ਸਿੰਘ ਰਿਸੋਰਸ ਪਰਸਨ ਪੀਜੈਮ ਫਾਊਂਡੇਸ਼ਨ ਨੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੀ ਪਹਿਲਕਦਮੀ ਈਕੋ ਹੈਕਾਥੌਨ ਸਬੰਧੀ ਜਾਣਕਾਰੀ ਦਿੱਤੀ।ਵਰਟੀਵਰ ਫ਼ਾਊਂਡੇਸ਼ਨ ਤੋਂ ਗੁਰਵਿੰਦਰ ਸਿੰਘ ਨੇ ਮਿਸ਼ਨ ਲਾਈਫ ਦੇ ਸੱਤ ਮੱਖ ਖੇਤਰਾਂ ਅਤੇ ਈਕੋ ਕਲੱਬਾਂ ਦੁਆਰਾ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਦੱਸਿਆ।ਜ਼ੂਆਲੋਜੀ ਵਿਭਾਗ ਮੁੱਖੀ ਅਤੇ ਇੰਚਾਰਜ਼ ਈਕੋ ਕਲੱਬ ਡਾ. ਜਸਵਿੰਦਰ ਸਿੰਘ ਨੇ ਵਰਮੀ ਕੰਪੋਸਟਿੰਗ ਦੀ ਵਿਧੀ ਅਤੇ ਉਪਯੋਗਾਂ ਦਾ ਪ੍ਰਦਰਸ਼ਨ ਕੀਤਾ ਅਤੇ ਵਿਸਥਾਰਪੂਰਵਕ ਦੱਸਿਆ ਕਿ ਕਿਵੇਂ ਰਸੋਈ ਅਤੇ ਡੇਅਰੀ ਦੀ ਰਹਿੰਦ-ਖੂੰਹਦ ਨੂੰ ਆਸਾਨੀ ਨਾਲ ਸੰਭਾਲਿਆ ਜਾ ਸਕਦਾ ਹੈ ਅਤੇ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਕੀਮਤੀ ਖਾਦ ’ਚ ਬਦਲਿਆ ਜਾ ਸਕਦਾ ਹੈ।ਜ਼ਿਲ੍ਹਾ ਸਿੱਖਿਆ ਅਫ਼ਸਰ ਹਰਭਗਵੰਤ ਸਿੰਘ ਨੇ ਅਜਿਹੇ ਪ੍ਰੋਗਰਾਮ ਕਰਵਾਉਣ ਲਈ ਪੰਜਾਬ ਸਟੇਟ ਕੌਂਸਲ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਪ੍ਰੋਗਰਾਮ ਦੇ ਪ੍ਰਬੰਧਕੀ ਸਕੱਤਰ ਡਾ: ਅਮਨਦੀਪ ਸਿੰਘ ਨੇ ਸਟੇਜ ਸੰਚਾਲਨ ਕੀਤਾ।ਡਾ: ਤਮਿੰਦਰ ਸਿੰਘ ਭਾਟੀਆ ਡੀਨ ਅਕਾਦਮਿਕ ਮਾਮਲੇ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਇਸ ਮੌਕੇ ਡਾ. ਜ਼ੋਰਾਵਰ ਸਿੰਘ, ਪ੍ਰੋ. ਰਣਦੀਪ ਸਿੰਘ, ਡਾ. ਰਾਜਬੀਰ ਕੌਰ, ਡਾ. ਸਤਿੰਦਰ ਕੌਰ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਸੰਦੀਪ ਕੌਰ, ਪ੍ਰੋ. ਨਿਖਰ ਸ਼ਰਮਾ, ਪ੍ਰੋ. ਸਾਕਸ਼ੀ ਕੌਸ਼ਲ, ਡਾ. ਅੰਕਿਤਾ ਠਾਕੁਰ, ਪ੍ਰੋ. ਆਬਿਦ ਅਮੀਨ ਹਜ਼ਾਮ ਅਤੇ ਪ੍ਰੋ. ਮੁਹੰਮਦ ਅਲੀ ਵੀ ਮੌਜ਼ੂਦ ਸਨ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …