ਕਿਹਾ, ਸਿੱਖ ਗੁਰੂ ਸਾਹਿਬਾਨ ਸਦਕਾ ਦੇਸ਼ ਦੀ ਧਰਮ ਸੰਸਕ੍ਰਿਤੀ, ਪਰੰਪਰਾਵਾਂ ਤੇ ਸੱਭਿਆਚਾਰ ਸੁਰੱਖਿਅਤ
ਅੰਮ੍ਰਿਤਸਰ, 14 ਸਤੰਬਰ (ਜਗਦੀਪ ਸਿੰਘ) – ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਹਾੜੇ ਦੀ 450 ਸਾਲਾ ਸ਼ਤਾਬਦੀ ਦੇ ਸਬੰਧ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਚੱਲ ਰਹੇ ਸਮਾਗਮਾਂ ਦੌਰਾਨ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਨਤਮਸਤਕ ਹੋਏ।ਉਨ੍ਹਾਂ ਦੀ ਪਤਨੀ ਸ੍ਰੀਮਤੀ ਅਨੀਤਾ ਕਟਾਰੀਆ ਵੀ ਮੌਜੂਦ ਸਨ।ਸ੍ਰੀ ਕਟਾਰੀਆ ਨੇ ਗੁਰੂ ਘਰ ਵਿਖੇ ਮੱਥਾ ਟੇਕਿਆ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਸ਼ਰਧਾ ਪ੍ਰਗਟਾਈ।ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਹੋਰ ਅਹੁਦੇਦਾਰਾਂ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਰਾਜਪਾਲ ਪੰਜਾਬ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਕਰੀਬ ਇੱਕ ਘੰਟਾ ਰੁਕੇ, ਜਿਸ ਦੌਰਾਨ ਉਹ ਲੰਗਰ ਘਰ ਵੀ ਗਏ।
ਮੀਡੀਆ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਜੇ ਅੱਜ ਦੇਸ਼ ਦੀ ਧਰਮ ਸੰਸਕ੍ਰਿਤੀ, ਪਰੰਪਰਾਵਾਂ ਤੇ ਸੱਭਿਆਚਾਰ ਸੁਰੱਖਿਅਤ ਹੈ ਤਾਂ ਉਹ ਸਿੱਖ ਗੁਰੂ ਸਾਹਿਬਾਨ ਦੀ ਬਦੌਲਤ ਹੈ।ਦੇਸ਼ ਦੀ ਧਰਮ ਸੰਸਕ੍ਰਿਤੀ ਬਚਾਉਣ ਲਈ ਸਿੱਖ ਗੁਰੂ ਸਾਹਿਬਾਨ ਨੇ ਜੋ ਯੋਗਦਾਨ ਤੇ ਕੁਰਬਾਨੀ ਦਿੱਤੀ ਹੈ, ਉਹ ਇਤਿਹਾਸ ਵਿੱਚ ਅਮਰ ਹੈ।ਉਨ੍ਹਾਂ ਸ੍ਰੀ ਗੋਇੰਦਵਾਲ ਸਾਹਿਬ ਦਾ ਖਾਸ ਤੌਰ ’ਤੇ ਜ਼ਿਕਰ ਕਰਦਿਆਂ ਕਿਹਾ ਕਿ ਇੱਥੇ ਗੁਰੂ ਸਾਹਿਬ ਨੇ ਇੱਕ ਪੰਗਤ ਤੇ ਇੱਕ ਸੰਗਤ ਦਾ ਇਤਿਹਾਸ ਦਿੱਤਾ, ਜੋ ਮਨੁੱਖੀ ਬਰਾਬਰੀ ਦੀ ਵਿਲੱਖਣ ਉਦਾਹਰਨ ਹੈ, ਜਿੱਥੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ।ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਮਹਾਨਤਾ ਏਨੀ ਵੱਡੀ ਸੀ ਕਿ ਇੱਥੇ ਆਏ ਅਕਬਰ ਬਾਦਸ਼ਾਹ ਨੇ ਵੀ ਪਹਿਲਾਂ ਪੰਗਤ ਵਿੱਚ ਬੈਠ ਕੇ ਪਰਸ਼ਾਦਾ ਛਕਿਆ ਸੀ।
ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਉਹ ਇੱਕ ਅਧਿਆਪਕ ਹਨ, ਸਿੱਖ ਗੁਰੂ ਸਾਹਿਬਾਨ ਦਾ ਇਤਿਹਾਸ ਪਹਿਲਾਂ ਪਾਠ ਪੁਸਤਕਾਂ ਵਿੱਚ ਪੜ੍ਹਨ ਨੂੰ ਮਿਲਦਾ ਸੀ, ਲੇਕਿਨ ਹੌਲੀ-ਹੌਲੀ ਸਾਡੇ ਦੇਸ਼ ਨੇ ਉਸ ਨੂੰ ਪਾਠ ਪੁਸਤਕਾਂ ਤੋਂ ਅਲੱਗ ਕੀਤਾ ਹੈ।ਰਾਜਪਾਲ ਪੰਜਾਬ ਨੇ ਕਿਹਾ ਕਿ ਉਨ੍ਹਾਂ ਨੇ ਸਿੱਖ ਗੁਰੂ ਸਾਹਿਬਾਨ ਖਾਸਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਇਤਿਹਾਸ ਪੜ੍ਹਿਆ ਹੈ, ਜੋ ਕਿ ਬਹੁਤ ਹੀ ਸੰਘਰਸ਼ਮਈ ਤੇ ਪ੍ਰੇਰਣਾਦਾਇਕ ਹੈ। ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਗੱਲ ਕਰਦਿਆਂ ਰਾਜਪਾਲ ਪੰਜਾਬ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਇਸ ਤੋਂ ਵੱਡਾ ਕੁਰਬਾਨੀ ਸ਼ਾਇਦ ਹੀ ਕੋਈ ਹੋਵੇਗੀ ਕਿ ਆਪਣੇ ਧਰਮ ਪੰਥ ਨੂੰ ਬਚਾਉਣ ਲਈ ਚਾਰੋਂ ਸਾਹਿਬਜ਼ਾਦੇ ਕੁਰਬਾਨ ਕਰ ਦਿੱਤੇ।ਉਨ੍ਹਾਂ ਦੇਸ਼ ਵਾਸੀਆਂ ਨੂੰ ਗੁਰੂ ਸਾਹਿਬਾਨ ਤੇ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਗੱਲ ਆਖੀ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਮਰਦਾਸ ਜੀ ਤੇ ਸ੍ਰੀ ਗੁਰੂ ਰਾਮਦਾਸ ਜੀ ਨਾਲ ਸਬੰਧਤ ਸ਼ਤਾਬਦੀ ਸਮਾਗਮਾਂ ਵਿੱਚ ਸ਼ਮੂਲੀਅਤ ਕਰਕੇ ਖੁਸ਼ੀ ਤੇ ਸੁਭਾਗਾ ਮਹਿਸੂਸ ਕਰ ਰਹੇ ਹਨ।ਰਾਜਪਾਲ ਪੰਜਾਬ ਨੇ ਕਿਹਾ ਕਿ ਇੱਥੇ ਆ ਕੇ ਉਨ੍ਹਾਂ ਨੇ ਗੁਰੂ ਸਾਹਿਬ ਅੱਗੇਪ ਦੇਸ਼ ਅਤੇ ਸੂਬੇ ਵਿੱਚ ਅਮਨ ਸ਼ਾਂਤੀ, ਭਾਈਚਾਰੇ ਤੇ ਤਰੱਕੀ ਦੀ ਅਰਦਾਸ ਕੀਤੀ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਧਰਮ ਇਤਿਹਾਸ ਦੇ ਸ਼ਤਾਬਦੀ ਦਿਹਾੜੇ ਕੌਮ ਲਈ ਮਹੱਤਵਪੂਰਨ ਹਨ ਅਤੇ ਇਹ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਇੱਕ ਅਹਿਮ ਮੌਕਾ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਮਰਦਾਸ ਜੀ ਨਾਲ ਸਬੰਧਤ ਇਸ ਸ਼ਤਾਬਦੀ ਦੌਰਾਨ ਪੰਜਾਬ ਦੇ ਰਾਜਪਾਲ ਦਾ ਗੁਰੂ ਸਾਹਿਬ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਆਉਣਾ ਸਵਾਗਤਯੋਗ ਹੈ।