Friday, May 15, 2026

ਦੁਬਈ `ਚ ਮਰੇ ਪ੍ਰਦੀਪ ਦੇ ਮਾਪਿਆਂ ਦਾ ਦੁੱਖ ਵੇਖ ਭਾਵੁਕ ਹੋਏ ਡਾ. ਉਬਰਾਏ

ਭੈਣ ਦੇ ਵਿਆਹ ਲਈ ਦਿੱਤੇ 2 ਲੱਖ ਅਤੇ ਮਾਪਿਆਂ ਦੀ ਸ਼ੁਰੂ ਕੀਤੀ 5 ਹਜ਼ਾਰ ਮਹੀਨਾ ਪੈਨਸ਼ਨ

ਅੰਮ੍ਰਿਤਸਰ, 3 ਮਈ (ਜਗਦੀਪ ਸਿੰਘ) – ਹਰੇਕ ਦੁਖੀ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਉਸ ਦੀ ਹਰ ਸੰਭਵ ਮਦਦ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐਸ.ਪੀ ਸਿੰਘ ਉਬਰਾਏ ਅੱਜ ਅੰਮ੍ਰਿਤਸਰ ਨਾਲ ਸਬੰਧਿਤ ਪ੍ਰਦੀਪ ਸਿੰਘ ਦੇ ਮਾਪਿਆਂ ਨਾਲ ਦੁੱਖ ਸਾਂਝਾ ਕਰਨ ਲਈ ਉਚੇਚੇ ਤੌਰ ‘ਤੇ ਉਸ ਦੇ ਘਰ ਪਹੁੰਚੇ, ਜਿਸ ਦੀ ਦੁਬਈ `ਚ ਹੋਏ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਦਰਦਨਾਕ ਮੌਤ ਹੋ ਗਈ ਸੀ।ਇਕਲੌਤੇ ਪੁੱਤ ਦੇ ਵਿਛੋੜੇ `ਚ ਵਿਲਕਦੇ ਮਾਪਿਆਂ ਦਾ ਦੁੱਖ ਵੇਖ ਡਾ. ਉਬਰਾਏ ਵੀ ਭਾਵੁਕ ਹੋ ਗਏ।
ਇਸ ਦੌਰਾਨ ਗੱਲਬਾਤ ਕਰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਭਰੇ ਮਨ ਨਾਲ ਦੱਸਿਆ ਮਾਪਿਆਂ ਦਾ ਇਕਲੌਤਾ ਪੁੱਤ ਪ੍ਰਦੀਪ ਵੀ ਬਿਹਤਰ ਭਵਿੱਖ ਲਈ ਕਰੀਬ 6 ਮਹੀਨੇ ਪਹਿਲਾਂ ਹੀ ਦੁਬਈ ਗਿਆ ਸੀ, ਬੀਤੀ 10 ਅਪ੍ਰੈਲ ਨੂੰ ਦੁਬਈ `ਚ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਲੱਗੀ ਭਿਆਨਕ ਅੱਗ `ਚ ਬਹੁਤ ਬੁਰੀ ਤਰ੍ਹਾਂ ਨਾਲ ਝੁਲਸ ਜਾਣ ਕਾਰਨ ਉਸਦੀ ਦਰਦਨਾਕ ਮੌਤ ਹੋ ਗਈ ਸੀ।ਡਾ. ਉਬਰਾਏ ਨੇ ਦੱਸਿਆ ਕਿ ਅੱਜ ਉਨ੍ਹਾਂ ਪ੍ਰਦੀਪ ਦੀ ਵੱਡੀ ਭੈਣ ਦੇ ਵਿਆਹ ਲਈ 2 ਲੱਖ ਰੁਪਏ ਦਾ ਚੈਕ ਉਸ ਦੇ ਪਰਿਵਾਰ ਨੂੰ ਦੇਣ ਤੋਂ ਇਲਾਵਾ ਉਸ ਦੇ ਮਾਪਿਆਂ ਦੀ ਹਾਲਤ ਨੂੰ ਵੇਖਦਿਆਂ ਘਰ ਦੇ ਗੁਜ਼ਾਰੇ ਲਈ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵੀ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਉਨ੍ਹਾਂ ਨਾਲ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜ਼ਿਲ੍ਹਾ ਜਨਰਲ ਸਕੱਤਰ ਮਨਪ੍ਰੀਤ ਸੰਧੂ, ਨਵਜੀਤ ਸਿੰਘ ਘਈ ਤੇ ਸੁਖਚੈਨ ਸਿੰਘ ਹੇਰ ਤੋਂ ਇਲਾਵਾ ਹਰਜੀਤ ਸਿੰਘ ਅਤੇ ਰਣਜੀਤ ਸਿੰਘ ਆਦਿ ਵੀ ਮੌਜ਼ੂਦ ਸਨ।

Check Also

ਅਗਨੀਵੀਰ ਪ੍ਰੀਖਿਆ 1 ਜੂਨ ਤੋਂ, ਐਡਮਿਟ ਕਾਰਡ 15 ਮਈ ਤੋਂ ਉਪਲੱਬਧ

ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ) – ਭਾਰਤੀ ਸੇਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਅਤੇ …