ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਬੀਤੇ ਕੱਲ੍ਹ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮਿਡਲ ਕਲਾਸ ਦੇ ਐਲਾਨੇ ਨਤੀਜਿਆਂ ਵਿੱਚ ਪਿੰਗਲਵਾੜਾ ਸੁਸਾਇਟੀ ਆਫ਼ ਉਨਟਾਰੀਉ (ਕੈਨੇਡਾ) ਅਤੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ.) ਅੰਮ੍ਰਿਤਸਰ ਦੇ ਸਾਂਝੇ ਸਹਿਯੋਗ ਨਾਲ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਆਦਰਸ਼ ਸੀਨੀ. ਸੈ. ਸਕੂਲ ਮਾਨਾਂਵਾਲਾ ਕਲਾਂ ਦੇ ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਇਤਿਹਾਸ ਰਚਿਆ।ਸਕੂਲ ਦੀ ਵਿਦਿਆਰਥਣ ਅਮਨਪ੍ਰੀਤਪਾਲ ਕੌਰ ਨੇ 98.3% ਅੰਕ ਲੈ ਕੇ ਬੋਰਡ ਦੀ ਮੈਰਿਟ ਸੂਚੀ ਵਿੱਚ 11ਵੇਂ ਸਥਾਨ ‘ਤੇ ਆਪਣਾ ਨਾਂ ਦਰਜ਼ ਕਰਾਇਆ।ਇਸ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਦੱਸਿਆ ਸਕੂਲ ਵਿੱਚ ਕੁੱਲ 63 ਪ੍ਰੀਖਿਆਰਥੀ ਬੋਰਡ ਪ੍ਰੀਖਿਆ ਵਿਚ ਦਾਖਲ ਹੋਏ ਸਨ।ਇਸ ਪ੍ਰੀਖਿਆ ਵਿੱਚ 97.6% ਅੰਕ ਲੈ ਕੇ ਵਿਦਿਆਰਥੀ ਸੀਰਤ ਸਕੂਲ ਵਿੱਚ ਦੂਜੇ ਦਰਜ਼ੇ ‘ਤੇ ਰਹੀ ਅਤੇ ਦੋ ਵਿਦਿਆਰਥਣਾਂ ਕੋਮਲਪ੍ਰੀਤ ਕੌਰ ਅਤੇ ਰਮਨਦੀਪ ਕੌਰ ਨੇ 97.3% ਅੰਕ ਲੈ ਕੇ ਤੀਸਰਾ ਦਰਜ਼ਾ ਪ੍ਰਾਪਤ ਕੀਤਾ।ਕੁੱਲ 63 ਵਿਦਿਆਰਥੀਆਂ ਵਿੱਚੋਂ 95% ਤੋਂ ਉਪਰ ਅੰਕ 14 ਵਿਦਿਆਰਥੀ, 90%-95% ਤੱਕ 36 ਬੱੱਚਿਆਂ ਅਤੇ 80%-90% ਤੱਕ 13 ਬੱਚਿਆਂ ਨੇ ਅੰਕ ਹਾਸਿਲ ਕਰਕੇ ਪਿੰਗਲਵਾੜਾ ਸੰਸਥਾ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ।
ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਆਦਰਸ਼ ਹਾਈ ਸਕੂਲ ਬੁੱਟਰ ਕਲਾਂ ਜਿਲ੍ਹਾ ਗੁਰਦਾਸਪੁਰ ਸਕੂਲ ਦੀ ਇੱਕ ਬੱਚੀ ਜਿਸ ਦਾ ਨਾਮ ਜੋਬਨਪ੍ਰੀਤ ਕੌਰ ਹੈ ਨੇ 98.3% ਅੰਕ ਲੈ ਕੇ ਮੈਰਿਟ ਸੂਚੀ ਵਿੱਚ ਆਪਣਾ ਨਾਂ ਦਰਜ਼ ਕਰਾਇਆ ਹੈ ਅਤੇ ਇਸ ਸਕੂਲ ਦੇ ਕੁੱਲ 30 ਬੱਚਿਆਂ ਨੇ ਬਹੁਤ ਵਧੀਆ ਅੰਕ ਲੈ ਕੇ ਪਿੰਗਲਵਾੜਾ ਸੰਸਥਾ, ਅਧਿਆਪਕਾਂ ਅਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ।ਆਨਰੇਰੀ ਸਲਾਹਕਾਰ ਗੁਰਨਾਇਬ ਸਿੰਘ ਅਤੇ ਪ੍ਰਿੰਸੀਪਲ ਨਰੇਸ਼ ਕਾਲੀਆ ਨੇ ਕਿਹਾ ਕਿ ਇਸ ਜਿੱਤ ਦਾ ਸਿਹਰਾ ਮਿਹਨਤੀ ਸਟਾਫ਼, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਜਾਂਦਾ ਹੈ।ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਜੇਤੂ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਆਨਰੇਰੀ ਸਿੱਖਿਆ ਸਲਾਹਕਾਰ ਗੁਰਨਾਇਬ ਸਿੰਘ, ਪ੍ਰਿੰਸੀਪਲ ਨਰੇਸ਼ ਕਾਲੀਆ ਸਮੂਹ ਸਟਾਫ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
Check Also
ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 4 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁੱਧ …