ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਮੁਹਿੰਮ ਆਰੰਭੀ
ਬਾਬਾ ਬਕਾਲਾ ਸਾਹਿਬ, 6 ਦਸੰਬਰ (ਪੰਜਾਬ ਪੋਸਟ ਬਿਊਰੌ) – ਪੰਜਾਬ ਦੇ ਰਾਜਪਾਲ ਅਤੇ ਯੂ.ਟੀ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਸ੍ਰੀ
ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਪੁਰਬ ਮੌਕੇ ‘ਨਸ਼ਾ ਮੁਕਤ-ਰੰਗਲਾ ਪੰਜਾਬ ਮੁਹਿੰਮ’ ਦੀ ਸ਼ੁਰੂਆਤ ਕੀਤੀ।ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਉਹਨਾਂ ਕਿਹਾ ਕਿ `ਨਸ਼ਾ ਮੁਕਤ ਭਾਰਤ ਅਭਿਆਨ` ਦੇ ਨਾਲ ਮਿਲ ਕੇ, ਇਹ ਮੁਹਿੰਮ ਰਾਜ ਸਰਕਾਰਾਂ, ਵਿਦਿਅਕ ਸੰਸਥਾਵਾਂ, ਸਮਾਜ ਭਲਾਈ ਸੰਸਥਾਵਾਂ ਅਤੇ ਸਥਾਨਕ ਭਾਈਚਾਰਿਆਂ ਨੂੰ ਸ਼ਾਮਲ ਕਰਨ ਦੀ ਲੋੜ ਹੈ।ਇਹ ਠੋਸ ਯਤਨ ਰਾਜ ਭਰ ਵਿੱਚ ਜਾਗਰੂਕਤਾ ਮੁਹਿੰਮਾਂ, ਭਾਈਚਾਰਕ ਸ਼ਮੂਲੀਅਤ ਅਤੇ ਜ਼ਮੀਨੀ ਪੱਧਰ ਦੇ ਪ੍ਰੋਗਰਾਮਾਂ ਰਾਹੀਂ ਨਸ਼ਿਆਂ ਦੀ ਦੁਰਵਰਤੋਂ ਨੂੰ ਹੱਲ ਕਰਨ ਵਿੱਚ ਸਹਾਈ ਹੋਵੇਗਾ।
ਉਹਨਾਂ ਦੱਸਿਆ ਕਿ ਰੈਡ ਕਰਾਸ ਸੋਸਾਇਟੀ ਦੇ ਨਾਲ ਸਾਂਝੇਦਾਰੀ ਅਤੇ ਸਮਾਜ ਸੇਵੀ ਲੇਖਕ ਖੁਸ਼ਵੰਤ ਸਿੰਘ ਦੀ ਅਗਵਾਈ ‘ਚ ਆਯੋਜਿਤ `ਪੀਪਲਜ਼ ਵਾਕ ਅਗੇਂਸਟ ਡਰੱਗਜ਼` ਮੁਹਿੰਮ 7 ਦਸੰਬਰ ਤੋਂ 11 ਦਸੰਬਰ ਤੱਕ ਚਲਾਈ ਜਾ ਰਹੀ ਹੈ, ਜਿਸ ਤਹਿਤ 10 ਦਸੰਬਰ ਨੂੰ ਪ੍ਰਸਿੱਧ ਦੌੜਾਕ ਸਰਦਾਰ ਫੌਜਾ ਸਿੰਘ ਦੇ ਘਰ ਪਿੰਡ ਬਿਆਸ ਤੋਂ ਸ਼ੂਰੂ ਹੋ ਕੇ ਸ਼ਾਮ ਨੂੰ ਜਲੰਧਰ ਜਿਲ੍ਹੇ ਦੇ ਪਿੰਡ ਬਾਠ ਵਿਖੇ ਵਿਸ਼ੇਸ਼ ਰੈਲੀ ਕੱਢੀ ਜਾ ਰਹੀ ਹੈ।11 ਦਸੰਬਰ ਨੂੰ ਬਾਠ ਤੋਂ ਕਰਤਾਰਪੁਰ ਵਿੱਚ ਜੰਗ-ਏ-ਆਜ਼ਾਦੀ ਯਾਦਗਾਰ ਤੱਕ ਇਹ ਰੈਲੀ ਨਿਕਲੇਗੀ।
ਰਾਜਪਾਲ ਨੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਔਰਤਾਂ ਦੀ ਅਹਿਮ ਭੂਮਿਕਾ ਬਾਰੇ ਬੋਲਦੇ ਕਿਹਾ ਕਿ “ਔਰਤਾਂ ਹਰ ਘਰ ਦੀ ਰੀੜ੍ਹ ਦੀ ਹੱਡੀ ਹੁੰਦੀਆਂ ਹਨ ਅਤੇ ਉਹਨਾਂ ਦੀ ਸਰਗਰਮ ਸ਼ਮੂਲੀਅਤ ਨਸ਼ਿਆਂ ਵਿਰੁੱਧ ਲੜਾਈ ਨੂੰ ਤਾਕਤ ਦੇ ਸਕਦੀ ਹੈ।ਉਹਨਾਂ ਕਿਹਾ ਕਿ ਆਪਣੇ ਬੱਚਿਆਂ ਨਾਲ ਖੁੱਲ੍ਹੀ ਗੱਲਬਾਤ ਅਤੇ ਵਿਸ਼ਵਾਸ ਨੂੰ ਉਤਸ਼ਾਹਿਤ ਕਰਨ ਦੀ ਵੀ ਲੋੜ ਹੈ।ਉਹਨਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਪੰਜਾਬ ਵਿੱਚ ਨਸ਼ਿਆਂ ਦੇ ਕੇਸਾਂ ਵਿੱਚ ਸਜ਼ਾ ਮਿਲਣ ਦੀ ਦਰ ਦੂਸਰੇ ਸੂਬਿਆਂ ਨਾਲੋਂ ਬਹੁਤ ਵਧੀਆ ਹੈ, ਜੋ ਕਿ ਕਈ ਥਾਵਾਂ ‘ਤੇ 70 ਤੋਂ 80 ਫੀਸਦੀ ਵੀ ਹੈ।
ਰਾਜਪਾਲ ਨੇ ਬੇਰੋਜ਼ਗਾਰੀ ਤਣਾਅ, ਅਕਾਦਮਿਕ ਅਸਫਲਤਾਵਾਂ ਅਤੇ ਨੌਜਵਾਨਾਂ ਨੂੰ ਦਰਪੇਸ਼ ਭਾਵਨਾਤਮਕ ਚੁਣੌਤੀਆਂ ਸਮੇਤ ਨਸ਼ਿਆਂ ਦੇ ਮੂਲ ਕਾਰਨਾਂ ਬਾਰੇ ਵੀ ਆਪਣੇ ਵਿਚਾਰ ਰੱਖੇ।ਉਹਨਾਂ ਕਿਹਾ ਕਿ ਪੰਚਾਇਤਾਂ, ਆਂਗਣਵਾੜੀ ਵਰਕਰ, ਸਕੂਲ, ਕਾਲਜ ਅਤੇ ਸਵੈ-ਸਹਾਇਤਾ ਸਮੂਹ ਵੀ ਇਸ ਮੁਹਿੰਮ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ
ਇਸ ਮੁਹਿੰਮ ਦੇ ਤਹਿਤ ਵਿਦਿਅਕ ਸੰਸਥਾਵਾਂ ਜਾਗਰੂਕਤਾ ਮੁਹਿੰਮਾਂ ਦੀ ਮੇਜ਼ਬਾਨੀ ਕਰਨਗੀਆਂ ਅਤੇ ਖੇਡ ਸੰਸਥਾਵਾਂ ਨੌਜਵਾਨਾਂ ਨੂੰ ਉਸਾਰੂ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਲਈ ਉਸ਼ਾਹਿਤ ਕਰਨਗੀਆਂ।
Punjab Post Daily Online Newspaper & Print Media