ਮ੍ਰਿਤਕ ਗੁਰਸੇਵਕ ਦੇ ਨਾਂ ‘ਤੇ ਬਣਾਇਆ ਜਾਵੇਗਾ ਖੇਡ ਸਟੇਡੀਅਮ
ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ ਬਿਊਰੋ) – ਬੀਤੇ ਦਿਨੀਂ ਖੱਬੇ ਰਾਜਪੂਤਾਂ ਵਿਖੇ ਫੁੱਟਬਾਲ ਟੂਰਨਾਮੈਂਟ ਦੇ ਸਮਾਪਤੀ ਇਨਾਮ ਵੰਡ
ਸਮਾਰੋਹ ਦੌਰਾਨ ਅਚਾਨਕ ਵਾਪਰੇ ਗੋਲੀ ਕਾਂਡ ਦੋਰਾਨ ਪਿੰਡ ਨੰਗਲੀ ਦੇ ਫੁੱਟਬਾਲ ਖਿਡਾਰੀ ਗੁਰਸੇਵਕ ਸਿੰਘ ਉਮਰ 13 ਸਾਲ ਪੁੱਤਰ ਦਲਬੀਰ ਸਿੰਘ ਮੌਤ ਹੋ ਗਈ ਸੀ।ਉਹ ਤਿੰਨ ਭੈਣਾਂ ਦਾ ਇਕਲੋਤਾ ਭਰਾ ਸੀ।ਬੀਤੇ ਦਿਨ ਪਿੰਡ ਨੰਗਲੀ ਉਸ ਦੇ ਗ੍ਰਹਿ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਦੌਰਾਨ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਪੁੱਜੇ।ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਮ੍ਰਿਤਕ ਗੁਰਸੇਵਕ ਸਿੰਘ ਦੇ ਪਰਿਵਾਰ ਨੂੰ ਇੱਕ ਲੱਖ ਰੁਪਏ ਦਾ ਚੈਕ ਭੇਟ ਕਰਦਿਆਂ ਐਲਾਨ ਕੀਤਾ ਕਿ ਮ੍ਰਿਤਕ ਗੁਰਸੇਵਕ ਸਿੰਘ ਦੇ ਨਾਮ ‘ਤੇ ਖੇਡ ਸਟੇਡੀਅਮ ਬਣਾਇਆ ਜਾਵੇਗਾ ਅਤੇ ਪਰਿਵਾਰ ਦੀ ਹਰ ਸੰਭਵ ਆਰਥਿਕ ਮਦਦ ਵੀ ਕੀਤੀ ਜਾਵੇਗੀ।ਉਨਾਂ ਪਰਿਵਾਰ ਨੂੰ ਮਕਾਨ ਦੀ ਮੁੜ ਉਸਾਰੀ ਕਰਵਾਉਣ ਦਾ ਭਰੋਸਾ ਵੀ ਦਿੱਤਾ।ਈ.ਟੀ.ਓ ਨੇ ਕਿਹਾ ਕਿ ਪਰਿਵਾਰ ਨੂੰ ਗੁਰਸੇਵਕ ਸਿੰਘ ਦੀ ਕਮੀ ਤਾਂ ਹਮੇਸ਼ਾਂ ਰਹੇਗੀ, ਪਰ ਉਹ ਪਰਿਵਾਰ ਨਾਲ ਹਰ ਦੁੱਖ ਸੁੱਖ ਦੀ ਘੜੀ ਸਾਥ ਦੇਣਗੇ।ਈ.ਟੀ.ਓ ਨੇ ਕਿਹਾ ਕਿ ਫੁੱਟਬਾਲ ਦੇ ਖਿਡਾਰੀ ਗੁਰਸੇਵਕ ਸਿੰਘ ਦਾ ਮਾੜੇ ਅਨਸਰਾਂ ਦੀ ਗੋਲੀ ਦਾ ਸ਼ਿਕਾਰ ਹੋ ਜਾਣਾ ਬਹੁਤ ਮੰਦਭਾਗਾ ਹੈ ਅਤੇ ਇਸ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ।
ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ ਖੱਬੇਰਾਜਪੂਤਾਂ, ਚੇਅਰਮੈਨ ਗੁਰਨਿੰਦਰ ਸਿੰਘ, ਸਰਪੰਚ ਸੁਰਜਨ ਸਿੰਘ ਨੰਗਲੀ, ਸਰਦੂਲ ਸਿੰਘ ਮੈਂਬਰ, ਹੀਰਾ ਸਿੰਘ ਮੈਂਬਰ, ਜਰਮਨ ਸਿੰਘ ਉਦੋਨੰਗਲ, ਸਰਪੰਚ ਅਜੈ ਗਾਂਧੀ, ਸਰਪੰਚ ਪਰਮਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।
Punjab Post Daily Online Newspaper & Print Media