ਅੰਮ੍ਰਿਤਸਰ, 31 ਮਈ (ਜਗਦੀਪ ਸਿੰਘ) – ਨਰਸਿੰਗ ਸਿੱਖਿਆ ਦੇ ਖੇਤਰ ਵਿੱਚ ਨਾਮਵਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਦੇ ਮੈਂਬਰ ਇੰਚਾਰਜ਼ ਵਜੋਂ ਡਾ. ਆਤਮਜੀਤ ਸਿੰਘ ਬਸਰਾ ਦੀ ਨਿਯੁੱਕਤੀ ਕੀਤੀ ਗਈ ਹੈ।ਸਿਹਤ ਸੇਵਾਵਾਂ ਵਿੱਚ 38 ਸਾਲ ਦਾ ਤਜਰਬਾ ਰੱਖਣ ਵਾਲੇ ਡਾ. ਆਤਮਜੀਤ ਸਿੰਘ ਬਸਰਾ ਵੱਲੋਂ ਸਿਹਤ ਦੇ ਨਾਲ-ਨਾਲ ਲੋਕ ਭਲਾਈ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਉਹਨਾਂ ਵੱਲੋਂ ਸੈਂਟਰਲ ਖ਼ਾਲਸਾ ਯਤੀਮਖਾਨਾ ਵਿਖੇ ਮੈਂਬਰ ਇੰਚਾਰਜ਼ ਵਜੋਂ ਕੰਮ ਕਰਦਿਆਂ ਪਿੱਛਲੇ ਲੰਬੇ ਸਮੇਂ ਤੋਂ ਅਨਾਥ ਬੱਚਿਆਂ ਦੇ ਰਹਿਣ-ਸਹਿਣ ਦੇ ਨਾਲ ਨਾਲ ਸਿਹਤ ਚੈਕਅੱਪ ਅਤੇ ਇਲਾਜ਼ ਸੰਬੰਧੀ ਨਿਸ਼ਕਾਮ ਭਾਵ ਨਾਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਰਮਣੀਕ ਸਿੰਘ ਫਰੀਡਮ, ਐਡੀ. ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਐਡੀ. ਆਨਰੇਰੀ ਸਕੱਤਰ/ਮੁੱਖ ਦਫ਼ਤਰ ਮੈਂਬਰ ਇੰਚਾਰਜ਼ ਹਰਵਿੰਦਰ ਪਾਲ ਸਿੰਘ ਚੁੱਘ ਅਤੇ ਹੋਰਨਾਂ ਵੱਲੋਂ ਡਾ. ਆਤਮਜੀਤ ਸਿੰਘ ਬਸਰਾ ਨੂੰ ਨਵੀਆਂ ਜਿੰਮੇਵਾਰੀਆਂ ਸੌਂਪਦਿਆਂ ਦੀਵਾਨ ਪ੍ਰਬੰਧਕਾਂ ਵੱਲੋਂ ਉਮੀਦ ਕੀਤੀ ਗਈ ਕਿ ਅਗਾਂਹਵਧੂ ਅਤੇ ਉਸਾਰੂ ਸੋਚ ਦੇ ਮਾਲਕ ਡਾ. ਬਸਰਾ ਨਵੀਆਂ ਵਿਕਾਸ ਨੀਤੀਆਂ ਅਤੇ ਯੋਜਨਾਵਾਂ ਲਾਗੂ ਕਰਦਿਆਂ ਕਾਲਜ ਦੀ ਨਿਰੰਤਰ ਤਰੱਕੀ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਨਵੇਂ ਰਾਹ ਖੋਲ੍ਹਣਗੇ ਅਤੇ ਉਹਨਾਂ ਦੀ ਇੱਕ ਡਾਕਟਰ ਦੇ ਪੇਸ਼ੇ ਵੱਜੋਂ ਮੁਹਾਰਤ ਵਿਦਿਆਰਥੀਆਂ ਨੂੰ ਨਰਸਿੰਗ ਖੇਤਰ ਦੇ ਨਵੇਂ ਰੁਝਾਨਾਂ ਤੋਂ ਜਾਣੂ ਕਰਵਾਉਂਦਿਆਂ ਉਹਨਾਂ ਵਿੱਚ ਕਲਿਨਿਕਲ ਸਕਿਲ ਅਤੇ ਸੇਵਾ ਭਾਵ ਪੈਦਾ ਕਰਨ ਹਿੱਤ ਲਾਹੇਵੰਦ ਸਿੱਧ ਹੋਵੇਗੀ।
ਨਵ-ਨਿਯੁੱਕਤ ਮੈਂਬਰ ਇੰਚਾਰਜ਼ ਡਾ. ਬਸਰਾ ਦਾ ਕਾਲਜ ਪ੍ਰਿੰਸੀਪਲ ਡਾ. ਯਸਪ੍ਰੀਤ ਕੌਰ ਅਤੇ ਸਟਾਫ ਵੱਲੋਂ ਨਿੱਘਾ ਸੁਆਗਤ ਕਰਦਿਆਂ ਕਿਹਾ ਗਿਆ ਕਿ ਡਾ. ਬਸਰਾ ਦੀ ਨਿਯੁੱਕਤੀ ਕਾਲਜ ਲਈ ਸਨਮਾਨ ਵਾਲੀ ਗੱਲ ਹੈ ਅਤੇ ਇੱਕ ਮਾਹਿਰ ਡਾਕਟਰ ਹੋਣ ਦੇ ਨਾਤੇ ਉਹਨਾਂ ਦੇ ਤਜ਼ਰਬੇ, ਵਿਦਵਤਾ ਅਤੇ ਪ੍ਰਬੰਧਕ ਕੁਸ਼ਲਤਾ ਤੋਂ ਨਰਸਿੰਗ ਕਾਲਜ ਵਿਦਿਆਰਥੀਆਂ ਅਤੇ ਸਟਾਫ ਨੂੰ ਭਰਪੂਰ ਲਾਭ ਮਿਲੇਗਾ।
ਇਸ ਮੌਕੇ ਹਾਜ਼ਰ ਦੀਵਾਨ ਮੈਂਬਰ ਸਾਹਿਬਾਨ ਏ.ਪੀ.ਐਸ ਮਾਨ, ਪ੍ਰੋ. ਭੁਪਿੰਦਰ ਸਿੰਘ ਸੇਠੀ ਅਤੇ ਸਰਦਾਰਨੀ ਹਰਸੋਹਿਨ ਕੌਰ ਸਰਕਾਰੀਆ ਵੱਲੋਂ ਇਸ ਨਿਯੁੱਕਤੀ ਨੂੰ ਕਾਲਜ ਵਿੱਚ ਨਵੀਂ ਊਰਜਾ ਅਤੇ ਨਵਾਂ ਦ੍ਰਿਸ਼ਟੀਕੋਣ ਲਿਆਉਣ ਲਈ ਮਹੱਤਵਪੂਰਨ ਪਹਿਲ ਵਜੋਂ ਵੇਖਿਆ ਗਿਆ ਅਤੇ ਡਾ. ਬਸਰਾ ਨੂੰ ਨਵੀਂ ਜਿੰਮੇਵਾਰੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।