Monday, June 22, 2026

ਯੂਨੀਵਰਸਿਟੀ ਦਾ ਨਿਵੇਕਲਾ ਉਪਰਾਲਾ, ਹਨੇਰੀ ਨਾਲ ਪੁੱਟੇ ਗਏ ਪੁਰਾਣੇ ਤੇ ਵੱਡੇ ਰੁੱਖ ਮੁੜ ਲਗਾਏ

ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਾਤਾਵਰਣ ਸੰਭਾਲ ਦੇ ਖੇਤਰ ਵਿੱਚ ਇੱਕ ਪ੍ਰੇਰਨਾਦਾਇਕ ਕਦਮ ਚੁੱਕਦਿਆਂ ਹਨੇਰੀ ਨਾਲ ਪੁੱਟੇ ਗਏ ਰੁੱਖ ਨੂੰ ਮੁੜ ਸਥਾਪਿਤ ਕੀਤਾ ਹੈ।ਹਾਲ ਹੀ ਵਿੱਚ ਤੇਜ਼ ਹਨੇਰੀ ਕਾਰਨ ਯੂਨੀਵਰਸਿਟੀ ਦੇ ਲੈਕਚਰ ਥੀਏਟਰ ਕੰਪਲੈਕਸ ਨੇੜੇ ਲਗਭਗ 20 ਸਾਲ ਪੁਰਾਣਾ ਇੱਕ ਬੋਹੜੀ ਦਾ ਰੁੱਖ ਜੜ੍ਹੋਂ ਪੁੱਟਿਆ ਗਿਆ ਸੀ।ਯੂਨੀਵਰਸਿਟੀ ਦੇ ਲੈਂਡਸਕੇਪ ਵਿਭਾਗ ਅਤੇ ਮਿਹਨਤੀ ਮਾਲੀਆਂ ਦੀ ਟੀਮ ਨੇ ਪਿਛਲੇ ਇੱਕ ਹਫਤੇ ਦੀ ਸਖਤ ਮਿਹਨਤ ਤੋਂ ਬਾਅਦ ਇਸ ਰੁੱਖ ਨੂੰ ਮੁੜ ਜੜ੍ਹਾਂ ਸਮੇਤ ਡੂੰਘੇ ਟੋਏ ਵਿੱਚ ਲਗਾ ਕੇ ਜੀਵਨ ਦਾਨ ਦਿੱਤਾ ਹੈ।ਪਿਛਲੇ ਸਾਲ ਤੋਂ ਹੁਣ ਤੱਕ ਲੈਂਡਸਕੇਪ ਦੇ ਮਿਹਨਤੀਆਂ ਕਰਮਚਾਰੀਆਂ ਨੇ ਲਗਭਗ 10-12 ਪੁਰਾਣੇ ਰੁੱਖ ਜੋ ਹਨੇਰੀ ਕਾਰਨ ਜੜ੍ਹੋਂ ਪੁੱਟੇ ਗਏ ਸਨ, ਨੂੰ ਦੁਬਾਰਾ ਲਗਾ ਦਿੱੱਤਾ ਹੈ।
ਲੈਂਡਸਕੇਪ ਅਫਸਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ, ਜੋ ਖੁਦ ਕੁਦਰਤ ਨਾਲ ਪ੍ਰੇਮ ਕਰਨ ਵਾਲੇ ਇਨਸਾਨ ਹਨ, ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਕਾਰਜ ਸਫਲਤਾਪੂਰਵਕ ਸੰਪਨ ਹੋਇਆ।ਉਨ੍ਹਾਂ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਕਿਸੇ ਵੀ ਰੁੱਖ, ਬੂਟੇ ਜਾਂ ਵੇਲ ਨੂੰ ਕੱਟਣ ਦੀ ਸਖਤ ਮਨਾਹੀ ਹੈ।ਪੱਤਿਆਂ ਅਤੇ ਟਾਹਣੀਆਂ ਨੂੰ ਸਾੜਨ ਦੀ ਬਜ਼ਾਏ ਖਾਦ ਤਿਆਰ ਕੀਤੀ ਜਾਂਦੀ ਹੈ, ਜਿਸ ਨੂੰ ਔਸ਼ਧੀ ਅਤੇ ਹੋਰ ਮਕਸਦਾਂ ਲਈ ਵਰਤਿਆ ਜਾਂਦਾ ਹੈ।ਇਸ ਕੰਮ ਲਈ ਯੂਨੀਵਰਸਿਟੀ ਦਾ ਵੱਖਰਾ ਵਿਭਾਗ ਦਿਨ-ਰਾਤ ਕੰਮ ਕਰਦਾ ਹੈ।ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਆਮ ਲੋਕਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ, “ਜੇ ਤੇਜ਼ ਹਨੇਰੀਆਂ ਜਾਂ ਕਿਸੇ ਕਾਰਨ ਕੋਈ ਰੁਖ ਜੜ੍ਹਾਂ ਤੋਂ ਪੁਟਿਆ ਜਾਂਦਾ ਹੈ ਤਾਂ ਉਸ ਨੂੰ ਮੁੜ ਲਗਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਲੋੜ ਹੋਵੇ, ਤਾਂ ਯੂਨੀਵਰਸਿਟੀ ਦੇ ਮਾਹਿਰਾਂ ਤੋਂ ਸਲਾਹ ਲਈ ਜਾ ਸਕਦੀ ਹੈ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …