ਅੰਮ੍ਰਿਤਸਰ, 15 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਫੂਡ ਤਕਨਾਲੋਜੀ ਵਿੱਚ ਖੋਜ਼, ਨਵੀਨਤਾ ਅਤੇ ਉਦਮਤਾ ਨੂੰ ਅੱਗੇ ਵਧਾਉਣ ਲਈ ਵੱਡਾ ਕਦਮ ਉਠਾਉਂਦਿਆਂ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਦੇ ਡਾਇਟੈਟਿਕਸ ਅਤੇ ਨਿਊਟ੍ਰੀਸ਼ਨ ਡਿਵੀਜ਼ਨ ਵਿਖੇ ਇੱਕ ਅਤਿ-ਆਧੁਨਿਕ ਫੂਡ ਪ੍ਰੋਸੈਸਿੰਗ ਯੂਨਿਟ ਦਾ ਉਦਘਾਟਨ ਕੀਤਾ ਗਿਆ।ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਨਿਓਰਸ਼ਿਪ ਐਂਡ ਇਨੋਵੇਸ਼ਨ ਦੀ ਅਗਵਾਈ ਤੇ ਰੂਸਾ 2.0 ਦੇ ਤਹਿਤ ਸ਼ੁਰੂ ਕੀਤੇ ਗਏ ਇਸ ਯੂਨਿਟ ਦਾ ਮੁੱਖ ਉਦੇਸ਼ ਫੂਡ ਤਕਨਾਲੋਜੀ ਵਿੱਚ ਖੋਜ਼, ਅਤੇ ਇੰਟਰਪ੍ਰਨਿਊਰਸ਼ਿਪ ਨੂੰ ਹੁਲਾਰਾ ਦੇਣ ਅਤੇ ਵਿਦਿਆਰਥੀਆਂ ਨੂੰ ਬਿਜ਼ਨਸ ਸ਼ੁਰੂ ਕਰਨ ਸਬੰਧੀ ਸਿਖਲਾਈ ਅਤੇ ਹੋਰ ਸੁਵਿਧਾਵਾਂ ਪ੍ਰਦਾਨ ਕਰਨਾ ਹੈ ਤਾਂ ਜੋ ਸਟਰਾਟਅਪ ਅਤੇ ਨਵੇਂ ਵਪਾਰ ਨੂੰ ਸ਼ੁਰੂ ਕਰਨ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਵਿਦਿਆਰਥੀਆਂ ਨੂੰ ਨੌਕਰੀਆਂ ਪੈਦਾ ਕਰਨ ਦੇ ਯੋਗ ਬਣਾਇਆ ਸਕੇ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਇਹ ਸਹੂਲਤ ਭਾਰਤ ਵਿੱਚ ਕੁੱਝ ਕੁ ਅਦਾਰਿਆਂ ਵਿੱਚ ਹੈ, ਜਿਸ ਵਿੱਚ ਕੱਚੇ ਮਾਲ ਦੀ ਸੰਭਾਲ ਤੋਂ ਲੈ ਕੇ ਮਾਰਕੀਟ-ਤਿਆਰ ਉਤਪਾਦ ਵਿਕਾਸ ਤੱਕ ਇੱਕ ਅੰਤ-ਤੋਂ-ਅੰਤ ਫੂਡ ਪ੍ਰੋਸੈਸਿੰਗ ਈਕੋਸਿਸਟਮ ਦੀ ਪ੍ਰਣਾਲੀ ਸ਼ਾਮਿਲ ਹੈ।ਉਨ੍ਹਾਂ ਫੂਡ ਪ੍ਰੋਸੈਸਿੰਗ ਸੈਕਟਰ ਵਿੱਚ ਵਿਵਹਾਰਕ ਕਾਰੋਬਾਰ ਸਥਾਪਤ ਕਰਨ ਲਈ ਟਿਕਾਊ, ਨਵੀਨਤਾਕਾਰੀ ਭੋਜਨ ਯੁਨਿਟ ਨੂੰ ਉਤਸ਼ਾਹਿਤ ਕਰਨ ਅਤੇ ਖੇਤੀਬਾੜੀ ਉੱਦਮੀਆਂ ਅਤੇ ਸਟਾਰਟਅੱਪਸ ਪ੍ਰਤੀ ਜਾਗਰੂਕਤਾ ਤੇ ਸਿਖਲਾਈ ਵਿੱਚ ਇਸ ਦੀ ਭੂਮਿਕਾ `ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਯੂਨਿਟ ਉਦਯੋਗ ਸਹਿਯੋਗ ਨੂੰ ਮਜ਼ਬੂਤ ਕਰਨ, ਭੋਜਨ ਦੀ ਗੁਣਵੱਤਾ ਅਤੇ ਸਥਿਰਤਾ ਵਿੱਚ ਸੁਧਾਰ ਕਰਨ ਅਤੇ ਵਿਦਿਆਰਥੀਆਂ, ਖੋਜ਼ਕਰਤਾਵਾਂ ਅਤੇ ਉੱਦਮੀਆਂ ਲਈ ਇੱਕ ਪ੍ਰਮੁੱਖ ਸਿਖਲਾਈ ਕੇਂਦਰ ਵਜੋਂ ਉਭਰ ਕੇ ਸਾਹਮਣੇ ਆਵੇਗਾ।ਉਨ੍ਹਾਂ ਕਿਹਾ ਕਿ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੱਗੇ ਵਿਦਿਆਰਥੀਆਂ ਨੂੰ ਨੌਕਰੀਆਂ ਪ੍ਰਾਪਤ ਕਰਨ ਵਿਚ ਮਦਦ ਕਰਦੀ ਹੈ, ਉਥੇ ਹੁਣ ਉਹ ਵਿਦਿਆਰਥੀਆਂ ਨੂੰ ਆਪਣੇ ਬਿਜ਼ਨਸ ਸਥਾਪਿਤ ਕਰਨ ਅਤੇ ਹੋਰਨਾਂ ਲਈ ਨੌਕਰੀਆਂ ਪੈਦਾ ਕਰਨ ਦੇ ਯੋਗ ਵੀ ਬਣਾਏਗੀ।
ਖੇਤੀਬਾੜੀ ਵਿਭਾਗ ਦੇ ਮੁਖੀ ਅਤੇ ਖੇਤੀਬਾੜੀ ਖੋਜ਼ ਅਤੇ ਨਵੀਨਤਾ ਕੇਂਦਰ ਦੇ ਕੋਆਰਡੀਨੇਟਰ ਡਾ. ਪੀ.ਕੇ ਪਾਤੀ ਨੇ ਯੂਨਿਟ ਦੀਆਂ ਸਮਰੱਥਾਵਾਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਕਿਹਾ ਕਿ ਇਸ ਯੁਨਿਟ ਨਿਰੰਤਰ ਭੋਜਨ ਉਤਪਾਦਨ ਲਈ ਇੱਕ ਲਾਈਨ ਐਕਸਟਰੂਡਰ ਦਾ ਕਾਰਜ਼ ਕਰੇਗਾ, ਜਿਸ ਵਿੱਚ ਅਨਾਜ, ਸਨੈਕ ਫੂਡ, ਪਾਲਤੂ ਜਾਨਵਰਾਂ ਦਾ ਭੋਜਨ, ਪਾਸਤਾ, ਨੂਡਲਜ਼ ਅਤੇ ਟੈਕਸਟਚਰ ਵੈਜੀਟੇਬਲ ਪ੍ਰੋਟੀਨ ਆਦਿ ਦੇ ਨਿਰਮਾਣ ਦੀ ਸਿਖਲਾਈ ਸੰਭਵ ਹੋਵੇਗੀ।
ਉਦਘਾਟਨ ਸਮਾਰੋਹ ਮੌਕੇ ਵਿਭਾਗ ਪ੍ਰਸਿੱਧ ਜਾਪਾਨੀ ਵਿਗਿਆਨੀ, ਡਾ. ਰੇਣੂ ਵਧਵਾ ਅਤੇ ਡਾ. ਸੁਨੀਲ ਕੌਲ, ਨੈਸ਼ਨਲ ਇੰਸਟੀਚਿਊਟ ਆਫ਼ ਐਡਵਾਂਸਡ ਇੰਡਸਟਰੀਅਲ ਸਾਇੰਸ ਐਂਡ ਟੈਕਨਾਲੋਜੀ, ਜਾਪਾਨ ਦੇ ਫੈਕਲਟੀ ਮੈਂਬਰ, ਵਿਦਿਆਰਥੀ ਅਤੇ ਸਟਾਫ ਸ਼ਾਮਲ ਸੀ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …