Wednesday, April 22, 2026

ਮਹਿਲਾਵਾਂ ਦੇ ਵੱਧ ਅਧਿਕਾਰਾਂ ਲਈ ਸਰਕਾਰ ਕਰ ਰਹੀ ਹੈ ਬਹੁਤ ਸਾਰੇ ਉਪਰਾਲੇ- ਮੁੱਖ ਮੰਤਰੀ

ਕਿਹਾ, ਪੰਜਾਬ ਨੂੰ ਬੁਲੰਦੀਆਂ `ਤੇ ਵੇਖਣਾ ਚਾਹੁੰਦਾ ਹਾਂ

ਬਾਬਾ ਬਕਾਲਾ, 19 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬਪ੍ਰਸਤ ਹੋਣ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਉਤੇ ਤਿੱਖਾ ਨਿਸ਼ਾਨਾ ਸਾਧਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਥ ਦੇ ਨਾਮ ‘ਤੇ ਵੋਟਾਂ ਮੰਗਣ ਵਾਲੀ ਇਸ ਪਾਰਟੀ ਨੇ ਸੰਸਦ ਵਿੱਚ ਕਦੇ ਵੀ ਪੰਜਾਬ ਦੀ ਗੱਲ ਨਹੀਂ ਕੀਤੀ।
ਰੱਖੜ ਪੁੰਨਿਆ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਪੰਥ ਦੇ ਨਾਮ ‘ਤੇ ਵੋਟਾਂ ਲੈ ਕੇ ਸੱਤਾ ਦਾ ਸੁੱਖ ਭੋਗਣ ਵਾਲੀ ਪਾਰਟੀ ਦੇ ਆਗੂ ਸੰਸਦ ਵਿੱਚ ਪੰਜਾਬ ਦੇ ਮਸਲਿਆਂ ਉਤੇ ਮੂਕ ਦਰਸ਼ਕ ਬਣੇ ਰਹੇ।ਭਗਵੰਤ ਸਿੰਘ ਨੇ ਮਾਨ ਨੇ ਕਿਹਾ ਕਿ ਉਨ੍ਹਾਂ ਵਲੋਂ 26 ਦਸੰਬਰ 2018 ਨੂੰ ਲੋਕ ਸਭਾ ਮੈਂਬਰ ਵਜੋਂ ਆਪਣੇ ਕਾਰਜਕਾਲ ਦੌਰਾਨ ਤਤਕਾਲੀ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਕੋਲ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ `ਤੇ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਸੀ।ਲੋਕ ਸਭਾ ਸਪੀਕਰ ਨੇ ਉਨ੍ਹਾਂ ਦੀ ਅਪੀਲ ਨਾਲ ਸਹਿਮਤ ਹੁੰਦਿਆਂ ਸੰਸਦ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਤਿਕਾਰ ਵਜੋਂ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਜ਼ੁਲਮ ਅਤੇ ਬੇਇਨਸਾਫੀ ਅੱਗੇ ਈਨ ਨਹੀਂ ਮੰਨੀ।
ਪੰਜਾਬ ਨੂੰ ਅਮਨ-ਕਾਨੂੰਨ ਦੀ ਵਿਵਸਥਾ ਦਾ ਪਾਠ ਪੜ੍ਹਾਉਣ ਵਾਲੀ ਭਾਜਪਾ ਉਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਨੂੰ ਰਾਮ ਨੌਮੀ ਵਰਗੇ ਤਿਉਹਾਰਾਂ ਮੌਕੇ ਕਰਫਿਊ ਲਾਉਣੇ ਪੈਂਦੇ ਹਨ, ਜੋ ਉਥੋਂ ਦੀ ਬਦਤਰ ਅਮਨ-ਕਾਨੂੰਨ ਦੀ ਜਿਉਂਦੀ ਜਾਗਦੀ ਮਿਸਾਲ ਹੈ।ਜਦਕਿ ਪੰਜਾਬ ਵਿੱਚ ਸਾਰੇ ਧਰਮਾਂ ਦੇ ਤਿਉਹਾਰ ਸਾਂਝੇ ਤੌਰ ਉਤੇ ਮਨਾਏ ਜਾਂਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਪੱਛਮੀ ਜ਼ਿਮਨੀ ਚੋਣ ਵਿੱਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਏਨਾ ਵੱਡਾ ਝਟਕਾ ਲੱਗਾ ਹੈ ਕਿ ਉਹ ਸਿਆਸੀ ਖੇਤਰ ਵਿੱਚੋਂ ‘ਲਾਪਤਾ’ ਹੀ ਹੋ ਗਏ ਹਨ।
ਸਿੱਖਿਆ ਅਤੇ ਸਿਹਤ ਖੇਤਰ ਵਿੱਚ ‘ਮਜਬੂਰੀ ਨੂੰ ਮਰਜ਼ੀ ਵਿੱਚ ਬਦਲਣ’ ਦਾ ਵਾਅਦਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਵਿੱਚ ਅਤਿ ਆਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਰਿਹਾ ਹੈ।ਸਰਕਾਰੀ ਸਕੂਲਾਂ ਵਿੱਚ ਕੋਈ ਫੀਸ ਨਹੀਂ ਲਈ ਜਾਵੇਗੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਮਿਲੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ 842 ਆਮ ਆਦਮੀ ਕਲੀਨਿਕ ਸਥਾਪਤ ਕੀਤੇ ਹਨ।ਸਾਲ 2022 ਵਿੱਚ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਦੀ ਸਹੂਲਤ ਸ਼ੁਰੂ ਕੀਤੀ ਸੀ ਅਤੇ ਇਸ ਵੇਲੇ 90 ਫੀਸਦੀ ਘਰਾਂ ਨੂੰ ਬਿਜਲੀ ਮੁਫ਼ਤ ਮਿਲ ਰਹੀ ਹੈ।ਸੂਬਾ ਸਰਕਾਰ ਨੇ ਆਪਣੇ ਸਿਰਫ਼ 880 ਦਿਨਾਂ ਦੇ ਕਾਰਜਕਾਲ ਵਿੱਚ 44700 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ।
ਔਰਤਾਂ ਨੂੰ ਰੱਖੜੀ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਦੇ ਵੱਧ ਅਧਿਕਾਰਾਂ ਲਈ ਸਰਕਾਰ ਬਹੁਤ ਸਾਰੇ ਉਪਰਾਲੇ ਕਰ ਰਹੀ ਹੈ।ਕੇਂਦਰ ਵੱਲੋਂ ਰੋਕੇ ਗਏ ਫੰਡਾਂ ਉਤੇ ਸਖ਼ਤ ਇਤਰਾਜ਼ ਜਤਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਕੋਲੋਂ ਪੰਜਾਬ ਕੋਈ ਭੀਖ ਨਹੀਂ ਮੰਗਦਾ ਸਗੋਂ ਆਪਣਾ ਹੱਕ ਮੰਗਦਾ ਹੈ।
ਰੱਖੜ ਪੁੰਨਿਆ ਮੌਕੇ ਇਥੇ ਇਤਿਹਾਸਕ ਗੁਰਦੁਆਰਾ ਨੌਵੇਂ ਪਾਤਸ਼ਾਹ ਜੀ ਵਿਖੇ ਮੁੱਖ ਮੰਤਰੀ ਨੇ ਨਤਮਸਤਕ ਹੋ ਕੇ ਸਰਬੱਤ ਦਾ ਭਲਾ ਮੰਗਿਆ।ਉਨ੍ਹਾਂ ਕਿਹਾ ਕਿ ਮਹਾਨ ਸਿੱਖ ਗੁਰੂ ਸਾਹਿਬਾਨ ਨੇ ਲੋਕਾਂ ਨੂੰ ਜ਼ੁਲਮ, ਬੇਇਨਸਾਫ਼ੀ ਅਤੇ ਅੱਤਿਆਚਾਰ ਵਿਰੁੱਧ ਲੜਨ ਦੀ ਪ੍ਰੇਰਨਾ ਦਿੱਤੀ ਹੈ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …