Monday, August 24, 2026

ਵਰਧਮਾਨ ਸਟੀਲ ਨੇ ਆਮ ਲੋਕਾਂ ਨੂੰ ਸਮਰਪਿਤ ਕੀਤਾ ਚਾਲੀ ਖੂਹ ਵਿਖੇ ਲਗਾਇਆ ਮੀਆਂਵਾਕੀ ਜੰਗਲ

ਵਾਤਾਵਰਨ ਦੀ ਸੁਰੱਖਿਆ ਲਈ ਸ਼ਹਿਰ ਵਿੱਚ ਰੁੱਖਾਂ ਦੀ ਹੋਂਦ ਜਰੂਰੀ – ਜੀਵਨਜੋਤ ਕੌਰ

ਅੰਮ੍ਰਿਤਸਰ, 3 ਅਪ੍ਰੈਲ (ਸੁਖਬੀਰ ਸਿੰਘ) – ਵਰਧਮਾਨ ਸਟੀਲ ਕੰਪਨੀ ਲਿਮ. ਵੱਲੋਂ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਸਥਾਨਕ ਜੌੜਾ ਫ਼ਾਟਕ ਨੇੜੇ ਸਥਿਤ ਚਾਲੀ ਖੂਹ ਪਾਰਕ ਦੇ 2.5 ਏਕੜ ਖੇਤਰ ਵਿੱਚ ਸਥਾਪਿਤ ਕੀਤੇ ਮੀਆਂਵਾਕੀ ਜੰਗਲ ਨੂੰ ਅੱਜ ਆਮ ਜਨਤਾ ਲਈ ਖੋਹਲ ਦਿੱਤਾ ਗਿਆ।ਜੰਗਲ ਦਾ ਉਦਘਾਟਨ ਸਚਿਤ ਜੈਨ ਵਾਇਸ ਚੇਅਰਮੈਨ ਵੀ.ਐਸ.ਐਸ.ਐਲ, ਵਿਧਾਇਕ ਪੂਰਬੀ ਡਾ. ਜੀਵਨ ਜੋਤ ਕੌਰ ਅਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਕੀਤਾ।
ਸਚਿਤ ਜੈਨ ਨੇ ਅੰਮ੍ਰਿਤਸਰ ਵਿੱਚ ਹਰਿਆਲੀ ਨੂੰ ਵਧਾਉਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਅਤੇ ਕਮਿਸ਼ਨਰ ਕਾਰਪੋਰੇਸ਼ਨ ਗੁਲਪ੍ਰੀਤ ਸਿੰਘ ਔਲਖ ਵੱਲੋਂ ਕੀਤੇ ਜਾ ਰਹੇ ਨਿਰੰਤਰ ਯਤਨਾਂ ਦੀ ਸਰਾਹਨਾ ਕਰਦੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਹੀ ਅਸੀਂ ਅੰਮ੍ਰਿਤਸਰ ਵਿੱਚ ਇਹ ਜੰਗਲ ਲਗਾਉਣ ਵਿੱਚ ਕਾਮਯਾਬ ਹੋਏ ਹਾਂ।ਉਹਨਾਂ ਦੱਸਿਆ ਕਿ ਮੀਆਂ ਵਾਕੀ ਜੰਗਲ ਜਪਾਨੀ ਸਾਇੰਸਦਾਨ ਅਕੀਰਾ ਮੀਆਂ ਵਾਕੀ ਵਲੋਂ ਵਿਕਸਿਤ ਕੀਤੀ ਇੱਕ ਵਿਗਿਆਨਿਕ ਵਿਧੀ ਹੈ, ਜਿਸ ਰਾਹੀ ਸ਼ਹਿਰੀ ਖੇਤਰ ਵਿੱਚ ਘੱਟ ਜ਼ਮੀਨ ਉਪਰ ਵੀ ਵਧੀਆ ਕਿਸਮ ਦਾ ਜੰਗਲ ਉਸਾਰਿਆ ਜਾ ਸਕਦਾ ਹੈ।
ਵਿਧਾਇਕ ਸ੍ਰੀਮਤੀ ਜੀਵਨਜੋਤ ਕੌਰ ਨੇ ਕਿਹਾ ਕਿ ਪਿੱਛਲੇ ਕੁੱਝ ਸਾਲਾਂ ਵਿੱਚ ਪੂਰੀ ਦੁਨੀਆਂ ਵਿੱਚ ਜੰਗਲਾਂ ਦਾ ਰਕਬਾ ਘਟਿਆ ਹੈ ਅਤੇ ਭਵਿੱਖ ਵਿੱਚ ਸ਼ਹਿਰਾਂ ਵਿੱਚ ਗ੍ਰੀਨ ਕਵਰ ਨੂੰ ਵਧਾਉਣਾ ਅਤਿ ਜ਼ਰੂਰੀ ਹੈ।ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਬਰਸਾਤ ਦੇ ਸੀਜ਼ਨ ਵਿੱਚ ਰੁੱਖ ਲਗਾਉਣ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕਰਦੇ ਦੱਸਿਆ ਕਿ ਇਹ ਆਪਣੀ ਤਰ੍ਹਾਂ ਦਾ ਅੰਮ੍ਰਿਤਸਰ ਸ਼ਹਿਰ ਦਾ ਪਹਿਲਾ ਪ੍ਰੋਜੈਕਟ ਹੈ ਅਤੇ ਇਸ ਵਿੱਚ ਦੇਸੀ ਅਤੇ ਵਿਦੇਸ਼ੀ 45 ਕਿਸਮਾਂ ਦੇ 20 ਹਜ਼ਾਰ ਪੌਦੇ ਲਗਾਏ ਗਏ ਹਨ।
ਦੱਸਣਯੋਗ ਹੈ ਕਿ ਇਹ ਵਰਧਮਾਨ ਸਪੈਸ਼ਲ ਸਟੀਲਜ਼ ਲਿਮ. ਦੁਆਰਾ ਬਣਾਇਆ ਗਿਆ 8ਵਾਂ ਜੰਗਲ ਹੈ ਅਤੇ ਅੰਮ੍ਰਿਤਸਰ ਦੇ ਸਭ ਤੋਂ ਵੱਡੇ ਮੀਆਵਾਕੀ ਜੰਗਲਾਂ ਵਿੱਚੋਂ ਇੱਕ ਹੈ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …