Wednesday, December 4, 2024

ਸੂਬੇ ਦਾ ਵਿਕਾਸ ਕਰਨਾ ਮੇਰੀ ਪਹਿਲੀ ਤਰਜ਼ੀਹ – ਡਾ. ਰਵਜੋਤ ਸਿੰਘ

ਵਾਲਡ ਸਿਟੀ ਦੇ ਸੀਵਰੇਜ ਨੂੰ ਬਦਲਣ ਦੀ ਬਣਾਓ ਤਜਵੀਜ਼

ਅੰਮ੍ਰਿਤਸਰ, 23 ਨਵੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਵਿੱਚ ਵੱਖ-ਵੱਖ ਵਿਭਾਗਾਂ ਦੇ ਚਲ ਰਹੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕਰਦੇ ਹੋਏ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰਾ ਸਵੱਛ ਪਾਣੀ, ਸਾਫ਼ ਸਫ਼ਾਈ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।ਉਨਾਂ ਕਿਹਾ ਕਿ ਸੂਬੇ ਦਾ ਵਿਕਾਸ ਕਰਨਾ ਮੇਰੀ ਪਹਿਲੀ ਤਰਜ਼ੀਹ ਹੈ।
ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਈ ਮੀਟਿੰਗ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਕਿਹਾ ਕਿ ਸ਼ਹਿਰ ਦੀ ਸਾਫ਼ ਸਫ਼ਾਈ ਵਿਵਸਥਾ ਯਕੀਨੀ ਬਣਾਈ ਜਾਵੇ ਅਤੇ ਜਿਥੇ ਕਿਥੇ ਵੀ ਕੂੜੇ ਦੇ ਢੇਰ ਪਏ ਹਨ ਨੂੰ, ਉਹ ਚੱਕ ਕੇ ਡੰਪ ਵਾਲੀ ਥਾਂ ‘ਤੇ ਉਸ ਦਾ ਵਿਗਿਆਨਿਕ ਢੰਗ ਨਾਲ ਨਿਪਟਾਰਾ ਕਰਕੇ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਹਰਾ ਭਰਿਆ ਬਣਾਇਆ ਜਾਵੇ।
ਸਥਾਨਕ ਸਰਕਾਰਾਂ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਦੀ ਸੀਵਰੇਜ ਦੀ ਸਾਫ਼ ਸਫ਼ਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਸੀਵਰੇਜ਼ ਦਾ ਗੰਦਾ ਪਾਣੀ ਸੜ੍ਹਕਾਂ ਤੇ ਨਾ ਆ ਸਕੇ।ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਹਿੱਸੇ ਦੇ ਸੀਵਰੇਜ਼ ਨੂੰ ਬਦਲਣ ਦੀ ਤਜਵੀਜ਼ ਬਣਾ ਕੇ ਭੇਜੀ ਜਾਵੇ ਤਾਂ ਜੋ ਨਵਾਂ ਸੀਵਰੇਜ ਪਾਇਆ ਜਾ ਸਕੇ।
ਉਹਨਾਂ ਨੇ ਅਧਿਕਾਰੀਆਂ ਨੂੰ ਅਦੇਸ਼ ਜਾਰੀ ਕੀਤੇ ਕਿ ਅਣਵਰਤੇ ਫੰਡਾਂ ਨੂੰ ਜਲਦ ਤੋਂ ਜਲਦ ਵਿਕਾਸ ਕਾਰਜਾਂ ਲਈ ਖਰਚ ਕੀਤੇ ਜਾਣ।ਫੰਡਾਂ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਗੜਬੜੀ ਪਾਈ ਗਈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।ਉਨਾਂ ਸਬੰਧਿਤ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜਿਸ ਵੀ ਹਲਕੇ ਵਿੱਚ ਕੰਮ ਕਰਵਾਏ ਜਾਣੇ ਹਨ, ਉਥੋਂ ਦੇ ਲੋਕਾਂ ਦੁਆਰਾ ਚੁਣੇ ਗਏ ਵਿਧਾਇਕ ਦਾ ਮਸ਼ਵਰਾ ਜਰੂਰ ਲਿਆ ਜਾਵੇ।ਡਾ. ਰਵਜੋਤ ਸਿੰਘ ਨੇ ਅਧਿਕਾਰੀਆਂ ਨੁੰ ਹਦਾਇਤ ਕਰਦਿਆਂ ਕਿਹਾ ਕਿ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਪੀਣ ਵਾਲੇ ਪਾਣੀ ਨੂੰ ਸੀਵਰੇਜ ਦੂਸ਼ਿਤ ਨਾ ਕਰੇ।ਉਨਾਂ ਨੇ ਨਗਰ ਤੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਸੀ.ਸੀ.ਟੀ.ਵੀ ਕੈਮਰੇ ਤੇ ਕੂੜੇ ਦੀ ਸਮੱਸਿਆ ਨੂੰ ਪਹਿਲੀ ਤਰਜ਼ੀਹ ਵਿੱਚ ਸ਼ਾਮਿਲ ਕਰਨ, ਬੀ.ਆਰ.ਟੀ.ਐਸ ਨੂੰ ਮੁੜ ਚਾਲੂ ਕਰਨ ਦੀ ਤਜਵੀਜ ਬਣਾਉਣ ਦੀ ਹਦਾਇਤ ਵੀ ਕੀਤੀ।
ਮੀਟਿੰਗ ਵਿੱਚ ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਵਿਧਾਇਕ ਜਸਬੀਰ ਸਿੰਘ ਸੰਧੂ, ਵਿਧਾਇਕ ਮੈਡਮ ਜੀਵਨਜੋਤ ਕੌਰ, ਚੇਅਰਮੈਨ ਨਗਰ ਸੁਧਾਰ ਟਰੱਸਟ ਅਸ਼ੋਕ ਤਲਵਾਰ, ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਜਸਪ੍ਰੀਤ ਸਿੰਘ, ਪਨਸਪ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ, ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ ਮਨੀਸ਼ ਅਗਰਵਾਲ ਅਤੇ ਦਿਹਾਤੀ ਪ੍ਰਧਾਨ ਬਲਜਿੰਦਰ ਸਿੰਘ ਥਾਂਦੇ, ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਕਮਿਸ਼ਨਰ ਨਗਰ ਨਿਗਮ ਗੁਲਪ੍ਰੀਤ ਸਿੰਘ ਵੀ ਹਾਜ਼ਰ ਸਨ।

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …