ਰਵਾਇਤੀ ਪਹਿਰਾਵੇ ’ਚ ਸੱਜੀਆਂ ਵਿਦਿਆਰਥਣਾਂ ਨੇ ਲੋਕ ਗੀਤ ਗਾਏ, ਗਿੱਧਾ ਤੇ ਬੋਲੀਆਂ ਪਾ ਕੇ ਪੀਂਘਾਂ ਝੁਟੀਆਂ
ਅੰਮ੍ਰਿਤਸਰ, 14 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਆਪਣੇ ਅਮੀਰ ਵਿਰਸੇ ਅਤੇ ਸੱਭਿਆਚਾਰ ਲਈ ਪੂਰੀ ਦੁਨੀਆਂ ’ਚ ਜਾਣਿਆ ਜਾਂਦਾ ਹੈ, ਜਿਥੇ ਪੂਰੇ ਸਾਲ ’ਚ ਆਉਂਦੇ ਹਰੇਕ ਧਰਮ ਤੇ ਵਿਰਸੇ ਨਾਲ ਸਬੰਧਿਤ ਭਾਈਚਾਰੇ ਵਲੋਂ ਦਿਨ-ਤਿਉਹਾਰ ਆਪਸ ’ਚ ਰਲ-ਮਿਲ ਕੇ ਮਨਾਏ ਜਾਂਦੇ ਹਨ।ਪੰਜਾਬੀ ਵਿਰਸਾ ਹਰ ਧਰਮ ਪ੍ਰਤੀ ਸਤਿਕਾਰ ਅਤੇ ਇਕਜੁੱਟਤਾ ਵਰਗੀ ਦੂਰਅੰਦੇਸ਼ੀ ਸੋਚ ਨੂੰ ਪ੍ਰਤੀਬੱਧ ਹੈ।ਖਾਲਸਾ ਕਾਲਜ ਵੁਮੈਨ ਦੇ ਵਿਹੜੇ ’ਚ ਉਤਸ਼ਾਹ ਅਤੇ ਜੋਸ਼ੋ-ਖਰੋਸ਼ ਨਾਲ ਮਨਾਏ ਗਏ ਤੀਆਂ ਦੇ ਤਿਉਹਾਰ ਦਾ ਸ਼ੁਭਆਰੰਭ ਮੁੱਖ ਮਹਿਮਾਨ ਵਜੋਂ ਪੁੱਜੇ ਲਿਟਲ ਫ਼ਲਾਵਰ ਸਕੂਲ ਐਮ.ਡੀ ਸ੍ਰੀਮਤੀ ਤੇਜਿੰਦਰ ਕੌਰ ਛੀਨਾ ਤੇ ਪ੍ਰਿੰਸੀਪਲ ਸੁਰਿੰਦਰ ਕੌਰ ਨੇ ਕੀਤਾ।ਉਨਾਂ ਪ੍ਰੋਗਰਾਮ ਮੌਕੇ ਕਾਲਜ ਸਟਾਫ਼ ਨਾਲ ਗਿੱਧਾ ਤੇ ਬੋਲੀਆਂ ਵੀ ਪਾਈਆਂ।ਸ੍ਰੀਮਤੀ ਛੀਨਾ ਨੇ ਕਿਹਾ ਕਿ ਤਿਉਹਾਰ ਸਾਡੇ ਆਪਸੀ ਸਾਂਝ ਦੇ ਪ੍ਰਤੀਕ ਹਨ।ਉਨ੍ਹਾਂ ਕਿਹਾ ਕਿ ਤੀਆਂ ਦਾ ਪ੍ਰੰਪਰਾਗਤ ਤਿਉਹਾਰ ਸਭਨਾਂ ਲਈ ਅਤੇ ਵਿਸ਼ੇਸ਼ ਤੌਰ ’ਤੇ ਔਰਤਾਂ ਲਈ ਖੁਸ਼ੀ ਅਤੇ ਉਤਸ਼ਾਹ ਭਰਪੂਰ ਹੁੰਦਾ ਹੈ।ਤੀਆਂ ਮਨਾਉਣ ਲਈ ਰਵਾਇਤੀ ਪਹਿਰਾਵੇ ’ਚ ਸੱਜੀਆਂ ਵਿਦਿਆਰਥਣਾਂ ਤੇ ਸਟਾਫ਼ ਨੇ ਗਿੱਧਾ, ਬੋਲੀਆਂ, ਲੋਕ ਗੀਤ, ਪੀਂਘਾਂ ਝੂਟਣ ਅਤੇ ਮਹਿੰਦੀ ਲਗਾ ਕੇ ਖੁਸ਼ੀ ਜ਼ਾਹਿਰ ਕੀਤੀ।
ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਸਾਵਣ ਮੌਕੇ ਤੀਆਂ ਦਾ ਤਿਉਹਾਰ ਸਾਉਣ ਮਹੀਨੇ ਦੇ ਚਾਨਣ ਪੱਖ ਦੇ ਤੀਜੇ ਦਿਨ ਮਨਾਇਆ ਜਾਂਦਾ ਹੈ, ਜਿਸ ਨੂੰ ‘ਸਾਉਣੀ ਤੀਆਂ’ ਜਾਂ ‘ਹਰਿਆਲੀ ਤੀਆਂ’ ਵੀ ਕਿਹਾ ਜਾਂਦਾ ਹੈ।ਹਾੜ੍ਹ ਮਹੀਨੇ ਦੀ ਤੱਪਦੀ ਗਰਮੀ, ਝੁਲਸਾਉਣ ਵਾਲੀ ਲੂ ਅਤੇ ਖੁਸ਼ਕ ਵਾਤਾਵਰਣ ਤੋਂ ਰਾਹਤ ਦਿਵਾਉਣ ਵਾਲਾ ਸਾਉਣ (ਮੀਂਹ) ਦਾ ਮਹੀਨਾ ਆਪਣੇ ਨਾਲ ਠੰਢੀਆਂ ਹਵਾਵਾਂ, ਮੀਂਹ ਅਤੇ ਹਰਿਆਲੀ ਲੈ ਕੇ ਆਉਂਦਾ ਹੈ।ਸਭ ਖੁੱਲ੍ਹੇ ਅਸਮਾਨ ’ਚ ਉੱਡਦੇ ਪੰਛੀਆਂ, ਮੋਰਾਂ ਦੀ ਕੂਕਾਂ, ਫਲਾਂ ਨਾਲ ਭਰੇ ਰੁੱਖ, ਫੁੱਲਾਂ ਨਾਲ ਭਰੇ ਬਾਗ ਅਤੇ ਚਾਰੇ ਪਾਸੇ ਹਰਿਆਲੀ ਕੁਦਰਤ ਦੀ ਸੁੰਦਰਤਾ ਅਤੇ ਭਰਪੂਰਤਾ ਦਾ ਆਨੰਦ ਮਾਣਦੇ ਹਨ।
ਕਾਲਜ ’ਚ ਸਟਾਫ਼, ਵਿਦਿਆਰਥਣਾਂ ਵੱਲੋਂ ਮਹਿੰਦੀ ਅਤੇ ਸ਼ਿੰਗਾਰ ਆਦਿ ਦੀਆਂ ਰਸਮਾਂ ਕੀਤੀਆਂ ਗਈਆਂ।ਵਿਦਿਆਰਥੀਆਂ ਤੇ ਸਟਾਫ਼ ਨੇ ਪੀਂਘਾਂ ਝੂਟਣ, ਇੱਕ ਦੂਜੇ ’ਤੇ ਹਾਸਰਸ ਵਿਅੰਗ ਕੱਸਣ, ਪੰਜਾਬੀ ਗਾਇਕੀ, ਗਿੱਧਾ-ਬੋਲੀਆਂ ਨਾਲ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ।ਡਾ. ਸੁਰਿੰਦਰ ਕੌਰ ਨੇ ਸ੍ਰੀਮਤੀ ਛੀਨਾ ਨੂੰ ਫ਼ੁਲਕਾਰੀ, ਗੁਲਦਸਤਾ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਮੈਂਬਰ ਡਾ. ਰਮਿੰਦਰ ਕੌਰ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ, ਡਾ. ਜਤਿੰਦਰ ਕੌਰ, ਸਨੇਹ ਸ਼ਰਮਾ, ਪ੍ਰੋ. ਰਵਿੰਦਰ ਕੌਰ, ਪ੍ਰੋ. ਸੁਮਨ, ਪ੍ਰੋ. ਮਨਵੀਰ ਕੌਰ, ਸ਼ਰੀਨਾ, ਨਵਨੀਤ ਕੌਰ, ਪਿੰਕੀ ਆਦਿ ਸਮੇਤ ਸਟਾਫ਼ ਤੇ ਵਿਦਿਆਰਥਣਾਂ ਹਾਜ਼ਰ ਸਨ।