ਮਸਤੂਆਣਾ ਸਾਹਿਬ ਵਿਖੇ ਕਾਫੀ ਲੰਮੇ ਸਮੇਂ ਤੋਂ ਚੱਲ ਰਹੇ ਰੋਸ ਧਰਨੇ ਨੂੰ ਕੀਤਾ ਸਮਾਪਤ
ਸੰਗਰੂਰ, 4 ਅਪ੍ਰੈਲ (ਜਗਸੀਰ ਲੌਂਗੋਵਾਲ) – ਸਿੱਖ ਕੌਮ ਦੀ ਮਹਾਨ ਸ਼ਖਸ਼ੀਅਤ ਸੰਤ ਬਾਬਾ ਅਤਰ ਸਿੰਘ ਜੀ ਦੇ ਨਾਮ ਤੇ ਮਸਤੂਆਣਾ ਸਾਹਿਬ ਵਿਖੇ ਬਣਾਏ ਜਾਣ ਵਾਲੇ ਹਸਪਤਾਲ ਅਤੇ ਮੈਡੀਕਲ ਕਾਲਜ ਦੀ ਬਿਲਡਿੰਗ ਦੇ ਉਸਾਰੀ ਦੇ ਕੰਮ ਸ਼ੁਰੂ ਹੋਣ ਤੋਂ ਬਾਅਦ, ਆਪਣੀ ਇਸ ਮੰਗ ਨੂੰ ਲੈ ਕੇ ਸੰਗਰੂਰ-ਬਰਨਾਲਾ ਮੁੱਖ ਮਾਰਗ ਉਪਰ ਇਲਾਕਾ ਨਿਵਾਸੀਆਂ ਵਲੋਂ ਪਿਛਲੇ ਢਾਈ ਸਾਲਾਂ ਤੋਂ ਲਗਾਤਾਰ ਦਿੱਤੇ ਜਾਣ ਵਾਲਾ ਰੋਸ ਧਰਨਾ ਰਸਮੀ ਤੌਰ ‘ਤੇ ਸਮਾਪਤ ਹੋ ਗਿਆ।ਇਲਾਕਾ ਨਿਵਾਸੀਆਂ ਵਲੋਂ ਆਪਣੀ ਜਿੱਤ ਦੀ ਖੁਸ਼ੀ ਵਿੱਚ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਦਰਸ਼ਨ ਸਿੰਘ ਦੀ ਅਗਵਾਈ ਹੇਠ ਰੱਖੇ ਗਏ ਇੱਕ ਵਿਸ਼ਾਲ ਸਮਾਗਮ ਦੌਰਾਨ ਜਿਥੇ ਇਸ ਧਰਨੇ ਨੂੰ ਸਫਲ ਬਣਾਉਣ ਵਾਲੇ ਆਗੂਆਂ ਅਤੇ ਵਰਕਰਾਂ ਨੂੰ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ, ਉਥੇ ਹੀ ਸੰਗਤਾਂ ਵਿੱਚ ਲੱਡੂ ਅਤੇ ਜਲੇਬੀਆਂ ਵੰਡ ਕੇ ਅਪਣੀ ਖੁਸ਼ੀ ਸਾਂਝੀ ਕੀਤੀ ਗਈ।
ਸਮਾਗਮ ਵਿੱਚ ਪੰਜਾਬ ਸਰਕਾਰ ਵੱਲੋਂ ਆਪਣੀ ਹਾਜ਼ਰੀ ਲਗਵਾਉਣ ਪਹੁੰਚੇ ਐਸ.ਡੀ.ਐਮ ਸੰਗਰੂਰ ਨਵਰੀਤ ਸਿੰਘ ਸੇਖੋ ਨੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੰਤ ਬਾਬਾ ਅਤਰ ਸਿੰਘ ਜੀ ਦੀ ਯਾਦ ਵਿੱੱਚ ਬਣਾਏ ਜਾਣ ਵਾਲੇ ਹਸਪਤਾਲ ਦੀ ਬਿਲਡਿੰਗ ਦੀ ਉਸਾਰੀ ਦੇ ਸਮੁੱਚੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ।ਪੰਜਾਬ ਸਰਕਾਰ ਵੱਲੋਂ ਫੰਡ ਵੀ ਜਾਰੀ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਥੇ ਬਣਾਈ ਜਾਣ ਵਾਲੀ ਬਿਲਡਿੰਗ ਦੀ ਉਸਾਰੀ ਲਈ ਹੁਣ ਕਿਸੇ ਵੀ ਕਿਸਮ ਦੀ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ ਅਤੇ ਸਮੁੱਚੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ।
ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਦਰਸ਼ਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਤ ਬਾਬਾ ਅਤਰ ਸਿੰਘ ਜੀ ਦੇ ਸਮੁੱਚੇ ਸੇਵਾਦਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਸੰਤ ਜੀ ਯਾਦ ਵਿਚ ਬਣਾਏ ਜਾਣ ਵਾਲੇ ਹਸਪਤਾਲ ਅਤੇ ਮੈਡੀਕਲ ਕਾਲਜ਼ ਦੀ ਬਿਲਡਿੰਗ ਦੀ ਉਸਾਰੀ ਸ਼ੁਰੂ ਕਰਵਾਉਣ ਲਈ ਸਾਡਾ ਹਰ ਪੱਖੋਂ ਸਹਿਯੋਗ ਦਿੱਤਾ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲੇ ਦੌਰ ਵਿੱਚ ਇਲਾਕੇ ਦੀ ਸੰਗਤ ਦੀ ਮੰਗ ਅਨੁਸਾਰ ਇਥੇ ਸੰਤ ਬਾਬਾ ਅਤਰ ਸਿੰਘ ਜੀ ਦੀ ਯਾਦ ਵਿੱਚ 460 ਬੈਡਾਂ ਵਾਲਾ ਨੌ ਮੰਜ਼ਿਲਾ ਵਿਸ਼ਾਲ ਹਸਪਤਾਲ ਬਣਾਇਆ ਜਾਏਗਾ। ਜਿਸ ਦੀ ਉਸਾਰੀ ਦੇ ਕੰਮ ਸ਼ੁਰੂ ਹੋ ਚੁੱਕੇ ਹਨ।ਉਨ੍ਹਾਂ ਸਮੁੱਚੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੱਛਲੇ ਢਾਈ ਸਾਲਾਂ ਦੌਰਾਨ ਲਗਾਤਾਰ ਚੱਲ ਰਹੇ ਰੋਸ ਧਰਨੇ ਵਿੱਚ ਜਿਸ ਜਿਸ ਵੀ ਸ਼ਖਸ਼ੀਅਤ ਨੇ ਆਪਣੀ ਸ਼ਮੂਲੀਅਤ ਕੀਤੀ ਹੈ।ਗੁਰਦੁਆਰਾ ਅੰਗੀਠਾ ਸਾਹਿਬ ਅਤੇ ਸੰਤ ਬਾਬਾ ਅਤਰ ਸਿੰਘ ਜੀ ਦੇ ਅਸੀਂ ਇੱਕ ਨਿਮਾਣੇ ਸੇਵਕ ਹੁੰਦੇ ਹੋਏ ਸਮੁੱਚੀ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਨਾਂ ਨੇ ਪਿੱਛਲੇ ਢਾਈ ਸਾਲਾਂ ਦੌਰਾਨ ਆਪਣਾ ਰੋਸ ਧਰਨਾ ਜਾਰੀ ਰੱਖਿਆ।ਇਲਾਕੇ ਦੀ ਸੰਗਤ ਵਲੋਂ ਹਨੇਰੀ, ਮੀਂਹ ਅਤੇ ਝੱਖੜ ਦੀ ਪ੍ਰਵਾਹ ਨਾ ਕਰਦਿਆਂ ਅਪਣਾ ਸੰਘਰਸ਼ ਉਸ ਸਮੇਂ ਤੱਕ ਜ਼ਾਰੀ ਰੱਖਿਆ ਜਦੋ ਤੱਕ ਸੰਤ ਜੀ ਦੀ ਯਾਦਗਾਰ ਦੀ ਉਸਾਰੀ ਦੇ ਕੰਮ ਸ਼ੁਰੂ ਹੀ ਹੋਏ।
ਇਸ ਸਮਾਗਮ ਵਿਚ ਜਸਵੰਤ ਸਿੰਘ ਦੁੱਗਾਂ, ਮਾਸਟਰ ਅਜੈਬ ਸਿੰਘ ਦੁੱਗਾਂ, ਰਜਿੰਦਰ ਸਿੰਘ ਲਿੱਦੜਾਂ, ਕਰਨੈਲ ਸਿੰਘ ਜੱਸੇਕਾ ਲੌਂਗੋਵਾਲ, ਨਛੱਤਰ ਸਿੰਘ ਬਡਰੁੱਖਾਂ, ਬੰਤ ਸਿੰਘ ਫੌਜੀ ਚੰਗਾਲ, ਕਾ. ਮੇਵਾ ਸਿੰਘ ਦੁੱਗਾਂ, ਕਾ. ਭਰਪੂਰ ਸਿੰਘ ਦੁੱਗਾ, ਹਾਕਮ ਸਿੰਘ, ਡਾਕਟਰ ਗੁਰਮੇਲ ਸਿੰਘ ਬਹਾਦਰਪੁਰ, ਡਾਕਟਰ ਸੁਰਿੰਦਰ ਸ਼ਰਮਾ ਬਹਾਦਰਪੁਰ ਅਤੇ ਮਨਜਿੰਦਰ ਸਿੰਘ ਲਿੱਦੜਾਂ ਅਤੇ ਵੱਡੀ ਗਿਣਤੀ ‘ਚ ਇਲਾਕੇ ਦੀਆਂ ਸੰਗਤਾਂ ਨੇ ਵੀ ਆਪਣੀ ਹਾਜ਼ਰੀ ਲਗਵਾਈ।