Monday, February 2, 2026

ਖਾਲਸਾ ਕਾਲਜ ਬੀ.ਐਸ.ਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ, ਨਤੀਜਾ 14 ਨੂੰ – ਪ੍ਰਿੰ: ਰੰਧਾਵਾ

ਅੰਮ੍ਰਿਤਸਰ, 12 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ (ਆਨਰਜ਼) ਐਗਰੀਕਲਚਰ ਸਮੈਸਟਰ ਪਹਿਲਾ ਲਈ ਦਾਖਲਾ ਟੈਸਟ ਸਬੰਧਿਤ ਵਿਭਾਗ ’ਚ ਮੁਕੰਮਲ ਹੋ ਗਿਆ।ਟੈਸਟ ਦਾ ਨਤੀਜਾ 14 ਜੁਲਾਈ ਦਿਨ ਸੋਮਵਾਰ ਨੂੰ ਜਾਰੀ ਕੀਤਾ ਜਾਵੇਗਾ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਸਰਪ੍ਰਸਤੀ ਅਧੀਨ ਇਤਿਹਾਸਕ ਸਿਰਮੌਰ ਵਿੱਦਿਅਕ ਸੰਸਥਾ ਵਿਖੇ ਬੀ.ਐਸ.ਸੀ (ਐਗਰੀਕਲਚਰ) ਕੋਰਸ ਦੀਆਂ 240 ਸੀਟਾਂ ’ਤੇ ਦਾਖਲਾ ਟੈਸਟ ਸਬੰਧੀ ਕਰੀਬ 800 ਵਿਦਿਆਰਥੀਆਂ ਨੇ ਰੁਚੀ ਲੈਂਦਿਆਂ ਅਪਲਾਈ ਕੀਤਾ।
ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈੈਸ਼ਨ-2026 ਲਈ ਦਾਖਲਿਆਂ ਵਾਸਤੇ ਵਿਦਿਆਰਥੀਆਂ ’ਚ ਭਾਰੀ ਉਤਸ਼ਾਹ ਹੈ।ਉਨ੍ਹਾਂ ਕਿਹਾ ਕਿ ਕਾਲਜ ਦੀ ਐਗਰੀਕਲਚਰ ਦੀ ਡਿਗਰੀ ਪੰਜਾਬ ਦੀ ਸਭ ਤੋਂ ਪੁਰਾਣੀ ਤੇ ਵਿਰਾਸਤੀ ਹੈ।ਕਾਲਜ ਦਾ ਉਕਤ ਵਿਭਾਗ ਸੰਨ 1931 ਤੋਂ ਬੀ.ਐਸ.ਸੀ (ਆਨਰਜ਼) ਦੀ ਡਿਗਰੀ ਅਤੇ ਸੰਨ 1961 ਤੋਂ ਕੁੱਝ ਮਾਸਟਰ ਡਿਗਰੀਆਂ ਕਰਵਾ ਰਿਹਾ ਹੈ।ਉਨ੍ਹਾਂ ਕਿਹਾ ਕਿ ਕਾਲਜ ਨੇ ਐਗਰੀਕਲਚਰ ਵਿਸ਼ੇ ’ਚ ਬੀ.ਐਸ.ਸੀ ਦੀ ਡਿਗਰੀ ਲਈ 1931 ’ਚ ਪੰਜਾਬ ਯੂਨੀਵਰਸਿਟੀ ਲਾਹੌਰ/ਚੰਡੀਗੜ੍ਹ ਤੋਂ ਮਾਨਤਾ ਪ੍ਰਾਪਤ ਕੀਤੀ ਅਤੇ ਉਸ ਤੋਂ ਬਾਅਦ 1971 ’ਚ ਗੁਰੂ ਨਾਨਕ ਯੂਨੀਵਰਸਿਟੀ ਨਾਲ ਜੁੜ ਗਈ।ਉਨ੍ਹਾਂ ਕਿਹਾ ਕਿ ਸਾਂਝੇ ਪੰਜਾਬ ’47 ਦੀ ਵੰਡ ਤੋਂ ਪਹਿਲਾ ਦਾ ਆਪਣੇ ਸਮਿਆਂ ਦਾ ਇਕੋ-ਇਕ ਨਾਮਵਰ ਕਾਲਜ ਹੈ।
ਇਸ ਮੌਕੇ ਵਿਭਾਗ ਮੁਖੀ ਪ੍ਰੋ: ਸਤਨਾਮ ਸਿੰਘ ਅਤੇ ਕੋਆਰਡੀਨੇਟ ਡਾ. ਤਮਿੰਦਰ ਸਿੰਘ ਭਾਟੀਆ ਨੇ ਸਾਂਝੇ ਤੌਰ ’ਤੇ ਕਿਹਾ ਕਿ ਉਕਤ ਸਮੈਸਟਰ ਲਈ ਦਾਖਲਾ ਟੈਸਟ ਦੇਣ ਵਾਲੇ ਵਿਦਿਆਰਥੀਆਂ ਦਾ ਨਤੀਜਾ 14 ਜੁਲਾਈ ਦਿਨ ਸੋਮਵਾਰ ਨੂੰ ਕਾਲਜ ਦੀ ਵੈਬਸਾਈਟ ’ਤੇ ਅਪਲੋਡ ਕਰ ਦਿੱਤਾ ਜਾਵੇਗਾ।ਇਸ ਦੇ ਨਾਲ ਹੀ ਸਬੰਧਿਤ ਦਾਖਲੇ ਬਾਰੇ ਵਿਦਿਆਰਥੀਆਂ ਦੀ ਕਾਊਂਸਲਿੰਗ ਦਾ ਵੇਰਵਾ ਮੰਗਲਵਾਰ 15 ਜੁਲਾਈ ਨੂੰ ਵੈਬਸਾਈਟ ’ਤੇ ਅਪਲੋਡ ਕੀਤਾ ਜਾਵੇਗਾ।

Check Also

ਆਰ.ਆਰ.ਆਰ ਕੰਪਨੀ ਨਾਲ ਠੋਸ ਕਚਰਾ ਇਕੱਠਾ ਕਰਨ ਸਬੰਧੀ ਸਮੀਖਿਆ ਮੀਟਿੰਗ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਕਮਿਸ਼ਨਰ, ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਨੁਸਾਰ …