Friday, June 19, 2026

ਯੂਨੀਵਰਸਿਟੀ ਕਰਮਚਾਰੀਆਂ ਨੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨਾਲ ਮਨਾਈ ਲੋਹੜੀ

ਅੰਮ੍ਰਿਤਸਰ, 10 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਡਾ. ਕਰਮਜੀਤ ਸਿੰਘ ਨੇ ਲੋਹੜੀ ਦੇ ਤਿਉਹਾਰ  ਦੀਆਂ ਖੁਸ਼ੀਆਂ ਉਦੋਂ ਦੂਣ-ਸਵਾਈਆਂ ਕਰ ਦਿੱਤੀਆਂ ਜਦੋਂ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੇ ਉਨ੍ਹਾਂ ਕੋਲੋ ਲੋਹੜੀ ਦੇ ਰੂਪ ਵਿੱਚ ਕਮਨਿਊਟੀ ਹਾਲ ਮੰਗਣ ਤੇ ਤਰੁੰਤ ਹੀ ਦੇਣ ਦਾ ਐਲਾਨ ਕਰ ਦਿੱਤਾ।ਯੂਨੀਵਰਸਿਟੀ ਦੇ ਵਿਹੜੇ ਵਿਚ ਮਨਾਈ ਗਈ ਲੋਹੜੀ ਵਿੱਚ ਉਹ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਿਰਕਤ ਕਰਨ ਲਈ ਪੁੱਜੇ ਸਨ।ਉਨ੍ਹਾਂ ਦੇ ਨਾਲ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਕਰਨਜੀਤ ਸਿੰਘ, ਪ੍ਰੋਫੈਸਰ ਇੰਚਾਰਜ਼ ਪ੍ਰੀਖਿਆਵਾਂ ਪ੍ਰੋ. ਸ਼ਾਲਿਨੀ ਬਹਿਲ ਤੋਂ ਇਲਾਵਾ ਹੋਰ ਵੀ ਉੱਚ ਅਧਿਕਾਰੀ ਹਾਜ਼ਰ ਸਨ।
ਯੂਨੀਵਰਸਿਟੀ ਦੀਆਂ ਨਾਨ-ਟੀਚਿੰਗ ਇੰਪਲਾਇਜ਼ ਐਸੋਸੀਏਸ਼ਨ ਅਤੇ ਆਫੀਸਰ ਐਸੋਸੀਏਸ਼ਨ ਦੋਵਾਂ ਐਸੋਸੀਏਸ਼ਨਾਂ ਵਲੋਂ ਸਾਂਝੇ ਤੌਰ ‘ਤੇ ਯੂਨੀਵਰਸਿਟੀ ਦੇ ਮੁਲਜ਼ਮਾਂ ਨਾਲ ਨਵੇਂ ਸਾਲ ਅਤੇ ਲੋਹੜੀ ਦੇ ਤਿਉਹਾਰ ਅਤੇ ਨਵੇਂ ਉਪ-ਕੁਲਪਤੀ ਦੀ ਨਿਯੁਕਤੀ ਤੇ ਖੁਸ਼ੀਆਂ ਸਾਂਝੀਆਂ ਕਰਨ ਲਈ ਇਸ ਤਿਉਹਾਰ ਨੂੰ ਮਨਾਉਣ ਦਾ ਪ੍ਰਬੰਧ ਕੀਤਾ ਗਿਆ ਸੀ।ਭਵਿੱਖ ਵਿੱਚ ਯੂਨੀਵਰਸਿਟੀ ਵਿਚ ਹਰ ਤਿਉਹਾਰ ਇੰਝ ਹੀ ਸਾਂਝੇ ਤੌਰ ‘ਤੇ ਮਨਾਉਣ ਦਾ ਵੀ ਸੰਕਲਪ ਲਿਆ ਗਿਆ ਜਿਸ ਤੇ ਵੀ ਉਪ ਕੁਲਪਤੀ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਅਤੇ ਖੁਦ ਹਰ ਤਿਉਹਾਰ ਵਿਚ ਸ਼ਾਮਲ ਹੋਣ ਦਾ ਭਰੋਸਾ ਦਵਾਇਆ ਗਿਆ।
ਵਾਈਸ ਚਾਂਸਲਰ ਨੇ ਭੁੱਗਾ ਬਾਲ ਕੇ ਲੋਹੜੀ ਦਾ ਆਗਾਜ਼ ਕੀਤਾ।ਪ੍ਰੋ. ਕਰਨਜੀਤ ਸਿੰਘ ਕਾਹਲੋਂ, ਰਜਿਸਟਰਾਰ ਅਤੇ ਪ੍ਰੋ. ਸ਼ਾਲਿਨੀ ਬਹਿਲ, ਪ੍ਰੋਫੈਸਰ ਇੰਚਾਰਜ਼ (ਪ੍ਰੀਖਿਆਵਾਂ) ਅਤੇ ਕਰਨਲ ਅਮਰਬੀਰ ਸਿੰਘ ਚਾਹਲ, ਸੁਰੱਖਿਆ ਅਫਸਰ ਵੀ ਵਿਸ਼ੇਸ਼ ਤੌਰ `ਤੇ ਸ਼ਾਮਲ ਸਨ।ਰਜਨੀਸ਼ ਭਾਰਦਵਾਜ ਪ੍ਰਧਾਨ ਤੇ ਰਜਿੰਦਰ ਸਿੰਘ ਸਕੱਤਰ ਅਤੇ ਅਮਨ ਅਰੋੜਾ ਪ੍ਰਧਾਨ ਤੇ ਸਕੱਤਰ ਮਨਪ੍ਰੀਤ ਸਿੰਘ ਤੋਂ ਇਲਾਵਾ ਇਸ ਫੈਸਟੀਵਲ ਵਿੱਚ ਗੈਰ-ਅਧਿਆਪਕ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।ਸਟਾਫ ਮੈਂਬਰਾਂ ਨੇ ਰਲ ਮਿਲ ਕੇ ਖੁਸ਼ੀ ਮਨਾਉਂਦਿਆਂ ਲੋਹੜੀ ਦੀ ਅੱਗ ਦੇ ਦੁਆਲੇ ਨੱਚ ਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਸਭ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਤਿਉਹਾਰ ਸਾਂਝ ਅਤੇ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ।ਗੈਰ-ਅਧਿਆਪਕ ਕਰਮਚਾਰੀਆਂ ਦੇ ਯੋਗਦਾਨ ਦੀ ਸਿਫ਼ਤ ਕਰਦੇ ਹੋਏ ਉਨ੍ਹਾਂ ਨੇ ਕਿਹਾ, “ਤੁਹਾਡੀ ਮਿਹਨਤ ਅਤੇ ਸਮਰਪਣ ਯੂਨੀਵਰਸਿਟੀ ਦੀ ਸਫਲਤਾ ਦਾ ਅਧਾਰ ਹੈ।ਗੈਰ-ਅਧਿਆਪਕ ਕਰਮਚਾਰੀਆਂ ਐਸੋਸੀਏਸ਼ਨ ਵਲੋਂ ਕਰਮਚਾਰੀਆਂ ਲਈ ਕਮਿਊਨਿਟੀ ਹਾਲ ਬਣਾਉਣ ਦੀ ਮੰਗ `ਤੇ ਵਾਈਸ ਚਾਂਸਲਰ ਨੇ ਪੂਰਾ ਭਰੋਸਾ ਦਿੱਤਾ।ਉਨ੍ਹਾਂ ਕਿਹਾ, “ਕਰਮਚਾਰੀਆਂ ਦੀ ਭਲਾਈ ਸਾਡੇ ਲਈ ਅਹਿਮ ਹੈ।ਅਸੀਂ ਤੁਹਾਡੀਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਲਈ ਜ਼ਰੂਰੀ ਕਦਮ ਚੁੱਕਾਂਗੇ ਅਤੇ ਕਮਿਊਨਿਟੀ ਹਾਲ ਦਾ ਨਿਰਮਾਣ ਜਲਦ ਹੀ ਯਕੀਨੀ ਬਣਾਵਾਂਗੇ।”
ਦੋਵਾਂ ਐਸੋਸੀਏਸ਼ਨਾਂ ਵੱਲੋਂ ਵਾਈਸ ਚਾਂਸਲਰ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਨਾਲ ਸਨਮਾਨਿਤ ਕੀਤਾ ਗਿਆ।ਇਸੇ ਤਰ੍ਹਾਂ ਰਜਿਸਟਰਾਰ ਪ੍ਰੋ. ਕਾਹਲੋਂ ਅਤੇ ਪ੍ਰੋ. ਬਹਿਲ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਆ ਗਿਆ।

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …