ਅੰਮ੍ਰਿਤਸਰ, 16 ਮਾਰਚ (ਦੀਪ ਦਵਿੰਦਰ ਸਿੰਘ) – ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸ਼਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਵਿਸ਼ਵ
ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਵਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ 25ਵੇਂ 10 ਦਿਨਾਂ ਰਾਸ਼ਟਰੀ ਰੰਗਮੰਚ ਉਤਸਵ ਤਹਿਤ ਵਸੰਤ ਸ਼ਬਨੀਸ਼ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਿਤ ਕੀਤਾ ਨਾਟਕ ‘ਮਾਹੀ ਮੇਰਾ ਥਾਣੇਦਾਰ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।
ਇਹ ਨਾਟਕ ਪ੍ਰਸਿੱਧ ਮਰਾਠੀ ਲੋਕ ਨਾਟਕ ‘ਸਈਆਂ ਭਏ ਕੋਤਵਾਲ’ ਦਾ ਰੂਪਾਂਤਰਨ ਹੈ, ਜੋ ਕਿ ਵਸੰਤ ਸ਼ਬਨੀਸ਼ ਦੁਆਰਾ ਲਿਖਿਆ ਗਿਆ ਹੈ।ਇਹ ਨਾਟਕ ਪੇਂਡੂ ਲੋਕ ਨਾਟ ਪਰੰਪਰਾ ਨੂੰ ਬਰਕਰਾਰ ਰੱਖਦੇ ਹੋਏ ਸ਼ਹਿਰੀ ਦਰਸ਼ਕਾਂ ਲਈ ਤਿਆਰ ਕੀਤਾ ਗਿਆ ਹੈ।ਨਾਟਕ ਦੀ ਕਹਾਣੀ ਇੱਕ ਰਾਜੇ ਅਤੇ ਉਸ ਦੇ ਚਾਲਬਾਜ਼ ਪ੍ਰਧਾਨ ਦੀ ਹੈ। ਰਾਜ ਦੇ ਮੁੱਖ ਥਾਣੇਦਾਰ ਦੀ ਮੌਤ ਤੋਂ ਬਾਅਦ ਰਾਜੇ ਦਾ ਚਲਾਕ ਪ੍ਰਧਾਨ ਆਪਣੇ ਸਾਲੇ ਨੂੰ ਥਾਣੇਦਾਰ ਦੇ ਅਹੁੱਦੇ ‘ਤੇ ਲਗਾ ਦਿੰਦਾ ਹੈ, ਜੋ ਕਿ ਅਨਪੜ੍ਹ ਗਵਾਰ ਅਤੇ ਲੂਲਾ ਲੰਗੜਾ ਹੈ।ਜਦੋਂ ਕਿ ਇਸ ਅਹੁੱਦੇ ਦੇ ਯੋਗਤਾ ਮੁਤਾਬਿਕ ਹਵਾਲਦਾਰ ਦੀ ਤਰੱਕੀ ਦੀ ਵਾਰੀ ਹੈ।ਪਰ ਭਾਈ ਭਤੀਜਾਵਾਦ ਅਤੇ ਰਿਸ਼ਵਤਖੋਰੀ ਦੇ ਯੁੱਗ ਵਿੱਚ ਹਵਲਦਾਰ ਨੂੰ ਪਿੱਛੇ ਧੱਕ ਕੇ ਪ੍ਰਧਾਨ ਦਾ ਅਨਪੜ੍ਹ ਸਾਲਾ ਥਾਣੇਦਾਰ ਦੇ ਅਹੁੱਦੇ ‘ਤੇ ਪਹੁੰਚ ਜਾਂਦਾ ਹੈ।ਪਰ ਹਵਲਦਾਰ ਆਪਣੀ ਪ੍ਰੇਮੀਕਾ ਮੈਨਾਵਤੀ ਨਾਲ ਮਿਲ ਕੇ ਥਾਣੇਦਾਰ ਦੀਆਂ ਬੇਈਮਾਨੀਆਂ ਤੇ ਰਿਸ਼ਵਤਖੋਰੀ ਅਤੇ ਰਾਜੇ ਦੇ ਸਮਾਨ ਦੀ ਚੋਰੀ ਦਾ ਪਤਾ ਲਗਾਉਂਦਾ ਹੈ ਤੇ ਅਨਪੜ ਵਾਰ ਥਾਣੇਦਾਰ ਨੂੰ ਸਜ਼ਾ ਮਿਲਦੀ ਹੈ।ਰਾਜਾ ਖੁਸ਼ੀ ਵਿੱਚ ਯੋਗ ਹਵਾਲਦਾਰ ਨੂੰ ਥਾਣੇਦਾਰ ਬਣਾ ਦਿੰਦਾ ਹੈ।
ਇਸ ਨਾਟਕ ਦੇ ਪਾਤਰ ਗੁਰਤੇਜ ਮਾਨ, ਇਮੈਨੁਅਲ ਸਿੰਘ, ਵੀਰਪਾਲ ਕੌਰ, ਸਾਜਨ ਕੋਹਿਨੂਰ, ਨਿਸ਼ਾਨ ਸਿੰਘ ਆਦਿ ਕਲਾਕਾਰਾਂ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ।ਨਾਟਕ ਦਾ ਗੀਤ ਅਤੇ ਸੰਗੀਤ ਕੁਸ਼ਾਗਰ ਕਾਲੀਆ, ਹਰਸ਼ਿਤਾ ਅਤੇ ਸਤਨਾਮ ਸਿੰਘ ਵਲੋਂ ਦਿੱਤਾ ਗਿਆ।ਰੌਸ਼ਨੀ ਪ੍ਰਭਾਵ ਯੁਵਨੀਸ਼ ਨਾਇਕ ਵਲੋਂ ਦਿੱਤਾ ਗਿਆ।
ਇਸ ਮੌਕੇ ਭੁਪਿੰਦਰ ਸਿੰਘ ਸੰਧੂ, ਗੁਰਦੇਵ ਸਿੰਘ ਮਹਿਲਾਂਵਾਲਾ, ਟੀ.ਐਸ ਰਾਜਾ, ਸੁਮਿਤ ਸਿੰਘ ਆਦਿ ਸਮੇਤ ਨਾਟ ਪ੍ਰੇਮੀ ਹਾਜ਼ਰ ਸਨ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media