Wednesday, June 18, 2025
Breaking News

ਅੰਮ੍ਰਿਤਸਰ ਦੇ 27 ਸਾਲਾ ਪ੍ਰਦੀਪ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪਹੁੰਚਿਆ

ਭੈਣ ਦੇ ਵਿਆਹ ਲਈ 2 ਲੱਖ ਅਤੇ ਮਾਪਿਆਂ ਨੂੰ ਦੇਵਾਂਗੇ ਮਹੀਨਾਵਾਰ ਪੈਨਸ਼ਨ – ਡਾ. ਓਬਰਾਏ

ਅੰਮ੍ਰਿਤਸਰ, 1 ਮਈ (ਜਗਦੀਪ ਸਿੰਘ) – ਪੂਰੀ ਦੁਨੀਆਂ ਅੰਦਰ ਰੱਬੀ ਫਰਿਸ਼ਤੇ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐਸ.ਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜਗਦੇਵ ਕਲਾਂ (ਹਾਲ ਵਾਸੀ ਮੀਰਾਂਕੋਟ ਚੌਂਕ) ਨਾਲ ਸਬੰਧਿਤ 27 ਸਾਲਾ ਪ੍ਰਦੀਪ ਸਿੰਘ ਪੁਤਰ ਬਲਦੇਵ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ।
ਡਾ. ਐਸ.ਪੀ ਸਿੰਘ ਓਬਰਾਏ ਨੇ ਜਾਰੀ ਮਿਆਨ ‘ਚ ਦੱਸਿਆ ਕਿ ਮਾਪਿਆਂ ਦਾ ਇਕਲੌਤਾ ਪੁੱਤਰ ਪ੍ਰਦੀਪ ਵੀ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਤੇ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਲਈ ਕਰੀਬ 6 ਮਹੀਨੇ ਪਹਿਲਾਂ ਹੀ ਦੁਬਈ ਆਇਆ ਸੀ।ਦੁਬਈ ਸਥਿਤ ਭਾਰਤੀ ਦੂਤਾਵਾਸ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਦੱਸਿਆ ਸੀ ਕਿ ਦੁਬਈ `ਚ 10 ਅਪ੍ਰੈਲ ਨੂੰ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਲੱਗੀ ਭਿਆਨਕ ਅੱਗ `ਚ ਬਹੁਤ ਬੁਰੀ ਤਰ੍ਹਾਂ ਝੁਲਸ ਜਾਣ ਕਾਰਨ ਪਿੰਡ ਜਗਦੇਵ ਕਲਾਂ ਨਾਲ ਸੰਬੰਧਿਤ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ।ਜਿਸ ਉਪਰੰਤ ਉਨ੍ਹਾਂ ਆਪਣੀ ਅੰਮ੍ਰਿਤਸਰ ਟੀਮ ਨੂੰ ਪ੍ਰਦੀਪ ਦੇ ਪਰਿਵਾਰ ਕੋਲ ਭੇਜ ਕੇ ਵਾਪਰੀ ਅਣਹੋਣੀ ਤੋਂ ਜਾਣੂ ਕਰਵਾਇਆ।ਉਨ੍ਹਾਂ ਦੱਸਿਆ ਕਿ ਭਾਰਤੀ ਦੂਤਾਵਾਸ ਦੇ ਸਹਿਯੋਗ ਸਦਕਾ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਰਾਹੀਂ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਪ੍ਰਦੀਪ ਦਾ ਮਿਤ੍ਰਕ ਸਰੀਰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚਾਉਣ ਉਪਰੰਤ ਉਨ੍ਹਾਂ ਟਰੱਸਟ ਦੀ ਮੁਫ਼ਤ ਐਂਬੂਲੈਂਸ ਸੇਵਾ ਰਾਹੀਂ ਉਸ ਦੇ ਘਰ ਤੱਕ ਭੇਜਿਆ ਗਿਆ ਹੈ।ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਜ਼ਿਲ੍ਹਾ ਜਨਰਲ ਸਕੱਤਰ ਮਨਪ੍ਰੀਤ ਸੰਧੂ ਚਮਿਆਰੀ, ਖਜ਼ਾਨਚੀ ਨਵਜੀਤ ਘਈ ਤੇ ਉਪ ਪ੍ਰਧਾਨ ਹਰਜਿੰਦਰ ਹੇਰ ਵਲੋਂ ਪੀੜਤ ਪਰਿਵਾਰ ਦੀ ਦੱਸੀ ਗਈ ਆਰਥਿਕ ਹਾਲਤ ਮੁਤਾਬਿਕ ਉਨ੍ਹਾਂ ਵੱਲੋਂ ਪ੍ਰਦੀਪ ਦੀ ਵੱਡੀ ਭੈਣ ਦੇ ਵਿਆਹ ਲਈ 2 ਲੱਖ ਰੁਪਏ ਜਦਕਿ ਬੇਵੱਸ ਪਿਤਾ ਨੂੰ ਘਰ ਦੇ ਗੁਜ਼ਾਰੇ ਲਈ 2500/- ਰੁਪਏ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਪ੍ਰਦੀਪ ਦਾ ਮ੍ਰਿਤਕ ਸਰੀਰ ਭਾਰਤ ਭੇਜਣ ਲਈ ਆਇਆ ਖਰਚ ਉਸ ਦੀ ਕੰਪਨੀ ਵੱਲੋਂ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਟਰੱਸਟ ਵਲੋਂ ਡਾ. ਉਬਰਾਏ ਦੀ ਸਰਪ੍ਰਸਤੀ ਹੇਠ ਹੁਣ ਤੱਕ 411 ਦੇ ਕਰੀਬ ਬਦਨਸੀਬ ਨੌਜਵਾਨਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।
ਹਵਾਈ ਅੱਡੇ ‘ਤੇ ਪ੍ਰਦੀਪ ਸਿੰਘ ਦੀ ਮ੍ਰਿਤਕ ਦੇਹ ਲੈਣ ਪਹੁੰਚੇ ਪਿਤਾ ਬਲਦੇਵ ਸਿੰਘ, ਮਾਮਾ ਹਰਜੀਤ ਸਿੰਘ ਤੇ ਰਣਜੀਤ ਸਿੰਘ, ਨਾਨਾ ਜਸਬੀਰ ਸਿੰਘ, ਹਰਦੇਵ ਸਿੰਘ ਗਿੱਲ ਤੇ ਭਰਾ ਮਾਨਵਦੀਪ ਸਿੰਘ ਨੇ ਡਾ. ਐਸ.ਪੀ ਸਿੰਘ ਓਬਰਾਏ ਦਾ ਸ਼ੁਕਰਾਨਾ ਕੀਤਾ।

Check Also

ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …